ਗੜ੍ਹਦੀਵਾਲਾ 30 ਮਾਰਚ (ਚੌਧਰੀ)
: ਜ਼ਿਲਾ ਹੁਸ਼ਿਆਰਪੁਰ ਦੇ ਕੰਢੀ ਏਰੀਏ ਵਿੱਚ ਸਥਿਤ ਪੇਂਡੂ ਸਕੂਲ ਸਰਕਾਰੀ ਹਾਈ ਸਕੂਲ ਜੁਝਾਰ ਚਠਿਆਲ ਦੀ 9ਵੀ ਜਮਾਤ ਦੀ ਵਿਦਿਆਰਥਣ ਅਰਸ਼ਪ੍ਰੀਤ ਕੌਰ ਦੀ ਇਸਰੋ ਵੱਲੋਂ ਚੋਣ ਹੋਣ ਤੇ ਇਲਾਕੇ ਵਿੱਚ ਖੁਸ਼ੀ ਦੀ ਲਹਿਰ ਫੈਲ ਗਈ ਹੈ । ਸਕੂਲ ਇੰਚਾਰਜ ਸਤਪਾਲ ਅਤੇ ਗਾਈਡ ਅਧਿਆਪਕ ਅਮਨਪ੍ਰੀਤ ਸਿੰਘ ਵੱਲੋਂ ਸਮੂਹ ਸਟਾਫ ਸਮੇਤ ਅਰਸ਼ਪ੍ਰੀਤ ਕੌਰ ਦੇ ਗ੍ਰਹਿ ਵਿਖੇ ਪਹੁੰਚ ਕੇ ਪਿੰਡ ਵਾਸੀਆਂ ਦੀ ਮੌਜੂਦਗੀ ਵਿੱਚ ਵਿਦਿਆਰਥਣ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਬੋਲਦਿਆਂ ਸਾਇੰਸ ਮਾਸਟਰ ਅਮਨਪ੍ਰੀਤ ਸਿੰਘ ਨੇ ਦੱਸਿਆ ਕਿ ਇਸਰੋ ਵੱਲੋਂ ਨੈਸ਼ਨਲ ਪੱਧਰ ਤੇ ਲਈ ਗਈ ਪ੍ਰੀਖਿਆ ਵਿੱਚ ਅਰਸ਼ਪ੍ਰੀਤ ਕੌਰ ਨੇ ਚੰਗੇ ਅੰਕ ਹਾਸਲ ਕਰਕੇ ਚੋਣ ਸੂਚੀ ਵਿੱਚ ਆਪਣਾ ਨਾਂ ਦਰਜ ਕਰਵਾਇਆ ਹੈ, ਜੋ ਕਿ ਸਕੂਲ ਅਤੇ ਇਲਾਕੇ ਲਈ ਬਹੁਤ ਫਖਰ ਵਾਲੀ ਗੱਲ ਹੈ। ਉਹਨਾਂ ਇਸ ਮੌਕੇ ਦੱਸਿਆ ਕਿ ਅਰਸ਼ਪ੍ਰੀਤ ਕੌਰ ਨੇ ਨੌਵੀਂ ਜਮਾਤ ਦੀ ਸਲਾਨਾ ਪ੍ਰੀਖਿਆ ਵਿੱਚ ਵੀ ਸਕੂਲ ਵਿੱਚੋਂ ਪਹਿਲਾ ਦਰਜਾ ਹਾਸਿਲ ਕੀਤਾ ਹੈ। ਇੱਥੇ ਇਹ ਵਰਣਨ ਯੋਗ ਹੈ ਕਿ ਚੁਣੀ ਗਈ ਵਿਦਿਆਰਥਣ ਵੱਲੋਂ ਇਸਰੋ ਵਿਖੇ ਦੋ ਹਫਤੇ ਬਿਤਾਏ ਜਾਣਗੇ ਜਿਸ ਦੌਰਾਨ ਇਸਰੋ ਦੇ ਵਿਗਿਆਨੀਆਂ ਨਾਲ ਰੂਬਰੂ ਹੋਣਾ, ਅਤੇ ਭਾਰਤ ਦੇ ਪੁਲਾੜ ਮਿਸ਼ਨਾਂ ਸਬੰਧੀ ਨੇੜੇ ਤੋਂ ਜਾਣਕਾਰੀ ਹਾਸਲ ਕਰਨਾ ਹੈ। ਇਸ ਦੌਰਾਨ ਸਕੂਲ ਦੇ ਵਿਦਿਆਰਥੀਆਂ ਨੇ ਵਿਸ਼ੇਸ਼ ਤੌਰ ਤੇ ਪਹੁੰਚ ਕੇ ਅਰਸ਼ਪ੍ਰੀਤ ਕੌਰ ਨੂੰ ਵਧਾਈ ਦਿੱਤੀ।ਇਸ ਮੌਕੇ ਭਾਰੀ ਮਾਤਰਾ ਵਿੱਚ ਪਿੰਡ ਵਾਸੀ ਮੌਜੂਦ ਸਨ ਉਹਨਾਂ ਅਰਸ਼ਪ੍ਰੀਤ ਕੌਰ ਅਤੇ ਉਸਦੇ ਮਾਤਾ ਪਿਤਾ ਤੇ ਸਕੂਲ ਸਟਾਫ ਨੂੰ ਵਧਾਈ ਦਿੱਤੀ। ਇਸ ਮੌਕੇ ਅਰਸ਼ਪ੍ਰੀਤ ਕੌਰ ਦੀ ਮਾਤਾ ਗੁਰਦੀਪ ਕੌਰ, ਦਾਦਾ ਹਰਭਜਨ ਸਿੰਘ, ਪਿੰਡ ਦੇ ਸਰਪੰਚ ਹਰਜਿੰਦਰ ਸਿੰਘ ,ਨੰਬਰਦਾਰ ਸਵਰਨ ਸਿੰਘ, ਮਾਸਟਰ ਸੰਸਾਰ ਚੰਦ ਸਮੇਤ ਸਕੂਲ ਸਟਾਫ ਅੰਮ੍ਰਿਤਪਾਲ ਸਿੰਘ, ਕੁਮਾਰ ਗੌਰਵ, ਜਸਵਿੰਦਰ ਸਿੰਘ, ਵਿਨੋਦ ਕੁਮਾਰ, ਸੰਜੇ ਬਾਵਾ, ਕਰਨੈਲ ਸਿੰਘ, ਮੈਡਮ ਮਮਤਾ, ਇਕਬਾਲ ਕੌਰ ਬਰਿੰਦਰ ਕੌਰ, ਇਕਬਾਲ ਸਿੰਘ ਆਦਿ ਹਾਜ਼ਰ ਸਨ।








