ਪਾਣੀ ਸਪਲਾਈ ਪਾਈਪ ਲਾਈਨ ਟੁੱਟਣ ਕਾਰਨ ਕਲੌਨੀ ਵਾਸੀਆਂ ਦੀਆਂ ਮੁਸਕਲਾਂ ਵਿਚ ਹੋਇਆ ਵਾਧਾ
ਪਿਛਲੇ ਪੰਜ ਦਿਨਾਂ ਤੋਂ ਮੁਰੰਮਤ ਨਹੀਂ ਕਰ ਸਕੇ ਨਗਰ ਕੌਂਸਲ ਦੇ ਕਰਮਚਾਰੀ
ਗੁਰਦਾਸਪੁਰ 9 ਦਸੰਬਰ ( ਅਸ਼ਵਨੀ ) :- ਨਗਰ ਸੁਧਾਰ ਟਰੱਸਟ ਕਲੌਨੀ ਬਟਾਲਾ ਰੋਡ ਦੇ ਸੁਖਮਨ ਪਾਰਕ ਕੋਲ ਸੜਕ ਬਣਾਉਂਦੇ ਸਮੇਂ ਭਾਰੀ ਵਾਹਨ ਕਾਰਨ ਜ਼ਮੀਨ ਦੋਜ ਪਾਣੀ ਸਪਲਾਈ ਲਾਈਨ ਪੰਜ ਦਿਨ ਪਹਿਲਾਂ ਟੁੱਟ ਗਈ ਸੀ। ਨਗਰ ਕੌਂਸਲ ਦੇ ਕਰਮਚਾਰੀਆਂ ਵੱਲੋਂ ਇਸ ਨੂੰ ਬੰਦ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਪਰ ਅਜੇ ਤੱਕ ਇਹ ਪਾਣੀ ਬੰਦ ਨਹੀਂ ਹੋਇਆ। ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਨਗਰ ਸੁਧਾਰ ਟਰੱਸਟ ਕਲੌਨੀ ਦੇ ਪ੍ਰੈੱਸ ਸਕੱਤਰ ਅਮਰਜੀਤ ਸ਼ਾਸਤਰੀ ਨੇ ਦੱਸਿਆ ਕਿ ਕੁਝ ਸਮਾਂ ਪਹਿਲਾਂ ਵੀ ਗੈਸ ਪਾਈਪ ਲਾਈਨ ਵਿਛਾਉਣ ਸਮੇਂ ਧਰਤੀ ਹੇਠਲੀਆਂ ਪਾਣੀ ਪਾਈਪ ਲਾਈਨ ਦੀ ਟੁੱਟ-ਭੱਜ ਹੋਈ ਸੀ ਹੁਣ ਫਿਰ ਕਲੌਨੀ ਵਿਚ ਸੜਕ ਤੇ ਪ੍ਰੀਮਿਕਸ ਪਾਉਣ ਸਮੇਂ ਭਾਰੀ ਵਾਹਨਾਂ ਦੀ ਆਵਾਜਾਈ ਕਾਰਨ ਜਿੱਥੇ ਨਵੀਂ ਬਣੀ ਸੜਕ ਦਾ ਨੁਕਸਾਨ ਹੋਇਆ ਹੈ ਉਥੇ ਕਲੌਨੀ ਵਾਸੀਆਂ ਨੂੰ ਸਾਫ਼ ਪਾਣੀ ਤੋਂ ਬਿਨਾਂ ਰਹਿਣਾ ਪੈਂਦਾ ਹੈ। ਕਲੌਨੀ ਦੇ ਪ੍ਰਧਾਨ ਜਗਜੀਤ ਸਿੰਘ ਨੇ ਕਿਹਾ ਕਿ ਲੋਕਾਂ ਨੂੰ ਸਾਫ਼ ਪਾਣੀ ਮੁਹੱਈਆ ਕਰਵਾਉਣ ਦੀ ਨਗਰ ਕੌਂਸਲ ਦੀ ਪਹਿਲੀ ਜ਼ਿਮੇਵਾਰੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਅਧਿਕਾਰੀਆਂ ਦੇ ਧਿਆਨ ਵਿੱਚ ਕਈ ਵਾਰ ਲਿਆਉਣ ਦੇ ਅਜੇ ਤਕ ਮਸਲੇ ਦਾ ਹੱਲ ਨਹੀਂ ਹੋਇਆ। ਮੌਕੇ ਤੇ ਮੁਆਇਨਾ ਕਰਨ ਤੇ ਪਾਰਕ ਵਿਚ ਪਾਣੀ ਭਰਨ ਨਾਲ ਛੋਟੇ ਬੱਚਿਆਂ ਨੂੰ ਘਰਾਂ ਵਿਚ ਰਹਿਣ ਲਈ ਮਜਬੂਰ ਕੀਤਾ ਗਿਆ ਹੈ। ਅਤੇ ਬਜ਼ੁਰਗਾਂ ਨੂੰ ਸੈਰ ਕਰਨ ਤੋਂ ਵਾਂਝਿਆਂ ਰਹਿਣਾ ਪੈ ਰਿਹਾ ਹੈ। ਉਨ੍ਹਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਅਪੀਲ ਕਰਦਿਆਂ ਕਿਹਾ ਕਿ ਮਸਲੇ ਦਾ ਹੱਲ ਕੀਤਾ ਜਾਵੇ।