ਗੁਰਦਾਸਪੁਰ ,22 ਦਸੰਬਰ ( ਅਸ਼ਵਨੀ ) :- ਮੈਡਮ ਨਵਦੀਪ ਕੌਰ ਗਿੱਲ ,ਸਕੱਤਰ , ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਗੁਰਦਾਸਪੁਰ ਅਤੇ ਪ੍ਰਿੰਸੀਪਲ ਜੱਜ, ਜੁਵਿਨਾਈਲ ਜਸਟਿਸ ਬੋਰਡ , ਗੁਰਦਾਸਪੁਰ ਅਤੇ ਉਹਨਾਂ ਦੇ ਮੈਂਬਰ ਮੈਡਮ ਵੀਨਾ ਕੌਂਡਲ ਦੁਆਰ ਭਾਰਤ ਦੇ ਐਨ ਜੀ ਓਜ ਅਤੇ ਭਾਰਤ ਦੇ ਵਿਦੇਸ਼ ਵਿਭਾਗ ਨਾਲ ਤਾਲਮੇਲ ਕਰਕੇ ਇੱਕ ਬੱਚੇ ਨੁੰ ਜੋ ਕਿ ਗੂੰਗਾ ਅਤੇ ਬਹਿਰਾ ਸੀ ਨੂੰ ਪਰਿਵਾਰ ਨਾਲ ਮਿਲਵਾਇਆ ਗਿਆ ।
ਉਨ੍ਹਾਂ ਦੱਸਿਆ ਕਿ ਮਿਤੀ 14 ਨਵੰਬਰ, 2014 ਨੂੰ ਇੱਕ ਬੱਚਾ, ਜੋ ਕਿ ਗੂੰਗਾ ਅਤੇ ਬਹਿਰਾ ਸੀ, ਡੇਰਾ ਬਾਬਾ ਨਾਨਕ ਦਾ ਬਾਰਡਰ ਪਾਰ ਕਰਕੇ ਗਲਤੀ ਨਾਲ ਪਾਕਿਸਤਾਨ ਤੋਂ ਬਟਾਲਾ ਬਿਨਾ ਪਾਸਪੋਰਟ ਤੋਂ ਆ ਗਿਆ ਸੀ ਅਤੇ ਉਸ ਨੂੰ ਪੁਲਿਸ ਦੁਆਰਾ ਫੜ੍ਹ ਲਿਆ ਗਿਆ । ਉਸ ਸਮੇਂ ਉਸ ਬੱਚੇ ਦੀ ਲਗਭਗ 14 ਸਾਲ ਸੀ । ਇਸ ਬੱਚੇ ਦਾ ਕੇਸ , ਮੈਡਮ ਨਵਦੀਪ ਕੌਰ ਗਿੱਲ, ਸਕੱਤਰ , ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਗੁਰਦਾਸਪੁਰ ਦੁਆਰਾ ਪੈਨਲ ਐਡਵੋਕੇਟ ਮਿਸ ਪਲਵਿੰਦਰ ਕੌਰ ਨੂੰ ਦਿੱਤਾ ਗਿਆ ।
ਮੈਡਮ ਪਲਵਿੰਦਰ ਕੌਰ, ਐਡਵੋਕੇਟ ਦੁਆਰਾ ਇਸ ਬੱਚੇ ਦਾ ਕੋਰਟ ਵਿੱਚ ਕੇਸ ਲੜਿਆ ਗਿਆ । ਇਸ ਕੇਸ ਦਾ ਨਿਪਟਾਰਾ ਮਿਤੀ 13 ਅਗਸਤ, 2020 ਨੂੰ ਸ੍ਰੀ ਅਮਰਦੀਪ ਸਿੰਘ ਬੈਂਸ, ਪ੍ਰਿੰਸੀਪਲ ਜੱਜ, ਜੁਵਿਨਾਈਲ ਜਸਟਿਸ ਬੋਰਡ , ਗੁਰਦਾਸਪੁਰ ਦੁਆਰਾ ਕੀਤਾ ਗਿਆ । ਇਸ ਕੇਸ ਵਿੱਚ ਜੁਵਿਨਾਈਲ ਜਸਟਿਸ ਬੋਰਡ ਦੇ ਮੈਂਬਰ ਮੈਡਮ ਵੀਨਾ ਕੌਂਡਲ ਦੁਆਰਾ ਭਾਰਤ ਦੇ ਐਨ.ਜੀ.ਓ. ਨਾਲ ਤਾਲਮੇਲ ਕੀਤਾ ਗਿਆ ਅਤੇ ਇਸ ਤੋਂ ਬਾਅਦ ਭਾਰਤ ਦੇ ਐਨ.ਜੀ.ਓ. ਦੁਆਰਾ ਪਾਕਿਸਤਾਨ ਦੇ ਐਨ.ਜੀ.ਓ. ਅਤੇ ਵੱਖ-ਵੱਖ ਸਰਕਾਰੀ ਅਦਾਰਿਆ ਨਾਲ ਤਾਲ ਮੇਲ ਕੀਤਾ ਗਿਆ ਤਾਂ ਕਿ ਇਸ ਗੂੰਗੇ ਅਤੇ ਬਹਿਰਾ ਬੱਚੇ ਦੀ ਪਹਿਚਾਣ ਦਾ ਪਤਾ ਲਗਾਇਆ ਜਾ ਸਕੇ । ਇਹਨਾਂ ਉਪਰਾਲਿਆਂ ਸਦਕਾ ਭਾਰਤ ਦੇ ਵਿਦੇਸ਼ ਵਿਭਾਗ ਦੁਆਰਾ ਹਾਈ ਕਮੀਸ਼ਨ ਫਾਰ ਇਸਲਾਮਿਕ ਪਬਲਿਕ , ਪਾਕਿਸਤਾਨ ਨਾਲ ਤਾਲਮੇਲ ਕੀਤਾ ਗਿਆ ਤਾਂ ਕਿ ਇਸ ਬੱਚੇ ਦੀ ਪਹਿਚਾਣ ਦਾ ਪਤਾ ਲੱਗ ਸਕੇ ।
ਇਸ ਤਰ੍ਹਾਂ ਇਹ ਪਤਾ ਲਗਾਇਆ ਗਿਆ ਕਿ ਇਸ ਬੱਚੇ ਦਾ ਨਾਮ ਵਸੀਮ ਸੀ ਅਤੇ ਇਹ ਗਲਤੀ ਨਾਲ ਬਾਰਡਰ ਪਾਰ ਕਰਕੇ ਗੁਰਦਾਸਪੁਰ ਆ ਗਿਆ ਸੀ । ਇਸ ਤਰ੍ਹਾਂ ਸਾਰੀਆਂ ਅਪਚਾਰਿਕਤਾਵਾਂ ਪੂਰੀਆਂ ਕਰਕੇ ਇਸ ਬੱਚੇ ਨੂੰ ਇਸ ਦੇ ਮਾਂ ਬਾਪ ਕੋਲ ਬੀਤੇ ਦਿਨ ਵਾਪਸ ਪਾਕਿਸਤਾਨ ਭੇਜ ਦਿੱਤਾ ਗਿਆ ।
