ਗੜ੍ਹਦੀਵਾਲਾ 22 ਫਰਵਰੀ (ਪ੍ਰਦੀਪ ਕੁਮਾਰ )
*ਸੰਗਰੂਰ ਰੈਲੀ ਲਈ ਲਾਮਬੰਦੀ ਜ਼ੋਰਾਂ ਤੇ*
: ਗੌਰਮੈਂਟ ਟੀਚਰ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਪ੍ਰਿੰਸੀਪਲ ਅਮਨਦੀਪ ਸ਼ਰਮਾ ਅਤੇ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਦੇ ਜ਼ਿਲ੍ਹਾ ਵਾਈਸ ਪ੍ਰਧਾਨ ਪ੍ਰਿੰਸ ਗੜ੍ਹਦੀਵਾਲਾ ਨੇ ਸਾਂਝੇ ਬਿਆਨ ਦੇ ਵਿੱਚ ਕਿਹਾ ਕਿ ਪੰਜਾਬ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਪੁਰਾਣੀ ਪੈਨਸ਼ਨ ਸਬੰਧੀ 22 ਫਰਵਰੀ ਨੂੰ ਯੂਨੀਅਨ ਦੀ ਮੀਟਿੰਗ ਹੋਣੀ ਸੀ ਜਿਸ ਨੂੰ ਸਰਕਾਰ ਨੇ ਫਿਰ ਤੋਂ ਅੱਗੇ ਪਾ ਦਿੱਤਾ ਹੈ ਲੋਕ ਸਭਾ ਦੀਆਂ ਚੋਣਾਂ ਸਬੰਧੀ ਚੋਣ ਜਾਬਤਾ ਲੱਗਣ ਵਾਲਾ ਹੈ ਪਰ ਸਰਕਾਰ ਡੰਗ ਟਪਾਊ ਨੀਤੀ ਆਪਣਾ ਆ ਰਹੀ ਹੈ।
ਸਰਕਾਰ ਦੇ ਲਾਰਿਆਂ ਤੋਂ ਤੰਗ ਆ ਕੇ ਐਨ.ਪੀ.ਐਸ ਪੀੜਤ ਮੁਲਾਜ਼ਮਾਂ ਨੇ 25 ਫਰਵਰੀ ਨੂੰ ਸੰਗਰੂਰ ਵਿਖੇ ਪੁਰਾਣੀ ਪੈਨਸ਼ਨ ਬਹਾਲੀ ਲਈ ਮਹਾਂਰੈਲੀ ਕਰਨ ਦਾ ਫੈਸਲਾ ਕੀਤਾ ਹੈ। ਇਸ ਰੈਲੀ ਵਿੱਚ ਬਲਾਕ ਭੂੰਗਾ ਗੜਦੀਵਾਲਾ ਹਰਿਆਣਾ ਦੇ ਸਮੁੱਚੇ ਐਨ.ਪੀ.ਐਸ ਪੀੜਤ ਮੁਲਾਜ਼ਮ ਭਾਗ ਲੈਣਗੇ। ਇਸ ਸਬੰਧੀ ਵੱਖ-ਵੱਖ ਸਰਕਾਰੀ ਅਦਾਰਿਆਂ ਦੇ ਮੁਲਾਜ਼ਮਾਂ ਨੂੰ ਰੈਲੀ ਵਿੱਚ ਸ਼ਾਮਿਲ ਹੋਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ।
ਮੁੱਖ ਆਗੂ ਰਮਨ ਕੁਮਾਰ ਸ਼ਰਮਾ ਨੇ ਕਿਹਾ ਕਿ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਬਲਾਕ ਭੂੰਗਾ ਵੱਲੋਂ ਪੁਰਾਣੀ ਪੈਨਸ਼ਨ ਦੀ ਬਹਾਲੀ ਲਈ ਸਾਂਝੇ ਮੋਰਚੇ ਵੱਲੋਂ ਕੀਤੀ ਜਾ ਰਹੀ ਸੰਗਰੂਰ ਰੈਲੀ ਵਿੱਚ ਭਰਵੀਂ ਸ਼ਮੂਲੀਅਤ ਕੀਤੀ ਜਾਵੇਗੀ ਅਤੇ ਸਰਕਾਰ ਦੀ ਪੁਰਾਣੀ ਪੈਨਸ਼ਨ ਬਹਾਲੀ ਦੇ ਨੋਟੀਫਿਕੇਸ਼ਨ ਨੂੰ ਕਰਨ ਦੇ ਬਾਵਜੂਦ ਵੀ ਪੰਜਾਬ ਵਿੱਚ ਪੁਰਾਣੀ ਪੈਨਸ਼ਨ ਬਹਾਲ ਨਾ ਕਰ ਸਕਣ ਦੀ ਨਾਕਾਮੀ ਆਉਣ ਵਾਲੀਆਂ ਲੋਕਸਭਾ, ਜਿਲਾ ਪਰਿਸ਼ਦ ,ਬਲਾਕ ਸੰਮਤੀ ਅਤੇ ਪੰਚਾਇਤੀ ਚੋਣਾਂ ਵਿੱਚ ਸਰਕਾਰ ਨੂੰ ਐਨ.ਪੀ.ਐਸ ਪੀੜਤ ਮੁਲਾਜ਼ਮਾਂ ਦੇ ਤਿੱਖੇ ਰੋਹ ਦਾ ਸਾਹਮਣਾ ਕਰਨਾ ਪਵੇਗਾ।
ਇਸ ਮੌਕੇ ਜ਼ਿਲਾ ਵਿੱਤ ਸਕੱਤਰ ਜਗਵਿੰਦਰ ਸਿੰਘ ਨੇ ਦੱਸਿਆ ਕਿ ਸੰਗਰੂਰ ਰੈਲੀ ਲਈ ਸਵੇਰੇ ਠੀਕ 7:30 ਵਜੇ ਗੜ੍ਹਦੀਵਾਲਾ ਤੋਂ ਬੱਸ ਰਵਾਨਾ ਹੋਵੇਗੀ।