–ਕਿਹਾ, ਕੋਵਿਡ ਕਾਰਨ ਹੋਈ ਮੌਤ ’ਤੇ ਸਰਕਾਰ ਵਲੋਂ ਦਿੱਤੀ ਜਾ ਰਹੀ ਹੈ 50 ਹਜ਼ਾਰ ਰੁਪਏ ਦੀ ਐਕਸਗ੍ਰੇਸ਼ੀਆ ਸਹੂਲਤ
–ਐਸ.ਡੀ.ਐਮਜ਼ ਨੂੰ ਦਰਖਾਸਤਾਂ ਦੀ ਜਲਦੀ ਪੜਤਾਲ ਕਰਨ ਦੇ ਦਿੱਤੇ ਨਿਰਦੇਸ਼
ਹੁਸ਼ਿਆਰਪੁਰ, 11 ਦਸੰਬਰ(ਬਿਊਰੋ) : ਡਿਪਟੀ ਕਮਿਸ਼ਨਰ ਸ੍ਰੀਮਤੀ ਅਪਨੀਤ ਰਿਆਤ ਨੇ ਦੱਸਿਆ ਕਿ ਜਿਨ੍ਹਾਂ ਪਰਿਵਾਰਾਂ ਦੇ ਕਿਸੇ ਮੈਂਬਰ ਦੀ ਕੋਵਿਡ-19 ਕਾਰਨ ਮੌਤ ਹੋਈ ਹੈ, ਉਨ੍ਹਾਂ ਪਰਿਵਾਰਾਂ ਨੂੰ ਸਰਕਾਰ ਵਲੋਂ 50 ਹਜ਼ਾਰ ਰੁਪਏ ਦੀ ਐਕਸਗ੍ਰੇਸ਼ੀਆ ਸਹਾਇਤਾ ਦਿੱਤੀ ਜਾ ਰਹੀ ਹੈ ਅਤੇ ਹੁਣ ਤੱਕ ਹੁਸ਼ਿਆਰਪੁਰ ਜ਼ਿਲ੍ਹੇ ਵਿਚ ਕਰੀਬ 292 ਪਰਿਵਾਰਾਂ ਨੂੰ ਕਰੀਬ 1 ਕਰੋੜ 46 ਲੱਖ ਰੁਪਏ ਦੀ ਸਹਾਇਤਾ ਮੁਹੱਈਆ ਕਰਵਾ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਸਹਾਇਤਾ ਤਹਿਤ ਪ੍ਰਤੀ ਪੀੜਤ ਪਰਿਵਾਰ ਨੂੰ 50 ਹਜ਼ਾਰ ਰੁਪਏ ਉਨ੍ਹਾਂ ਦੇ ਬੈਂਕ ਖਾਤੇ ਵਿਚ ਟਰਾਂਸਫਰ ਕੀਤੇ ਜਾ ਰਹੇ ਹਨ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਵੈਰੀਫਾਈਡ ਕੇਸਾਂ ਨੂੰ ਜ਼ਿਲ੍ਹਾ ਆਫ਼ਤ ਪ੍ਰਬੰਧਨ ਕਮੇਟੀ ਤੋਂ ਪਾਸ ਕਰਵਾਉਣ ਉਪਰੰਤ ਐਕਸਗ੍ਰੇਸ਼ੀਆ ਸਹਾਇਤਾ ਮੁਹੱਈਆ ਕਰਵਾਈ ਜਾ ਰਹੀ ਹੈ। ਉਨ੍ਹਾਂ ਕਮੇਟੀ ਨੂੰ ਹਦਾਇਤ ਕਰਦਿਆਂ ਕਿਹਾ ਕਿ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਦਰਖਾਸਤਾਂ ਦਾ ਨਿਪਟਾਰਾ ਜਲਦੀ ਤੋਂ ਜਲਦੀ ਕੀਤਾ ਜਾਵੇ ਤਾਂ ਜੋ ਪੀੜਤ ਪਰਿਵਾਰਾਂ ਨੂੰ ਸਹੂਲਤ ਦਾ ਲਾਭ ਮਿਲ ਸਕੇ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਰਕਾਰ ਦੀ ਇਸ ਸਕੀਮ ਦਾ ਲਾਭ ਲੈਣ ਲਈ ਜ਼ਿਲ੍ਹੇ ਦੇ ਮ੍ਰਿਤਕਾਂ ਦੇ ਕਾਨੂੰਨੀ ਵਾਰਸ ਜ਼ਿਲ੍ਹਾ ਪ੍ਰਸ਼ਾਸਨ ਦੀ ਵੈਸਸਾਈਟ https://hoshiarpur.nic.in ’ਤੇ ਜਾ ਕੇ ਫਾਰਮ ਡਾਊਨਲੋਡ ਕਰ ਸਕਦੇ ਹਨ ਅਤੇ ਆਪਣੇ ਫਾਰਮ ਭਰਨ ਤੋਂ ਬਾਅਦ ਲੋੜੀਂਦੇ ਦਸਤਾਵੇਜ਼ ਨੱਥੀ ਕਰਕੇ ਸਬੰਧਤ ਐਸ.ਡੀ.ਐਮ. ਕੋਲ ਜਮ੍ਹਾਂ ਕਰਵਾ ਸਕਦੇ ਹਨ। ਉਨ੍ਹਾਂ ਕਿਹਾ ਕਿ ਕੋਵਿਡ-19 ਨਾਲ ਖੁਦਕੁਸ਼ੀ, ਦੁਰਘਟਨਾ ਨਾਲ ਮੌਤ ਦੇ ਮਾਮਲਿਆਂ ਨੂੰ ਵਿਚਾਰਿਆ ਨਹੀਂ ਜਾਵੇਗਾ। ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਦੇ ਅੰਕੜਿਆਂ ਅਨੁਸਾਰ ਜ਼ਿਲ੍ਹੇ ਵਿਚ ਹੁਣ ਤੱਕ ਕੋਵਿਡ-19 ਕਾਰਨ 994 ਦੇ ਕਰੀਬ ਮੌਤਾਂ ਹੋ ਚੁੱਕੀਆਂ ਹਨ।
ਸ੍ਰੀਮਤੀ ਅਪਨੀਤ ਰਿਆਤ ਨੇ ਐਸ.ਡੀ.ਐਮਜ਼ ਨੂੰ ਹਦਾਇਤ ਕਰਦਿਆਂ ਕਿਹਾ ਕਿ ਉਹ ਪ੍ਰਾਪਤ ਹੋਈਆਂ ਦਰਖਾਸਤਾਂ ਦੀ ਪੜਤਾਲ ਕਰਕੇ ਜ਼ਿਲ੍ਹਾ ਕਮੇਟੀ ਨੂੰ ਭੇਜਣ। ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਕੋਲ ਅਧੂਰੇ ਦਸਤਾਵੇਜ਼ ਆਉਂਦੇ ਹਨ ਤਾਂ ਉਹ ਦਸਤਾਵੇਜ਼ ਮੁਕੰਮਲ ਕਰਵਾਉਣੇ ਯਕੀਨੀ ਬਣਾਉਣ। ਉਨ੍ਹਾਂ ਕਮੇਟੀ ਨੂੰ ਕੋਵਿਡ-19 ਕਾਰਨ ਹੋਈ ਮੌਤ ਨਾਲ ਸਬੰਧਤ ਸਰਟੀਫਿਕੇਟ ‘ਮੈਡੀਕਲ ਸਰਟੀਫਿਕੇਟ ਆਫ਼ ਕਾਜ ਆਫ਼ ਡੈਥ’ (ਐਮ.ਸੀ.ਸੀ.ਡੀ.) ਪੇਸ਼ ਕਰਨ ਦੀ ਹਦਾਇਤ ਕੀਤੀ ਤਾਂ ਜੋ ਇਨ੍ਹਾਂ ਪਰਿਵਾਰਾਂ ਨੂੰ ਐਕਸਗ੍ਰੇਸ਼ੀਆ ਗਰਾਂਟ ਦਿੱਤੀ ਜਾ ਸਕੇ। ਉਨ੍ਹਾਂ ਦੱਸਿਆ ਕਿ ਜਿਨ੍ਹਾਂ ਕੇਸਾਂ ਵਿਚ ਮੌਤ ਦਾ ਸਰਟੀਫਿਕੇਟ (ਐਮ.ਸੀ.ਸੀ.ਡੀ.) ਜਾਰੀ ਨਹੀਂ ਹੋਇਆ, ਉਹ ਪਰਿਵਾਰ ਸਰਟੀਫਿਕੇਟ ਜਾਰੀ ਕਰਵਾਉਣ ਲਈ ਆਪਣੇ ਸਬੰਧਤ ਐਸ.ਐਮ.ਓ. ਕੋਲ ਦਸਤਾਵੇਜ਼ਾਂ ਸਮੇਤ ਅਰਜ਼ੀ ਦੇ ਸਕਦੇ ਹਨ।