ਗੜ੍ਹਦੀਵਾਲਾ 11 ਸਤੰਬਰ (ਚੌਧਰੀ)
: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਸਾਹਿਬ ਦੇ ਪ੍ਰਬੰਧ ਅਧੀਨ ਚੱਲ ਰਹੇ ਅਦਾਰੇ ਖ਼ਾਲਸਾ ਕਾਲਜ, ਗੜ੍ਹਦੀਵਾਲਾ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਸਾਹਿਬ ਦੇ ਪ੍ਰਧਾਨ ਸ. ਹਰਜਿੰਦਰ ਸਿੰਘ ਧਾਮੀ ਅਤੇ ਸਕੱਤਰ (ਸਿੱਖਿਆ) ਸ. ਸੁਖਮਿੰਦਰ ਸਿੰਘ ਦੀ ਰਹਿਨੁਮਾਈ ਅਤੇ ਪ੍ਰੇਰਨਾ ਸਦਕਾ ਪ੍ਰਿੰਸੀਪਲ ਡਾ. ਜਸਪਾਲ ਸਿੰਘ ਦੀ ਅਗਵਾਈ ਹੇਠ ਪ੍ਰਤੀਯੋਗੀ ਪ੍ਰੀਖਿਆ (ਜਨਰਲ ਸਟੱਡੀਜ਼) ਦੀ ਫਰੀ ਕੋਚਿੰਗ ਲਈ ਕਲਾਸਾਂ ਦੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ਪ੍ਰਿੰਸੀਪਲ ਡਾ. ਜਸਪਾਲ ਸਿੰਘ ਨੇ ਕਿਹਾ ਕਿ ਇਨ੍ਹਾ ਕੋਚਿੰਗ ਕਲਾਸਾਂ ਦਾ ਉਦੇਸ਼ ਵਿਦਿਆਰਥੀ ਨੂੰ ਸਿਵਲ ਸਰਵਿਸਿਜ਼ ਦੀਆਂ ਪ੍ਰੀਖਿਆਵਾਂ ਲਈ ਤਿਆਰ ਕਰਨਾ, ਉਨ੍ਹਾਂ ਅੰਦਰ ਪੜ੍ਹਾਈ ਪ੍ਰਤੀ ਰੁਝਾਨ ਪੈਦਾ ਕਰਨਾ, ਗਿਆਨ ਵਿੱਚ ਵਾਧਾ ਕਰਨਾ ਅਤੇ ਬਾਹਰਲੇ ਦੇਸ਼ਾਂ ਵਿੱਚ ਜਾਣ ਦੇ ਰੁਝਾਨ ਨੂੰ ਘੱਟ ਕਰਨਾ ਹੈ। ਉਨ੍ਹਾਂ ਨੇ ਕਿਹਾ ਕਿ ਉਪਰੋਕਤ ਵਿਚਾਰ ਸ਼੍ਰੋਮਣੀ ਗੁਰਦੁਅਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਸ. ਹਰਜਿੰਦਰ ਸਿੰਘ ਧਾਮੀ ਦੀ ਪ੍ਰਧਾਨਗੀ ਹੇਠ ਚੱਲ ਰਹੀ ਨਿਸ਼ਚੇ ਅਕਾਦਮੀ ਵਰਗੀਆਂ ਸੰਸਥਾਵਾ ਵਿਚੋਂ ਹੀ ਉਪਜਦੇ ਹਨ। ਉਹਨਾ ਨੇ ਵਿਦਿਆਰਥੀਆਂ ਨੁੰ ਵੱਧ ਤੋਂ ਵੱਧ ਲਾਭ ਉਠਾਉਣ ਲਈ ਪ੍ਰੇਰਿਆ। ਇਸ ਮੌਕੇ ਡਾ. ਅਰਚਨਾ ਠਾਕੁਰ, ਮੈਡਮ ਜਸਪ੍ਰੀਤ ਕੌਰ, ਡਾ. ਮਨਜੀਤ ਕੌਰ ਬਾਜਵਾ ਮੈਡਮ ਦਲਜੀਤ ਕੌਰ ਅਤੇ ਵਿਦਿਆਰਥੀ ਹਾਜ਼ਰ ਸਨ।