ਬਟਾਲਾ, 3 ਜੁਲਾਈ (ਅਵਿਨਾਸ਼ ਸ਼ਰਮਾ)
: ਬਟਾਲਾ ਨਗਰ ਸੁਧਾਰ ਟਰਸਟ ਵੱਲੋਂ ਜਲੰਧਰ ਰੋਡ ‘ਤੇ ਸਥਿਤ ਸ਼ਾਮਾ ਪ੍ਰਸ਼ਾਦ ਮੁਖਰਜੀ ਸਕੀਮ ਤਹਿਤ ਅਲਾਟ ਕੀਤੀਆਂ ਗਈਆਂ 8 ਦੁਕਾਨਾਂ ਨੂੰ ਅੱਜ ਸੀਲ ਕਰ ਦਿੱਤਾ ਗਿਆ, ਜੋ ਲੰਬੇ ਸਮੇਂ ਤੋਂ ਟਰਸਟ ਦੀ ਬਕਾਇਆ ਰਕਮ ਨਹੀਂ ਭਰ ਰਹੇ ਸਨ। ਇਹ ਕਾਰਵਾਈ ਨਗਰ ਸੁਧਾਰ ਟਰਸਟ ਦੇ ਚੇਅਰਮੈਨ ਯਸ਼ਪਾਲ ਚੌਹਾਨ ਦੀ ਅਗਵਾਈ ਹੇਠ ਅਮਲ ਵਿਚ ਲਿਆਂਦੀ ਗਈ।
ਚੇਅਰਮੈਨ ਚੌਹਾਨ ਨੇ ਦੱਸਿਆ ਕਿ ਇਹ ਦੁਕਾਨਦਾਰ ਸ਼ੁਰੂਆਤੀ ਦੌਰ ‘ਚ ਇੱਕ ਜਾਂ ਦੋ ਕਿਸ਼ਤਾਂ ਦੇ ਕੇ ਬਾਕੀ ਭੁਗਤਾਨ ਨਹੀਂ ਕਰ ਰਹੇ ਸਨ। ਲੰਬੇ ਸਮੇਂ ਤੋਂ ਬਕਾਇਆ ਰਕਮ ਇੱਕ ਵੱਡੇ ਰੂਪ ਵਿੱਚ ਇਕੱਠੀ ਹੋ ਚੁੱਕੀ ਸੀ। ਟਰਸਟ ਵੱਲੋਂ ਕਈ ਵਾਰ ਚੇਤਾਵਨੀਆਂ ਦੇਣ ਦੇ ਬਾਵਜੂਦ ਭੁਗਤਾਨ ਨਾ ਹੋਣ ਕਰਕੇ ਅੱਜ ਇਹ ਸੀਲਿੰਗ ਦੀ ਕਾਰਵਾਈ ਕੀਤੀ ਗਈ।
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਤਹਿਤ, ਸਰਕਾਰੀ ਜਾਇਦਾਦਾਂ ‘ਤੇ ਨਜਾਇਜ਼ ਕਬਜ਼ੇ ਅਤੇ ਸਰਕਾਰੀ ਅਦਾਈਗੀਆਂ ਨਾ ਕਰਨ ਵਾਲਿਆਂ ਖ਼ਿਲਾਫ਼ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ।
ਚੇਅਰਮੈਨ ਨੇ ਸਖ਼ਤ ਸੁਨੇਹਾ ਦਿੰਦਿਆਂ ਕਿਹਾ ਕਿ ਜੇਹੜੇ ਹੋਰ ਲੋਕ ਵੀ ਨਗਰ ਸੁਧਾਰ ਟਰਸਟ ਦੀ ਜਾਇਦਾਦ ਜਾਂ ਦੁਕਾਨਾਂ ਉੱਤੇ ਨਜਾਇਜ਼ ਕਬਜ਼ਾ ਕਰਕੇ ਬਕਾਇਆ ਰਕਮ ਨਹੀਂ ਭਰ ਰਹੇ, ਉਹ ਤੁਰੰਤ ਟਰਸਟ ਦਫਤਰ ਨਾਲ ਸੰਪਰਕ ਕਰਕੇ ਆਪਣੀ ਅਦਾਇਗੀ ਨਿਭਾਏਂ। ਨਹੀਂ ਤਾਂ ਟਰਸਟ ਵੱਲੋਂ ਬਿਨਾਂ ਕਿਸੇ ਹੋਰ ਚੇਤਾਵਨੀ ਦੇ ਉਨ੍ਹਾਂ ਦੀਆਂ ਵੀ ਦੁਕਾਨਾਂ ਸੀਲ ਕਰ ਦਿੱਤੀਆਂ ਜਾਣਗੀਆਂ ਅਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।