–ਵਿਜੈ ਦਿਵਸ ਦੀ 50ਵੀਂ ਵਰ੍ਹੇਗੰਢ ’ਤੇ ਵਿਧਾਇਕ ਅਰੋੜਾ ਨੇ ਪਰਿਵਾਰ ਸਹਿਤ ਜੰਗੀ ਸਮਾਰਕ ’ਤੇ ਸ਼ਹੀਦਾਂ ਨੂੰ ਅਰਪਿਤ ਕੀਤੇ ਸ਼ਰਧਾ ਦੇ ਫੁੱਲ
ਹੁਸ਼ਿਆਰਪੁਰ, 16 ਦਸੰਬਰ(ਬਿਊਰੋ) : ਵਿਧਾਇਕ ਸੁੰਦਰ ਸ਼ਾਮ ਅਰੋੜਾ ਨੇ ਅੱਜ ਵਿਜੈ ਦਿਵਸ ਦੀ 50ਵੀਂ ਵਰੇ੍ਹਗੰਢ ’ਤੇ ਆਪਣੇ ਪਰਿਵਾਰ ਸਮੇਤ 1971 ਦੇ ਭਾਰਤ-ਪਾਕਿ ਜੰਗ ਅਤੇ ਬੰਗਲਾ ਦੇਸ਼ ਦੀ ਆਜ਼ਾਦੀ ਦੀ ਲੜਾਈ ਵਿਚ ਆਪਣੀਆਂ ਜਾਨਾਂ ਕੁਰਬਾਨ ਕਰਨ ਵਾਲੇ 3900 ਸੈਨਿਕਾਂ ਨੂੰ ਜੰਗੀ ਸਮਾਰਕ ਹੁਸ਼ਿਆਰਪੁਰ ਵਿਖੇ ਸ਼ਰਧਾ ਦੇ ਫੁੱਲ ਭੇਟ ਕੀਤੇ।
1971 ਦੀ ਜੰਗ ਵਿਚ ਪਾਕਿਸਤਾਨ ’ਤੇ ਭਾਰਤ ਦੀ ਜਿੱਤ ਦੀ 50ਵੀਂ ਵਰ੍ਹੇਗੰਢ ਮੌਕੇ ਵਿਧਾਇਕ ਨੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੰਦੇ ਹੋਏ ਕਿਹਾ ਕਿ ਸਾਡੇ ਜ਼ਿਲ੍ਹੇ ਦੇ 103 ਜਵਾਨ ਇਸ ਯੁੱਧ ਵਿਚ ਸ਼ਹੀਦ ਹੋਏ ਸਨ। ਉਨ੍ਹਾਂ ਕਿਹਾ ਕਿ ਵਿਜੈ ਦਿਵਸ ਸਾਨੂੰ ਦੇਸ਼ ਪ੍ਰਤੀ ਸੱਚੀ ਸ਼ਰਧਾ ਤੇ ਨਿਸ਼ਠਾ ਬਣਾਏ ਰੱਖਣ ਲਈ ਪ੍ਰੇਰਿਤ ਕਰਦਾ ਹੈ। ਦੇਸ਼ ਦੀ ਅਖੰਡਤਾ ਬਣਾਏ ਰੱਖਣ ਲਈ ਸਾਡੇ ਵੀਰ ਜਵਾਨਾਂ ਦੀ ਸ਼ਹਾਦਤ ਦੇ ਚੱਲਦਿਆਂ ਹੀ ਅੱਜ ਅਸੀਂ ਖੁੱਲ੍ਹੀ ਹਵਾ ਵਿਚ ਸਾਹ ਲੈ ਰਹੇ ਹਾਂ। ਉਨ੍ਹਾਂ ਕਿਹਾ ਕਿ ਸਮਾਜ ਆਪਣੇ ਬਹਾਦਰ ਸੈਨਿਕਾਂ ਦਾ ਹਮੇਸ਼ਾਂ ਰਿਣੀ ਰਹੇਗਾ, ਜਿਨ੍ਹਾਂ ਨੇ ਮੁਸ਼ਕਲ ਹਾਲਾਤਾਂ ਦੇ ਬਾਵਜੂਦ ਦੇਸ਼ ਦੇ ਮਾਣ ਦੀ ਹਮੇਸ਼ਾਂ ਰੱਖਿਆ ਕੀਤੀ ਹੈ।
ਸ੍ਰੀ ਸੁੰਦਰ ਸ਼ਾਮ ਅਰੋੜਾ ਨੇ ਕਿਹਾ ਕਿ ਪੰਜਾਬ ਸਰਕਾਰ ਆਪਣੇ ਬਹਾਦਰ ਸੈਨਿਕਾਂ ਦੇ ਸਨਮਾਨ ਪ੍ਰਤੀ ਵਚਨਬੱਧ ਹੈ। ਉਨ੍ਹਾਂ ਕਿਹਾ ਕਿ 1971 ਦਾ ਯੁੱਧ ਪੂਰੀ ਤਰ੍ਹਾਂ ਸੈਨਾ ਅਤੇ ਰਾਜਨੀਤਿਕ ਰਣਨੀਤੀ ਦੀ ਇਕ ਮਿਸਾਲ ਸੀ। ਉਨ੍ਹਾਂ ਬੰਗਲਾ ਦੇਸ਼ ਨੂੰ ਸੰਯੁਕਤ ਰਾਸ਼ਟਰ ਦੁਆਰਾ ਘੱਟ ਵਿਕਸਿਤ ਦੇਸ਼ ਤੋਂ ਵਿਕਸਿਤ ਰਾਸ਼ਟਰ ਦੇ ਤੌਰ ’ਤੇ ਸ਼ੇ੍ਰਣੀਬੱਧ ਕੀਤੇ ਜਾਣ ਦੀ ਵਧਾਈ ਵੀ ਦਿੱਤੀ। ਉਨ੍ਹਾਂ ਨੇ ਨੌਜਵਾਨਾਂ ਨੂੰ ਦੇਸ਼ ਸੇਵਾ ਲਈ ਅੱਗੇ ਆਉਣ ਦਾ ਸੱਦਾ ਦਿੰਦੇ ਹੋਏ ਕਿਹਾ ਕਿ ਉਹ ਚਾਹੇ ਜਿਸ ਵੀ ਖੇਤਰ ਵਿਚ ਕੰਮ ਕਰਨ ਪਹਿਲਾਂ ਰਾਸ਼ਟਰ ਹਿੱਤ ਨੂੰ ਪਹਿਲ ਦੇਣ।
ਇਸ ਮੌਕੇ ਸੈਨਿਕ ਭਲਾਈ ਅਫ਼ਸਰ ਕਰਨਲ (ਰਿਟਾ:) ਜਰਨੈਲ ਸਿੰਘ, ਡਿੰਪਲ ਅਰੋੜਾ ਬੱਤਰਾ, ਦੀਪਕ ਪੁਰੀ, ਡਾ. ਸ਼ਿਵਾਨੀ ਅਰੋੜਾ ਪੁਰੀ, ਪ੍ਰਤੀਕ ਅਰੋੜਾ ਵੀ ਮੌਜੂਦ ਸਨ।