ਮੁੱਖ ਮੰਤਰੀ ਚੰਨੀ ਦੇ ਹਵਾ ਹਵਾਈ ਐਲਾਨਾਂ ਪਿੱਛੇ ਵੋਟਾਂ ਦੀ ਫਸਲ ਵੱਢਣ ਦੀ ਸਾਜ਼ਿਸ਼ : ਗੜ੍ਹੀ
ਕਾਂਗਰਸ ਸੂਬਾ ਪ੍ਰਧਾਨ ਤੇ ਮੁੱਖ ਮੰਤਰੀ ਵਿਚਕਾਰ ਮਿਲੇ ਸੁਰ ਮੇਰਾ ਤੁਮ੍ਹ੍ਹਾਰਾ ਗਾਇਬ
ਕੇਬਲ ਕਾਰੋਬਾਰ ਨਾਲ ਜੁੜੇ ਹਜ਼ਾਰਾਂ ਛੋਟੇ ਕਾਰੋਬਾਰੀਆਂ ਦਾ ਮੁੱਖ ਮੰਤਰੀ ਨੂੰ ਨਹੀਂ ਆਇਆ ਖਿਆਲ
ਜਲੰਧਰ/ਫਗਵਾੜਾ (ਬਿਊਰੋ) : ਬਹੁਜਨ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਸ. ਜਸਵੀਰ ਸਿੰਘ ਗੜ੍ਹੀ ਨੇ ਇਕ ਮੁੱਖ ਮੰਤਰੀ ਸ. ਚਰਨਜੀਤ ਸਿੰਘ ਚੰਨੀ ’ਤੇ ਨਿਸ਼ਾਨਾ ਵਿੰਨਦਿਆਂ ਉਨ੍ਹਾਂ ਨੂੰ ਹਵਾ-ਹਵਾਈ ਮੁੱਖ ਮੰਤਰੀ ਕਿਹਾ। ਗੜ੍ਹੀ ਨੇ ਕਿਹਾ ਕਿ ਪਿਛਲੇ ਪੌਣੇ ਪੰਜ ਸਾਲਾਂ ਵਿਚ ਕਾਂਗਰਸ ਪਾਰਟੀ ਦੇ ਰਾਜ ’ਚ ਪੰਜਾਬ ਦਾ ਜੋ ਮਾੜਾ ਹਾਲ ਹੋਇਆ ਹੈ ਓਨਾ ਆਜ਼ਾਦੀ ਤੋਂ ਬਾਅਦ ਕਦੇ ਨਹੀਂ ਹੋਇਆ। ਕਾਂਗਰਸ ਪਾਰਟੀ ਨੇ ਝੂਠੇ ਵਾਅਦੇ ਕਰਦੇ ਸੱਤਾ ਹਾਸਲ ਕੀਤੀ ਅਤੇ ਪੌਣੇ ਪੰਜ ਸਾਲਾਂ ਵਿਚ ਇਕ ਵੀ ਵਾਅਦਾ ਪੂਰਾ ਨਾ ਕਰਕੇ ਪੰਜਾਬ ਦੇ ਲੋਕਾਂ ਨਾਲ ਧੋਖਾ ਕੀਤਾ ਹੈ। ਸੱਤਾ ਦੇ ਆਖਰੀ ਸਮੇਂ ਵਿਚ ਆਪਸੀ ਖਾਨਾਜੰਗੀ ਤੋਂ ਬਾਅਦ ਕਾਂਗਰਸ ਨੇ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਲਗਾਇਆ। ਮੁੱਖ ਮੰਤਰੀ ਸਾਹਿਬ ਵੱਲੋਂ ਆਏ ਦਿਨ ਜੋ ਐਲਾਨਨਾਮੇ ਕੀਤੇ ਜਾ ਰਹੇ ਹਨ ਉਨ੍ਹਾਂ ਤੋਂ ਵੋਟਾਂ ਦੀ ਫਸਲ ਵੱਢਣ ਦੀ ਸਾਜ਼ਿਸ਼ ਸਾਫ ਝਲਕਦੀ ਹੈ। ਗੜ੍ਹੀ ਨੇ ਮੁੱਖ ਮੰਤਰੀ ਨੂੰ ਸਵਾਲ ਕੀਤਾ ਕਿ ਤੁਸੀਂ ਬੰਗਾ ਵਿਚ ਬਾਬਾ ਸਾਹਿਬ ਦੇ ਨਾਂ ’ਤੇ ਡਿਗਰੀ ਕਾਲਜ ਖੋਲ੍ਹਣ ਦਾ ਐਲਾਨ ਕੀਤਾ ਪਰ ਇਹ ਐਲਾਨ ਤੁਸੀਂ ਉਸ ਸਮੇਂ ਕਿਉਂ ਨਹੀਂ ਕੀਤਾ ਜਦੋਂ ਤੁਸੀਂ ਪੰਜ ਸਾਲ ਕੈਬਨਿਟ ਮੰਤਰੀ ਰਹੇ। ਕਦੇ ਤੁਸੀਂ ਸ੍ਰੀ ਗੁਰੂ ਰਵਿਦਾਸ ਜੀ ਦੇ ਨਾਂ ’ਤੇ ਚਹੁੰ ਮਾਰਗੀ ਸੜਕ ਬਣਾਉਣ ਦਾ ਐਲਾਨ ਕਰਦੇ ਹੋ, ਕਦੇ ਤੁਸੀਂ ਸ੍ਰੀ ਗੁਰੂ ਰਵਿਦਾਸ ਜੀ ਦੇ ਨਾਂ ’ਤੇ ਏਅਰਪੋਰਟ ਦਾ ਨਾਮ ਰੱਖਣ ਦੀ ਗੱਲ ਕਰਦੇ ਹੋ। ਗੜ੍ਹੀ ਨੇ ਅੱਗੇ ਕਿਹਾ ਕਿ ਮੁੱਖ ਮੰਤਰੀ ਸਾਹਿਬ ਆਪਣੇ ਆਪ ਨੂੰ ਬਹੁਜਨ ਸਮਾਜ ਦਾ ਮੁੱਖਮੰਤਰੀ ਕਹਿੰਦੇ ਹੋ ਅਤੇ ਕਹਿੰਦੇ ਹੋ ਕਿ ਕਾਂਗਰਸ ਸਰਕਾਰ ਬਹੁਜਨ ਸਮਾਜ ਦੀ ਸਰਕਾਰ ਹੈ ਪਰ ਗੱਲਾਂ ਕਹਿਣ ਅਤੇ ਅਸਲੀਅਤ ਵਿਚ ਬੜਾ ਫਰਕ ਹੁੰਦਾ ਹੈ।
ਗੜ੍ਹੀ ਨੇ ਕਿਹਾ ਕਿ ਪੂਰੇ ਦੇਸ਼ ਵਿਚ ਸਿਰਫ ਇਕੋ ਹੀ ਪਾਰਟੀ ਹੈ ਜਿਸਨੇ ਕਾਂਗਰਸ ਵਾਂਗ ਸਿਰਫ ਐਲਾਨ ਨਹੀਂ ਕੀਤੇ ਬਲਕਿ ਕੰਮ ਕਰਕੇ ਦਿਖਾਏ ਹਨ। ਯੂ. ਪੀ. ਵਿਚ ਜਦੋਂ ਭੈਣ ਮਾਇਆਵਤੀ ਮੁੱਖ ਮੰਤਰੀ ਸੀ ਤਾਂ ਉਨ੍ਹਾਂ ਨੇ ਬਾਬਾ ਸਾਹਿਬ ਦੇ ਨਾਮ ’ਤੇ ਯੂਨੀਵਰਸਿਟੀਆਂ ਬਣਵਾਈਆਂ, ਪਾਰਕਾਂ, ਚੌਕ, ਅਤੇ ਸ਼ਹਿਰਾਂ ਦੇ ਨਾਮ ਅੰਬੇਦਕਰ ਸਾਹਿਬ ਦੇ ਨਾਮ ਤੇ ਰੱਖੇ। ਬਾਬਾ ਸਾਹਿਬ ਦੀ ਪਤਨੀ ਰਮਾਬਾਈ ਅੰਬੇਦਕਰ ਦੇ ਨਾਮ ਤੇ ਮੈਦਾਨ, 22 ਹਜ਼ਾਰ ਪਿੰਡ ਅੰਬੇਡਕਰੀ ਬਣਾਏ ਅਤੇ ਸਰਕਾਰੀ ਡਿਵੈਲਪਮੈਂਟ ਬਾਬਾ ਸਾਹਿਬ ਦੇ ਨਾਂ ’ਤੇ ਕਰਵਾਈ। ਭੈਣ ਮਾਇਆਵਤੀ ਨੇ ਕੋਈ ਐਲਾਨ ਨਹੀਂ ਕੀਤਾ ਕੰਮ ਕਰਕੇ ਦਿਖਾਏ ਹਨ।
ਗੜ੍ਹੀ ਨੇ ਕਿਹਾ ਕਿ ਕਾਂਗਰਸ ਦੇ ਮੁੱਖ ਮੰਤਰੀ ਅਤੇ ਪ੍ਰਧਾਨ ਦੇ ਆਪਸ ਵਿਚ ਸੁਰ ਨਹੀਂ ਮਿਲਦੇ। ਮੁੱਖ ਮੰਤਰੀ ਚੰਨੀ ਐਲਾਨ ਕਰਦੇ ਹਨ ਕਿ ਕੇਬਲ ਦੇ 100 ਰੁਪਏ ਤੋਂ ਵੱਧ ਪੈਸੇ ਨਾ ਦਿੱਤੇ ਜਾਣ ਤੇ ਕਾਂਗਰਸ ਦੇ ਪ੍ਰਧਾਨ ਕਹਿੰਦੇ ਹਨ ਕਿ 130 ਰੁਪਏ ਤਾਂ ਟ੍ਰਾਈ ਨੂੰ ਜਾਂਦੇ ਹਨ 100 ਰੁਪਏ ਤਾਂ ਕਿਸੇ ਵੀ ਹਾਲਤ ਵਿਚ ਨਹੀਂ ਹੋ ਸਕਦੇ। ਕਾਂਗਰਸ ਦੇ ਪੰਜਾਬ ਪ੍ਰਧਾਨ ਕਹਿੰਦੇ ਹਨ ਕਿ ਮੁੱਖ ਮੰਤਰੀ ਉਨ੍ਹਾਂ ਨਾਲ ਸਲਾਹ ਕੀਤੇ ਬਿਨਾਂ ਹੀ ਐਲਾਨ ਕਰ ਰਹੇ ਹਨ। ਓਹਨਾ ਕਿਹਾ ਕਿ ਕਾਂਗਰਸ ਵਿੱਚੋ ਮਿਲੇ ਸੁਰ ਮੇਰਾ ਤੁਮ੍ਹ੍ਹਾਰਾ ਗਾਇਬ ਹੈ।
ਗੜ੍ਹੀ ਨੇ ਦੋਸ਼ ਲਗਾਇਆ ਕਿ ਮੁੱਖ ਮੰਤਰੀ ਆਮ ਆਦਮੀ ਦਾ ਨਕਾਬ ਪਹਿਨਕੇ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਪੰਜਾਬ ਦੇ ਹਜ਼ਾਰਾਂ ਪਰਿਵਾਰ ਜੋ ਕੇਬਲ ਕਾਰੋਬਾਰ ਦੇ ਸਹਾਰੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰ ਰਹੇ ਹਨ ਉਨ੍ਹਾਂ ਨੇ ਇਨ੍ਹਾਂ ਪਰਿਵਾਰਾਂ ਬਾਰੇ ਇਕ ਵਾਰ ਵੀ ਨਹੀਂ ਸੋਚਿਆ। ਗੜ੍ਹੀ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਕਾਂਗਰਸ ਪਾਰਟੀ ਗੁੰਮਰਾਹ ਕਰ ਰਹੀ ਹੈ ਜਿਸ ਪਿੱਛੇ ਸਿਰਫ ਤੇ ਸਿਰਫ ਵੋਟਾਂ ਦੀ ਸਿਆਸਤ ਹੈ। ਪੰਜਾਬ ਦੇ ਲੋਕ ਇਨ੍ਹਾਂ ਦੀ ਸਿਆਸਤ ਨੂੰ ਭਲੀ ਭਾਂਤ ਜਾਣ ਚੁੱਕੇ ਹਨ ਅਤੇ ਇਨ੍ਹਾਂ ਦੇ ਲਾਰਿਆਂ ਦਾ ਹਿਸਾਬ ਉਹ ਆਉਣ ਵਾਲੀਆਂ ਚੋਣਾਂ ਵਿਚ ਅਕਾਲੀ-ਬਸਪਾ ਨੂੰ ਜਿਤਾ ਕੇ ਦੇਣਗੇ।