ਗੁਰਦੁਆਰਾ ਸ੍ਰੀ ਕੰਧ ਸਾਹਿਬ ਵਿਖੇ ਵੀ ਹੋਏ ਨਤਮਸਤਕ
ਬਟਾਲਾ, 10 ਫਰਵਰੀ ( ਅਵਿਨਾਸ਼ ਸ਼ਰਮਾ ) – ਪੰਜਾਬ ਵਿਧਾਨ ਸਭਾ ਚੋਣਾਂ-2022 ਦੇ ਮੱਦੇਨਜ਼ਰ ਭਾਰਤੀ ਚੋਣ ਕਮਿਸ਼ਨ ਵੱਲੋਂ ਜ਼ਿਲ੍ਹਾ ਗੁਰਦਾਸਪੁਰ ਵਿੱਚ ਪੈਂਦੇ ਵਿਧਾਨ ਸਭਾ ਹਲਕੇ ਬਟਾਲਾ, ਕਾਦੀਆਂ ਅਤੇ ਸ੍ਰੀ ਹਰਗੋਬਿੰਦਪੁਰ ਲਈ ਤਾਇਨਾਤ ਕੀਤੇ ਪੁਲਿਸ ਅਬਜ਼ਰਵਰ ਨਵਨੀਤ ਸਕੇਰਾ,ਆਈ.ਪੀ.ਐਸ (ਏ.ਡੀ.ਜ਼ੀ.ਪੀ. ਉਤਰ ਪ੍ਰਦੇਸ਼ ਪੁਲਿਸ) ਵੱਲੋਂ ਅੱਜ ਵਿਧਾਨ ਸਭਾ ਹਲਕਾ ਬਟਾਲਾ ਦੇ ਸੰਵੇਦਨਸ਼ੀਲ ਪੋਲਿੰਗ ਬੂਥਾਂ ਦਾ ਦੌਰਾ ਕਰਕੇ ਸੁਰੱਖਿਆ ਪ੍ਰਬੰਧਾਂ ਦਾ ਜਾਇਜਾ ਲਿਆ ਗਿਆ। ਇਸ ਮੌਕੇ ਉਨ੍ਹਾਂ ਨਾਲ ਐੱਸ.ਪੀ. ਹੈੱਡਕੁਆਟਰ ਸ. ਗੁਰਪ੍ਰੀਤ ਸਿੰਘ ਗਿੱਲ ਅਤੇ ਹੋਰ ਪੁਲਿਸ ਵੀ ਮੌਜੂਦ ਸਨ।
ਪੁਲਿਸ ਅਬਜ਼ਰਵਰ ਸ੍ਰੀ ਨਵਨੀਤ ਸਕੇਰਾ ਵੱਲੋਂ ਬਟਾਲਾ ਸ਼ਹਿਰ ਦੇ ਕਿਲ੍ਹਾ ਮੰਡੀ, ਐੱਲ.ਐੱਲ. ਬਾਵਾ ਡੀ.ਏ.ਵੀ ਕਾਲਜ ਅਤੇ ਸ਼ਹਿਰ ਦੇ ਹੋਰ ਪੋਲਿੰਗ ਬੂਥਾਂ ਦਾ ਜਾਇਜਾ ਲੈਣ ਤੋਂ ਬਾਅਦ ਚੋਣਾਂ ਦੇ ਮੱਦੇਨਜ਼ਰ ਬਟਾਲਾ ਸ਼ਹਿਰ ਵਿੱਚ ਪੁਲਿਸ ਅਤੇ ਅਰਧ ਸੈਨਿਕ ਬਲਾਂ ਦੇ ਸਾਂਝੇ ਨਾਕਿਆਂ ਦਾ ਨਿਰੀਖਣ ਵੀ ਕੀਤਾ ਗਿਆ। ਇਸ ਮੌਕੇ ਉਨ੍ਹਾਂ ਕਿਹਾ ਕਿ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਪੰਜਾਬ ਵਿਧਾਨ ਸਭਾ ਚੋਣਾਂ ਪੂਰੀ ਤਰਾਂ ਸੁਤੰਤਰ, ਨਿਰਪੱਖ ਅਤੇ ਸ਼ਾਂਤਮਈ ਮਾਹੌਲ ਵਿੱਚ ਨੇਪਰੇ ਚਾੜੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਹਿਫ਼ਾਜ਼ਤੀ ਅਮਲੇ ਵੱਲੋਂ ਪੂਰੀ ਚੌਕਸੀ ਵਰਤੀ ਜਾ ਰਹੀ ਹੈ ਅਤੇ ਕਿਸੇ ਵੀ ਸ਼ਰਾਰਤੀ ਅਨਸਰ ਦੇ ਮਨਸੂਬੇ ਨੂੰ ਕਾਮਯਾਬ ਨਹੀਂ ਹੋਣ ਦਿੱਤਾ ਜਾਵੇਗਾ।
ਬਟਾਲਾ ਸ਼ਹਿਰ ਦੀ ਫੇਰੀ ਦੌਰਾਨ ਪੁਲਿਸ ਅਬਜ਼ਰਵਰ ਸ੍ਰੀ ਨਵਨੀਤ ਸਕੇਰਾ ਨੇ ਗੁਰਦੁਆਰਾ ਸ੍ਰੀ ਕੰਧ ਸਾਹਿਬ ਵਿਖੇ ਮੱਥਾ ਟੇਕਿਆ ਅਤੇ ਗੁਰੂ ਸਾਹਿਬ ਦੇ ਬਟਾਲਾ ਸ਼ਹਿਰ ਨਾਲ ਸਬੰਧਤ ਇਤਿਹਾਸ ਨੂੰ ਜਾਣਿਆ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਾਵਨ ਚਰਨਛੋਹ ਪ੍ਰਾਪਤ ਗੁਰਦੁਆਰਾ ਸ੍ਰੀ ਕੰਧ ਸਾਹਿਬ ਦੇ ਦਰਸ਼ਨ ਕਰਕੇ ਉਨ੍ਹਾਂ ਨੂੰ ਬਹੁਤ ਅਨੰਦ ਮਿਲਿਆ ਹੈ। ਇਸ ਮੌਕੇ ਗੁਰਦੁਆਰਾ ਸ੍ਰੀ ਕੰਧ ਸਾਹਿਬ ਦੇ ਮੈਨੇਜਰ ਵੱਲੋਂ ਪੁਲਿਸ ਅਬਜ਼ਰਵਰ ਸ੍ਰੀ ਨਵਨੀਤ ਸਕੇਰਾ ਨੂੰ ਸਿਰਪਾਓ ਦੇ ਕੇ ਸਨਮਾਨਤ ਕੀਤਾ ਗਿਆ।