–ਜ਼ਿਲ੍ਹਾ ਚੋਣ ਅਫ਼ਸਰ ਨੇ ਇਲੈਕਸ਼ਨ ਐਕਸਪੈਂਡੀਚਰ ਮੋਨੀਟਰਿੰਗ ਟਰੇਨਿੰਗ ਦੌਰਾਨ ਅਧਿਕਾਰੀਆਂ ਨੂੰ ਨਿਰਪੱਖ ਤੇ ਤਨਦੇਹੀ ਨਾਲ ਕੰਮ ਕਰਨ ਲਈ ਕਿਹਾ
–ਵਧੀਕ ਡਿਪਟੀ ਕਮਿਸ਼ਨਰ ਸ਼ਹਿਰੀ ਵਿਕਾਸ-ਕਮ-ਜ਼ਿਲ੍ਹਾ ਮਾਸਟਰ ਟਰੇਨਰ ਆਸ਼ਿਕਾ ਜੈਨ ਨੇ ਚੋਣਾਂ ਦੇ ਖਰਚੇ ਸਬੰਧੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਤੋਂ ਕਰਵਾਇਆ ਜਾ
ਹੁਸ਼ਿਆਰਪੁਰ, 14 ਦਸੰਬਰ(ਬਿਊਰੋ) : ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਸ੍ਰੀਮਤੀ ਅਪਨੀਤ ਰਿਆਤ ਨੇ ਕਿਹਾ ਕਿ ਆਗਾਮੀ ਵਿਧਾਨ ਸਭਾ ਚੋਣਾਂ ਲਈ ਭਾਰਤੀ ਚੋਣ ਕਮਿਸ਼ਨ ਵਲੋਂ ਉਮੀਦਵਾਰ ਲਈ ਵੱਧ ਤੋਂ ਵੱਧ ਖਰਚਾ 30 ਲੱਖ 80 ਹਜ਼ਾਰ ਰੁਪਏ ਨਿਰਧਾਰਤ ਕੀਤਾ ਗਿਆ ਹੈ। ਇਸ ਤੋਂ ਵੱਧ ਉਮੀਦਵਾਰ ਜੇਕਰ ਖਰਚਾ ਕਰਦਾ ਹੈ ਤਾਂ ਉਸ ਖਿਲਾਫ਼ ਕਮਿਸ਼ਨ ਦੇ ਨਿਰਦੇਸ਼ਾਂ ਅਨੁਸਾਰ ਕਾਰਵਾਈ ਅਪਨਾਈ ਜਾਵੇਗੀ। ਉਹ ਅੱਜ ਇਲੈਕਸ਼ਨ ਐਕਸਪੈਂਡੀਚਰ ਮੋਨੀਟਰਿੰਗ ਸਬੰਧੀ ਵੱਖ-ਵੱਖ ਵਿਧਾਨ ਸਭਾ ਹਲਕਿਆਂ ਵਿਚ ਨਿਯੁਕਤ ਕੀਤੇ ਗਏ ਐਫ.ਐਸ.ਟੀ., ਐਸ.ਐਸ.ਟੀ., ਵੀ.ਵੀ.ਟੀ., ਵੀ.ਐਸ.ਟੀ., ਏ.ਈ.ਓ ਅਤੇ ਅਕਾਊਂਟਸ ਟੀਮ ਤੇ ਸਹਾਇਕ ਖਰਚਾ ਓਬਰਜ਼ਵਰਾਂ ਦੀ ਟਰੇਨਿੰਗ ਦੌਰਾਨ ਉਨ੍ਹਾਂ ਨੂੰ ਸੰਬੋਧਨ ਕਰ ਰਹੇ ਸਨ। ਇਸ ਦੌਰਾਨ ਉਨ੍ਹਾਂ ਨਾਲ ਵਧੀਕ ਡਿਪਟੀ ਕਮਿਸ਼ਨਰ (ਜ)-ਕਮ-ਰਿਟਰਨਿੰਗ ਅਫ਼ਸਰ ਚੱਬੇਵਾਲ ਸੰਦੀਪ ਸਿੰਘ ਅਤੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ)-ਕਮ-ਰਿਟਰਨਿੰਗ ਅਫ਼ਸਰ ਉੜਮੁੜ ਦਰਬਾਰਾ ਸਿੰਘ ਵੀ ਮੌਜੂਦ ਸਨ।
ਜ਼ਿਲ੍ਹਾ ਚੋਣ ਅਫ਼ਸਰ ਨੇ ਇਸ ਦੌਰਾਨ ਚੋਣਾਂ ਸਬੰਧੀ ਸਟਾਫ਼ ਨੂੰ ਚੋਣਾਂ ਦੌਰਾਨ ਰਾਜਨੀਤਿਕ ਦਲਾਂ ਦੇ ਖਰਚੇ ਦੇ ਰਿਕਾਰਡ ਨੂੰ ਮੇਨਟੇਨ ਕਰਨ ਸਬੰਧੀ ਹਦਾਇਤ ਕਰਦਿਆਂ ਕਿਹਾ ਕਿ ਜ਼ਿਲ੍ਹਾ ਪੱਧਰ ’ਤੇ ਚੋਣਾਂ ਦੇ ਖਰਚੇ ਦੀ ਨਿਗਰਾਨੀ ਲਈ ਜ਼ਿਲ੍ਹਾ ਪੱਧਰੀ ਐਕਸਪੈਂਡੀਚਰ ਮੋਨੀਟਰਿੰਗ ਟੀਮ ਸਥਾਪਤ ਕੀਤੀ ਗਈ ਹੈ। ਉਨ੍ਹਾਂ ਟਰੇਨਿੰਗ ਦੌਰਾਨ ਉਕਤ ਟੀਮਾਂ ਦੇ ਮੈਂਬਰਾਂ ਨੂੰ ਆਦਰਸ਼ ਚੋਣ ਜ਼ਾਬਤਾ ਦੇ ਲਾਗੂ ਹੁੰਦੇ ਹੀ ਧਿਆਨ ਵਿਚ ਰੱਖਣ ਵਾਲੀਆਂ ਗੱਲਾਂ ਅਤੇ ਨਿਯਮਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਉਨ੍ਹਾਂ ਨਿਰਦੇਸ਼ ਦਿੰਦਿਆਂ ਕਿਹਾ ਕਿ ਰਾਜਨੀਤਿਕ ਪਾਰਟੀਆਂ ਦੇ ਖਰਚੇ ਦੀ ਨਿਗਰਾਨੀ ਸਬੰਧੀ ਬਣਾਈਆਂ ਗਈਆਂ ਕਮੇਟੀਆਂ ਆਪਣਾ ਕੰਮ ਨਿਰਪੱਖ ਅਤੇ ਤਨਦੇਹੀ ਨਾਲ ਕਰਨ। ਉਨ੍ਹਾਂ ਚੋਣ ਸਟਾਫ਼ ਦਾ ਹੌਂਸਲਾ ਵਧਾਉਂਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਮਾਣ ਮਹਿਸੂਸ ਕਰਨਾ ਚਾਹੀਦਾ ਹੈ ਕਿ ਉਹ ਚੋਣ ਪ੍ਰਕ੍ਰਿਆ ਦਾ ਹਿੱਸਾ ਬਣੇ ਹਨ। ਉਨ੍ਹਾਂ ਸਮੂਹ ਅਧਿਕਾਰੀਆਂ ਨੂੰ ਨਿਰਦੇਸ਼ ਦਿੰਦਿਆਂ ਕਿਹਾ ਕਿ ਆਪਸੀ ਤਾਲਮੇਲ ਅਤੇ ਯੋਜਨਾਬੱਧ ਤਰੀਕੇ ਨਾਲ ਡਿਊਟੀਆਂ ਨਿਭਾਉਣ।
ਟਰੇਨਿੰਗ ਦਿੰਦੇ ਹੋਏ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ)-ਕਮ-ਜ਼ਿਲ੍ਹਾ ਮਾਸਟਰ ਟਰੇਨਰ ਆਸ਼ਿਕਾ ਜੈਨ ਨੇ ਦੱਸਿਆ ਕਿ ਖਰਚਾ ਰਜਿਸਟਰ ਨਾਲ-ਨਾਲ ਸ਼ੈਡੋ ਰਜਿਸਟਰ ਵਿਚ ਵੀ ਨਾਲ-ਨਾਲ ਖਰਚਾ ਦਰਜ ਕਰਨਾ ਜ਼ਰੂਰੀ ਹੈ। ਉਨ੍ਹਾਂ ਦੱਸਿਆ ਕਿ ਕੋਈ ਵੀ ਨਾਗਰਿਕ ਚੋਣਾਂ ਦੌਰਾਨ ਸੀ-ਵਿਜਿਲ ਐਪ ਰਾਹੀਂ ਸ਼ਿਕਾਇਤ ਦਰਜ ਕਰਵਾ ਸਕਦਾ ਹੈ, ਜਿਸ ਦੀ ਫਲਾਇੰਗ ਸਕੁਆਇਡ ਵਲੋਂ ਅੱਗੇ ਜਾਂਚ ਕੀਤੀ ਜਾਵੇਗੀ ਅਤੇ ਰਿਟਰਨਿੰਗ ਅਫ਼ਸਰ ਵਲੋਂ ਜਾਂਚ ਦੇ ਆਧਾਰ ’ਤੇ ਅਗਲੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਸ਼ਿਕਾਇਤ ਦਰਜ ਹੁੰਦੇ ਹੀ ਇਸ ’ਤੇ ਕਾਰਵਾਈ ਸ਼ੁਰੂ ਕੀਤੀ ਜਾਵੇਗੀ ਅਤੇ 100 ਮਿੰਟ ਵਿਚ ਇਸ ਦਾ ਨਿਪਟਾਰਾ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਚੋਣਾਂ ਦੌਰਾਨ ਬੈਂਕ ਖਾਤਿਆਂ ਦਾ ਲੈਣ-ਦੇਣ ’ਤੇ ਚੋਣ ਕਮਿਸ਼ਨ ਵਲੋਂ ਨਜ਼ਰ ਰੱਖੀ ਜਾਵੇਗੀ। ਉਨ੍ਹਾਂ ਦੱਸਿਆ ਕਿ ਚੋਣਾਂ ਦੌਰਾਨ ਜੇਕਰ ਕੋਈ ਵੀ ਪੈਂਫਲਟ, ਪੋਸਟਰ ਆਦਿ ਬਿਨ੍ਹਾਂ ਨਾਮ ਅਤੇ ਪਤੇ ਤੋਂ ਛਾਪਦਾ ਹੈ ਤਾਂ ਪਬਲਿਸ਼ਰਜ਼ ਖਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਸ ਦੌਰਾਨ ਉਨ੍ਹਾਂ ਨੇ ਭਾਰਤੀ ਚੋਣ ਕਮਿਸ਼ਨ ਵਲੋਂ ਹੋਰ ਚੋਣਾਂ ਦੇ ਖਰਚੇ ਸਬੰਧੀ ਹੋਰ ਹਦਾਇਤਾਂ ਬਾਰੇ ਵੀ ਜਾਣੂ ਕਰਵਾਇਆ।
ਇਸ ਮੌਕੇ ਐਸ.ਡੀ.ਐਮ. ਮੁਕੇਰੀਆਂ ਨਵਨੀਤ ਕੌਰ ਬੱਲ, ਚੋਣ ਤਹਿਸੀਲਦਾਰ ਹਰਮਿੰਦਰ ਸਿੰਘ, ਚੋਣ ਕਾਨੂੰਗੋ ਦੀਪਕ ਕੁਮਾਰ ਤੋਂ ਇਲਾਵਾ ਹੋਰ ਅਧਿਕਾਰੀ ਵੀ ਮੌਜੂਦ ਸਨ।