ਬਟਾਲਾ, 20 ਅਪ੍ਰੈਲ (ਅਵਿਨਾਸ਼ ਸ਼ਰਮਾ)
: ਪੁਲਿਸ ਪ੍ਰਸ਼ਾਸਨ ਵੱਲੋਂ ਕੀਤੇ ਗਏ ਵੱਡੇ ਪੱਧਰ ਦੇ ਤਬਾਦਲਿਆਂ ਦੌਰਾਨ ਕੁੱਲ 129 ਅਫਸਰਾਂ ਦੀ ਬਦਲੀ ਕੀਤੀ ਗਈ ਹੈ। ਇਸ ਤਹਿਤ ਇਤਿਹਾਸਕ ਸ਼ਹਿਰ ਬਟਾਲਾ ਵਿੱਚ ਬਤੌਰ ਸਿਟੀ ਐਸਐਚਓ ਵਧੀਆ ਸੇਵਾਵਾਂ ਨਿਭਾਉਣ ਵਾਲੇ ਸੁਖਇੰਦਰ ਸਿੰਘ ਨੇ ਹੁਣ ਸਿਟੀ ਡੀਐਸਪੀ ਦਾ ਚਾਰਜ ਸੰਭਾਲ ਲਿਆ ਹੈ, ਜਦਕਿ ਡੀਐਸਪੀ ਸੰਜੀਵ ਕੁਮਾਰ ਨੂੰ ਨਵੀਂ ਤਾਇਨਾਤੀ ਦਿੱਤੀ ਗਈ ਹੈ।
ਨਿਡਰ ਅਤੇ ਅਮਨ-ਪਸੰਦ ਛਵੀ ਵਾਲੇ ਡੀਐਸਪੀ ਸੁਖਇੰਦਰ ਸਿੰਘ ਨੇ ਚਾਰਜ ਸੰਭਾਲਣ ਉਪਰੰਤ ਕਿਹਾ ਕਿ ਐਸਐਸਪੀ ਡਾ. ਮਹਿਤਾਬ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਹੇਠ ਲੋਕਾਂ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ‘ਤੇ ਹੱਲ ਕੀਤਾ ਜਾਵੇਗਾ ਅਤੇ ਹਰ ਪੀੜਤ ਨੂੰ ਬਿਨਾਂ ਕਿਸੇ ਭੇਦਭਾਵ ਇਨਸਾਫ ਮਿਲੇਗਾ।
ਉਨ੍ਹਾਂ ਸਖਤ ਲਹਿਜ਼ੇ ‘ਚ ਚੇਤਾਵਨੀ ਦਿੱਤੀ ਕਿ ਕਿਸੇ ਵੀ ਸਮਾਜ ਵਿਰੋਧੀ ਅਨਸਰ ਨੂੰ ਸਿਰ ਨਹੀਂ ਚੁੱਕਣ ਦਿੱਤਾ ਜਾਵੇਗਾ। ਇਲਾਕੇ ‘ਚ ਨਸ਼ਿਆਂ ਦੇ ਖਾਤਮੇ ਲਈ ਵਿਸ਼ੇਸ਼ ਮੁਹਿੰਮ ਚਲਾਈ ਜਾਵੇਗੀ ਅਤੇ ਨਸ਼ਾ ਤਸਕਰਾਂ ਖ਼ਿਲਾਫ਼ ਕੜੀ ਕਾਰਵਾਈ ਕਰਦੇ ਹੋਏ ਉਨ੍ਹਾਂ ਨੂੰ ਸਲਾਖਾਂ ਪਿੱਛੇ ਪਾਇਆ ਜਾਵੇਗਾ।
ਡੀਐਸਪੀ ਨੇ ਦੱਸਿਆ ਕਿ ਸਾਰੇ ਥਾਣਾ ਮੁਖੀਆਂ ਨੂੰ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਕਿ ਲੋਕਾਂ ਦੀਆਂ ਸਮੱਸਿਆਵਾਂ ਨੂੰ ਤੁਰੰਤ ਹੱਲ ਕੀਤਾ ਜਾਵੇ ਅਤੇ ਹਰ ਵਿਅਕਤੀ ਨਾਲ ਇੱਜ਼ਤ ਨਾਲ ਪੇਸ਼ ਆਇਆ ਜਾਵੇ। ਪੁਲਿਸ ਲੋਕਾਂ ਦੀ ਜਾਨ-ਮਾਲ ਦੀ ਸੁਰੱਖਿਆ ਲਈ ਪੂਰੀ ਤਰ੍ਹਾਂ ਵਚਨਬੱਧ ਹੈ।
ਉਨ੍ਹਾਂ ਆਖ਼ਿਰ ‘ਚ ਲੋਕਾਂ ਨੂੰ ਅਪੀਲ ਕੀਤੀ ਕਿ ਅਮਨ-ਕਾਨੂੰਨ ਬਣਾਈ ਰੱਖਣ ਲਈ ਪੁਲਿਸ ਦਾ ਸਾਥ ਦੇਣ ਅਤੇ ਕਿਸੇ ਵੀ ਸਮੱਸਿਆ ਦੀ ਸਥਿਤੀ ਵਿੱਚ ਸਿੱਧਾ ਸੰਪਰਕ ਕਰਨ।








