* ਮੇਹਟੀਆਣਾ ਇਲਾਕੇ ਵਿਚ ਚੋਰੀ ਦੀਆਂ ਵਾਰਦਾਤਾਂ ਨੂੰ ਰੋਕਣ ਵਿਚ ਪੁਲੀਸ ਅਸਫ਼ਲ *
* ਹੁਣ ਫਿਰ ਚੋਰਾਂ ਨੇ ਚਿੱਟੇ ਦਿਨ 5 ਲੱਖ ਰੁਪਏ ਦੇ ਗਹਿਣੇ ਚੁਰਾਏ *
ਹੁਸ਼ਿਆਰਪੁਰ, 16 ਨਵੰਬਰ (ਤਰਸੇਮ ਦੀਵਾਨਾ)– ਥਾਣਾ ਮੇਹਟੀਆਣਾ ਦੇ ਇਲਾਕੇ ਵਿੱਚ ਚੋਰੀ-ਡਕੈਤੀ ਤੇ ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਰੋਕਣ ਵਿੱਚ ਮੇਹਟੀਆਣਾ ਪੁਲੀਸ ਅਸਫ਼ਲ ਸਾਬਿਤ ਹੋ ਰਹੀ ਹੈ। ਚੋਰਾਂ ਦੇ ਹੌਸਲੇ ਇੰਨੇ ਬੁਲੰਦ ਹੋ ਚੁੱਕੇ ਹਨ ਕੀ ਉਹ ਦਿਨ ਦਿਹਾੜੇ ਹੀ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ। ਬੀਤੇ ਦਿਨ ਵੀ ਚੋਰਾਂ ਵੱਲੋਂ ਦਿਨ ਦਿਹਾੜੇ ਪਿੰਡ ਭੁੰਗਰਨੀ ਵਿਖੇ ਸਥਿਤ ਇਕ ਘਰ ਨੂੰ ਨਿਸ਼ਾਨਾ ਬਣਾਉਂਦਿਆਂ ਘਰ ਦੇ ਤਾਲੇ ਤੋੜ ਕੇ ਅਲਮਾਰੀ ਵਿਚ ਪਏ ਲੱਖਾਂ ਦੇ ਸੋਨੇ ਦੇ ਗਹਿਣੇ ਚੋਰੀ ਕਰਨ ਦੀ ਖਬਰ ਸਾਹਮਣੇ ਆਈ ਹੈ।
ਜਾਣਕਾਰੀ ਦਿੰਦਿਆਂ ਚੋਰੀ ਦੀ ਘਟਨਾ ਦਾ ਸ਼ਿਕਾਰ ਹੋਏ ਸੁਖਦੇਵ ਸਿੰਘ ਪੁੱਤਰ ਭਜਨ ਸਿੰਘ ਨੇ ਦੱਸਿਆ ਕਿ ਉਹ ਦੁਪਹਿਰ ਵੇਲੇ ਸਾਰੇ ਘਰ ਨੂੰ ਤਾਲੇ ਲਗਾ ਕੇ ਪਿੰਡ ਵਿੱਚ ਹੀ ਕਿਸੇ ਦੇ ਘਰ ਗਏ ਹੋਏ ਸੀ। ਜਦੋਂ ਦੁਪਹਿਰ 2 ਵਜੇ ਦੇ ਕਰੀਬ ਉਹ ਘਰ ਵਾਪਸ ਆਏ ਤਾਂ ਮੇਨ ਗੇਟ ਦਾ ਤਾਲਾ ਖੋਲ੍ਹ ਕੇ ਜਦੋਂ ਅੰਦਰ ਦਾਖ਼ਲ ਹੋਏ ਤਾਂ ਦੇਖਿਆ ਕਿ ਸਾਰੇ ਕਮਰਿਆਂ ਦੇ ਤਾਲੇ ਟੁੱਟੇ ਹੋਏ ਸਨ। ਜਦੋਂ ਕਮਰੇ ਅੰਦਰ ਜਾ ਕੇ ਦੇਖਿਆ ਤਾਂ ਕਮਰੇ ਅੰਦਰ ਪਈ ਅਲਮਾਰੀ ਦੇ ਤਾਲੇ ਵੀ ਟੁੱਟੇ ਹੋਏ ਸਨ ਅਤੇ ਸਾਮਾਨ ਇੱਧਰ ਉੱਧਰ ਖਿੱਲਰਿਆ ਹੋਇਆ ਸੀ। ਚੈੱਕ ਕਰਨ ਤੇ ਪਤਾ ਲੱਗਾ ਕਿ ਅਲਮਾਰੀ ਵਿਚ ਰੱਖੇ 5 ਤੋਲੇ ਸੋਨੇ ਦੇ ਗਹਿਣੇ ਚੋਰਾਂ ਨੇ ਚੋਰੀ ਕਰ ਲਏ ਸਨ।
ਪਾਲਤੂ ਕੁੱਤੇ ਨੂੰ ਬੇਹੋਸ਼ ਕਰ ਕੇ ਘਟਨਾ ਨੂੰ ਦਿੱਤਾ ਅੰਜਾਮ:-
ਪੀਡ਼ਤ ਪਰਿਵਾਰ ਨੇ ਦੱਸਿਆ ਕਿ ਉਨ੍ਹਾਂ ਨੇ ਘਰ ਦੀ ਸੁਰੱਖਿਆ ਵਾਸਤੇ ਇਕ ਕੁੱਤਾ ਪਾਲ ਰੱਖਿਆ ਹੈ ਉਨ੍ਹਾਂ ਮੁਤਾਬਕ ਚੋਰਾਂ ਨੇ ਉਸ ਕੁੱਤੇ ਨੂੰ ਕੋਈ ਨਸ਼ੀਲਾ ਪਦਾਰਥ ਪਿਲਾ ਕੇ ਬੇਹੋਸ਼ ਕਰਨ ਉਪਰੰਤ ਚੋਰੀ ਦੀ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਹੈ।
ਸਹਿਮੇ ਹੋਏ ਪੀਡ਼ਤ ਪਰਿਵਾਰ ਨੇ ਇਸ ਘਟਨਾ ਦੀ ਸੂਚਨਾ ਮੇਹਟੀਆਣਾ ਪੁਲੀਸ ਨੂੰ ਦੇ ਦਿੱਤੀ ਹੈ। ਜਾਣਕਾਰੀ ਮੁਤਾਬਕ ਪਿਛਲੇ ਲੰਮੇ ਸਮੇਂ ਤੋਂ ਚੋਰੀ ਤੇ ਲੁੱਟ ਖੋਹ ਦੀਆਂ ਵਾਰਦਾਤਾਂ ਵਿੱਚ ਅਣਗਿਣਤ ਵਾਧਾ ਹੋ ਰਿਹਾ ਹੈ। ਪ੍ਰੰਤੂ ਪੁਲਸ ਵੱਲੋਂ ਕੋਈ ਸਖ਼ਤ ਕਾਰਵਾਈ ਅਮਲ ਵਿੱਚ ਨਹੀਂ ਲਿਆਂਦੀ ਜਾ ਰਹੀ। ਜਿਸ ਕਰਕੇ ਚੋਰਾਂ ਦੇ ਹੌਸਲੇ ਇੰਨੇ ਬੁਲੰਦ ਹੋ ਚੁੱਕੇ ਹਨ ਕਿ ਉਹ ਪੁਲਸ ਤੋਂ ਬੇਖੌਫ ਹੋ ਕੇ ਦਿਨ ਦਿਹਾੜੇ ਹੀ ਚੋਰੀ ਤੇ ਲੁੱਟ ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ। ਜਾਣਕਾਰੀ ਮੁਤਾਬਕ ਪਹਿਲਾਂ ਵੀ ਚੋਰੀ ਤੇ ਲੁੱਟ ਖੋਹ ਦੀਆਂ ਵਾਰਦਾਤਾਂ ਹੋ ਚੁੱਕੀਆਂ ਹਨ। ਜਿਸ ਦਾ ਅਜੇ ਤੱਕ ਪੁਲਸ ਦੇ ਹੱਥ ਕੋਈ ਸੁਰਾਗ ਨਹੀਂ ਲੱਗਾ।