ਹੁਸ਼ਿਆਰਪੁਰ,23 ਦਸੰਬਰ(ਬਿਊਰੋ) : ਵਧੀਕ ਜ਼ਿਲ੍ਹਾ ਮੈਜਿਸਟਰੇਟ ਸੰਦੀਪ ਸਿੰਘ ਨੇ 24 ਦਸੰਬਰ ਨੂੰ ਜ਼ਿਲ੍ਹੇ ਵਿਚ ਹੋਣ ਵਾਲੀ ਪੀ.ਐਸ.ਟੀ.ਈ.ਟੀ. ਪ੍ਰੀਖਿਆ ਦੇ ਮੱਦੇਨਜ਼ਰ ਪ੍ਰੀਖਿਆ ਕੇਂਦਰਾਂ ਦੇ 100 ਮੀਟਰ ਘੇਰੇ ਵਿਚ ਸੀ.ਆਰ.ਪੀ.ਸੀ. ਦੀ ਧਾਰਾ 144 ਲਗਾਉਣ ਦੇ ਹੁਕਮ ਜਾਰੀ ਕੀਤੇ ਹਨ। ਉਨ੍ਹਾਂ ਦੱਸਿਆ ਕਿ ਉਕਤ ਪ੍ਰੀਖਿਆ ਲਈ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਰੇਲਵੇ ਮੰਡੀ ਨੂੰ ਨੋਡਲ ਸੈਂਟਰ ਬਣਾਇਆ ਗਿਆ ਹੈ ਜਿਥੇ ਪ੍ਰੀਖਿਆ ਲਈ ਪੇਪਰਾਂ ਦੀ ਵੰਡ ਤੇ ਕੁਲੈਕਸ਼ਨ ਕੀਤੀ ਜਾਣੀ ਹੈ। ਇਸ ਤੋਂ ਇਲਾਵਾ ਜ਼ਿਲ੍ਹੇ ਵਿਚ 8 ਪ੍ਰੀਖਿਆ ਕੇਂਦਰ ਬਣਾਏ ਗਏ ਹਨ ਜਿਸ ਵਿਚ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਰੇਲਵੇ ਮੰਡੀ ਹੁਸ਼ਿਆਰਪੁਰ (ਨੋਡਲ ਸੈਂਟਰ), ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਹੁਸ਼ਿਆਰਪੁਰ, ਡੀ.ਏ.ਵੀ. ਸੀਨੀਅਰ ਸੈਕੰਡਰੀ ਸਕੂਲ ਹੁਸ਼ਿਆਰਪੁਰ, ਐਸ.ਡੀ.ਸੀਨੀਅਰ ਸੈਕੰਡਰੀ ਸਕੂਲ ਹੁਸ਼ਿਆਰਪੁਰ, ਸ੍ਰੀਮਤੀ ਪਾਰਵਤੀ ਦੇਵੀ ਆਰਿਆ ਮਹਿਲਾ ਸੀਨੀਅਰ ਸੈਕੰਡਰੀ ਸਕੂਲ ਹੁਸ਼ਿਆਰਪੁਰ, ਚੌਧਰੀ ਬਲਬੀਰ ਸਿੰਘ ਪਬਲਿਕ ਸਕੂਲ ਹੁਸ਼ਿਆਰਪੁਰ, ਮਾਊਂਟ ਕਾਰਮਲ ਸੀਨੀਅਰ ਸੈਕੰਡਰੀ ਸਕੂਲ ਕੱਕੋਂ ਹੁਸ਼ਿਆਰਪੁਰ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਾਗਪੁਰ ਸਤੋਰ ਹੁਸ਼ਿਆਰਪੁਰ ਸ਼ਾਮਲ ਹੈ।
ਵਧੀਕ ਜਿਲ੍ਹਾ ਮੈਜਿਸਟਰੇਟ ਨੇ ਦੱਸਿਆ ਕਿ ਅਕਸਰ ਦੇਖਣ ਵਿਚ ਆਇਆ ਹੈ ਕਿ ਪ੍ਰੀਖਿਅ ਦੌਰਾਨ ਵਿਦਿਆਰਥੀਆਂ ਦੇ ਰਿਸ਼ਤੇਦਾਰ ਅਤੇ ਹੋਰ ਵਿਅਕਤੀ ਪ੍ਰੀਖਿਆ ਕੇਂਦਰ ਦੇ ਆਲੇ-ਦੁਆਲੇ ਇਕੱਤਰ ਹੋ ਜਾਂਦੇ ਹਨ, ਜਿਸ ਕਾਰਨ ਕੋਈ ਅਣਸੁਖਾਵੀਂ ਘਟਨਾ ਵਾਪਰ ਸਕਦੀ ਹੈ ਅਤੇ ਪ੍ਰੀਖਿਆ ਦੀ ਪਵਿੱਤਰਤਾ ਭੰਗ ਹੁਦੀ ਹੈ। ਇਸ ਲਈ ਪ੍ਰੀਖਿਆ ਨੂੰ ਸ਼ਾਂਤਮਈ ਤੇ ਸੁਚਾਰੂ ਢੰਗ ਨਾਲ ਕਰਵਾਉਣ ਲਈ ਫੌਜਦਾਰੀ ਸੰਘਤਾ 1973 (1974 ਦਾ ਐਕਟ ਨੰਬਰ 2) ਦੀ ਧਾਰਾ 144 ਤਹਿਤ ਪ੍ਰੀਖਿਆ ਕੇਂਦਰਾਂ ਦੇ ਆਸ-ਪਾਸ 100 ਮੀਟਰ ਦੇ ਘੇਰੇ ਅੰਦਰ 5 ਜਾਂ ਇਸ ਤੋਂ ਵੱਧ ਵਿਅਕਤੀਆਂ ਦੇ ਇਕੱਤਰ ਹੋਣ ’ਤੇ ਪਾਬੰਦੀ ਲਗਾ ਦਿੱਤੀ ਹੈ। ਇਹ ਹੁਕਮ 24 ਦਸੰਬਰ ਤੱਕ ਲਾਗੂ ਰਹੇਗਾ।
