ਤ੍ਰਿਪਤ ਬਾਜਵਾ ਨੇ ਨਿੱਜੀ ਦਿਲਚਸਪੀ ਲੈ ਕੇ ਬਟਾਲਾ ਨੂੰ ਕਰੋੜਾਂ ਰੁਪਏ ਦੀ ਗ੍ਰਾਂਟਾ ਦਿਵਾਈਆਂ
ਬਟਾਲਾ, 29 ਦਸੰਬਰ ( ਅਵਿਨਾਸ਼ ਸ਼ਰਮਾ ) – ਪੰਜਾਬ ਸਰਕਾਰ ਵੱਲੋਂ ਇਤਿਹਾਸਕ ਸ਼ਹਿਰ ਬਟਾਲਾ ਦੇ ਵਿਕਾਸ ਨੂੰ ਪਹਿਲ ਦੇ ਕੇ ਇਥੋਂ ਦੇ ਵਸਨੀਕਾਂ ਨੂੰ ਸਾਰੀਆਂ ਬੁਨਿਆਦੀ ਸਹੂਲਤਾਂ ਦੇਣ ਦੇ ਯਤਨ ਕੀਤੇ ਗਏ ਹਨ ਅਤੇ ਸ਼ਹਿਰ ਦੇ ਹਰ ਗਲੀ, ਮੁਹੱਲੇ ਅਤੇ ਕਲੋਨੀ ਵਿੱਚ ਰਿਕਾਰਡ ਵਿਕਾਸ ਹੋਇਆ ਹੈ। ਇਹ ਪ੍ਰਗਟਾਵਾ ਕਰਦਿਆਂ ਨਗਰ ਨਿਗਮ ਬਟਾਲਾ ਦੇ ਮੇਅਰ ਸ. ਸੁਖਦੀਪ ਸਿੰਘ ਤੇਜਾ ਨੇ ਕਿਹਾ ਕਿ ਬਟਾਲਾ ਸ਼ਹਿਰ ਦੇ ਸਰਬਪੱਖੀ ਵਿਕਾਸ ਦਾ ਸਾਰਾ ਸਿਹਰਾ ਕੈਬਨਿਟ ਮੰਤਰੀ ਸ. ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੂੰ ਜਾਂਦਾ ਹੈ ਜਿਨ੍ਹਾਂ ਨੇ ਨਿੱਜੀ ਦਿਲਚਸਪੀ ਲੈ ਕੇ ਗੁਰੂ ਸਾਹਿਬ ਦੀ ਪਾਵਨ ਚਰਨ ਛੋਹ ਪ੍ਰਾਪਤ ਨਗਰੀ ਬਟਾਲਾ ਲਈ ਕਰੋੜਾਂ ਰੁਪਏ ਦੀਆਂ ਗ੍ਰਾਂਟਾ ਲਿਆ ਕੇ ਵਿਕਾਸ ਪੱਖੋਂ ਸ਼ਹਿਰ ਦੀ ਨੁਹਾਰ ਬਦਲੀ ਹੈ। ਉਨ੍ਹਾਂ ਕਿਹਾ ਕਿ ਸ਼ਹਿਰ ਦੇ ਰਹਿੰਦੇ ਇਲਾਕਿਆਂ ਵਿੱਚ ਵਿਕਾਸ ਕਾਰਜ ਤੇਜੀ ਨਾਲ ਚੱਲ ਰਹੇ ਹਨ ਜੋ ਛੇਤੀ ਹੀ ਮੁਕੰਮਲ ਹੋ ਜਾਣਗੇ।
ਮੇਅਰ ਸੁਖਦੀਪ ਸਿੰਘ ਤੇਜਾ ਨੇ ਕਿਹਾ ਕਿ ਅੱਜ ਤੋਂ ਚਾਰ ਸਾਲ ਪਹਿਲਾਂ ਬਟਾਲੇ ਸ਼ਹਿਰ ਦੀਆਂ ਗਲੀਆਂ, ਸੜਕਾਂ, ਸੀਵਰੇਜ ਦਾ ਏਨਾ ਮੰਦਾ ਹਾਲ ਸੀ ਕਿ ਲੋਕਾਂ ਨੇ ਤੰਗ ਆ ਕੇ ਪੱਕੇ ਧਰਨੇ ਲਗਾ ਦਿੱਤੇ ਸਨ। ਧਰਮਪੁਰਾ ਕਲੋਨੀ, ਉਮਰਪੁਰਾ ਰੋਡ, ਅਲੀਵਾਲ ਰੋਡ, ਮਲਾਵੇ ਦੀ ਕੋਠੀ ਵਰਗੇ ਇਲਾਕਿਆਂ ਵਿੱਚੋਂ ਲੋਕਾਂ ਨੇ ਲੰਘਣਾ ਬੰਦ ਕਰ ਦਿੱਤਾ ਸੀ ਅਤੇ ਸੀਵਰੇਜ ਦਾ ਗੰਦਾ ਪਾਣੀ ਲੋਕਾਂ ਦੇ ਘਰਾਂ ਅੰਦਰ ਚਲਾ ਗਿਆ ਸੀ। ਉਨ੍ਹਾਂ ਕਿਹਾ ਕਿ ਅਜਿਹੇ ਹਾਲਤਾਂ ਵਿੱਚ ਕੈਬਨਿਟ ਮੰਤਰੀ ਸ. ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਬਟਾਲਾ ਸ਼ਹਿਰ ਦੀ ਬਾਂਹ ਫੜੀ ਅਤੇ ਕਰੋੜਾਂ ਰੁਪਏ ਦੀ ਗ੍ਰਾਂਟ ਮਨਜ਼ੂਰ ਕਰਵਾ ਕੇ ਸ਼ਹਿਰ ਅੰਦਰ ਵਿਕਾਸ ਦੀ ਅਜਿਹੀ ਹਨੇਰੀ ਲਿਆਂਦੀ ਕਿ ਅੱਜ ਬਟਾਲਾ ਸ਼ਹਿਰ ਦੇ ਹੋਏ ਵਿਕਾਸ ਤੋਂ ਹਰ ਕੋਈ ਖੁਸ਼ ਹੈ।
ਮੇਅਰ ਸ. ਤੇਜਾ ਨੇ ਕਿਹਾ ਕਿ ਕੈਬਨਿਟ ਮੰਤਰੀ ਸ. ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਸ਼ਹਿਰ ਦੇ ਹਰ ਗਲੀ-ਮੁਹੱਲੇ ਤੱਕ ਖੁਦ ਪਹੁੰਚ ਕੀਤੀ ਅਤੇ ਨਿੱਜੀ ਤੌਰ ’ਤੇ ਲੋਕਾਂ ਦੀਆਂ ਮੁਸ਼ਕਲਾਂ ਨੂੰ ਜਾਣਿਆ। ਉਨ੍ਹਾਂ ਕਿਹਾ ਕਿ ਸ. ਬਾਜਵਾ ਨੇ ਪੂਰੇ ਪੰਜਾਬ ਦੀ ਜਿੰਮੇਵਾਰੀ ਹੋਣ ਦੇ ਬਾਵਜੂਦ ਵੀ ਬਟਾਲਾ ਸ਼ਹਿਰ ਦਾ ਵਿਕਾਸ ਆਪਣੀ ਨਿਗਰਾਨੀ ਵਿੱਚ ਕਰਵਾਇਆ। ਉਨ੍ਹਾਂ ਕਿਹਾ ਕਿ ਹੁਣ ਸ਼ਹਿਰ ਦੇ ਹਰ ਇਲਾਕੇ ਵਿੱਚ ਸੀਵਰੇਜ, ਜਲ ਸਪਲਾਈ, ਵਧੀਆ ਕੰਕਰੀਟ ਅਤੇ ਇੰਟਰਲਾਕ ਟਾਈਲਾਂ ਦੀਆਂ ਗਲੀਆਂ, ਨਵੀਆਂ ਸੜਕਾਂ ਦੀ ਸਹੂਲਤ ਮਿਲ ਚੁੱਕੀ ਹੈ। ਇਸਦੇ ਨਾਲ ਹੀ ਹੰਸਲੀ ਤੇ ਬਣੇ ਤਿੰਨ ਨਵੇਂ ਪੁੱਲਾਂ, ਹੰਸਲੀ ਦੇ ਸੁੰਦਰੀਕਰਨ ਪ੍ਰੋਜੈਕਟਾਂ ਨੇ ਸ਼ਹਿਰ ਨੂੰ ਖੂਬਸੂਰਤੀ ਤੇ ਵੱਡੀ ਸਹੂਲਤ ਦਿੱਤੀ ਹੈ। ਉਨ੍ਹਾਂ ਕਿਹਾ ਕਿ ਬਟਾਲਾ ਸ਼ਹਿਰ ਦੇ ਰਿਕਾਰਡ ਵਿਕਾਸ ਲਈ ਸਮੂਹ ਸ਼ਹਿਰ ਵਾਸੀ ਕੈਬਨਿਟ ਮੰਤਰੀ ਸ. ਤ੍ਰਿਪਤ ਰਜਿੰਦਰ ਸਿੰਘ ਬਾਜਵਾ ਦੇ ਦਿਲੋਂ ਧੰਨਵਾਦੀ ਹਨ।