ਕ੍ਰਿਸ਼ੀ ਵਿਗਿਆਨ ਕੇਂਦਰ ਬਾਹੋਵਾਲ ’ਚ ਲੱਗਾ ਕਿਸਾਨ ਮੇਲਾ, ਪਰਾਲੀ ਪ੍ਰਬੰਧਨ ਪ੍ਰਤੀ ਕੀਤਾ ਜਾਗਰੂਕ, ਖੇਤੀ ਵਿਸ਼ਿਆਂ ’ਤੇ ਸਾਂਝੀਆਂ ਕੀਤੀਆਂ ਅਹਿਮ ਜਾਣਕਾਰੀਆਂ
ਹੁਸ਼ਿਆਰਪੁਰ, 13 ਨਵੰਬਰ(ਬਿਊਰੋ) : ਪੰਜਾਬ ਸਰਕਾਰ ਵਲੋਂ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਲਈ ਜਾਗਰੂਕ ਕਰਨ ਦੀ ਮੁਹਿੰਮ ਤਹਿਤ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਦੇ ਅਦਾਰੇ ਕ੍ਰਿਸ਼ੀ ਵਿਗਿਆਨ ਕੇਂਦਰ ਬਾਹੋਵਾਲ ਵਿਖੇ ਕਿਸਾਨ ਮੇਲਾ ਕਰਾਇਆ ਗਿਆ ਜਿਸ ਵਿਚ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਪ੍ਰਬੰਧਨ ਸਬੰਧੀ ਅਹਿਮ ਜਾਣਕਾਰੀਆਂ ਅਤੇ ਤਕਨੀਕਾਂ ਤੋਂ ਜਾਣੂ ਕਰਾਇਆ ਗਿਆ।
ਪੀ.ਏ.ਯੂ. ਦੇ ਪ੍ਰਬੰਧਕੀ ਬੋਰਡ ਦੇ ਮੈਂਬਰ, ਪੰਜਾਬ ਐਗਰੋ ਜੂਸਸ ਦੇ ਚੇਅਰਮੈਨ ਅਤੇ ਉੱਘੇ ਬਾਗਬਾਨ ਕੁਲਵੰਤ ਸਿੰਘ ਆਹਲੂਵਾਲੀਆ ਨੇ ਕਿਸਾਨਾਂ ਨੂੰ ਜ਼ੋਰਦਾਰ ਅਪੀਲ ਕਰਦਿਆਂ ਕਿਹਾ ਕਿ ਪਰਾਲੀ ਨੂੰ ਸੰਭਾਲਣਾ ਸਮੇਂ ਦੀ ਮੁੱਖ ਲੋੜ ਹੈ ਅਤੇ ਇਸ ਨੂੰ ਅੱਗ ਲਾਉਣ ਨਾਲ ਵੱਖ-ਵੱਖ ਖੇਤਰਾਂ ’ਚ ਵੱਡੇ ਨੁਕਸਾਨ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਪਰਾਲੀ ਸਾੜਨ ਦੀ ਥਾਂ ਖੇਤ ਵਿਚ ਮਿਲਾਉਣ ਜਾਂ ਵਿਛਾਉਣ ਨਾਲ ਜ਼ਮੀਨ ਦੀ ਸਿਹਤ ਵਿਚ ਸੁਧਾਰ ਹੋਣ ਦੇ ਨਾਲ-ਨਾਲ ਵਾਤਾਵਰਣ ਨੂੰ ਵੀ ਦੂਸ਼ਿਤ ਹੋਣੋ ਬਚਾਇਆ ਜਾ ਸਕਦਾ ਹੈ। ਉਨ੍ਹਾਂ ਨੇ ਖੇਤੀ ਖੇਤਰ ਵਿਚ ਨਵੀਂਆਂ ਤਕਨੀਕਾਂ, ਨੈਨੋ ਤਕਨੋਜੀ ਅਤੇ ਜੀਵਾਣੂ ਖਾਦਾਂ ਬਾਰੇ ਵੀ ਅਹਿਮ ਜਾਣਕਾਰੀ ਸਾਂਝੀ ਕੀਤੀ। ਕਰਿੱਡ ਤੋਂ ਨਵਿਆਉਣਯੋਗ ਊਰਜਾ ਪ੍ਰੋਗਰਾਮ ਦੇ ਪ੍ਰਮੁੱਖ ਸਹਾਇਕ ਡਾ. ਜਗੀਰ ਸਿੰਘ ਸਮਰਾ ਨੇ ਵੀ ਕੁਦਰਤੀ ਸੋਮਿਆਂ ਦੀ ਸਾਂਭ-ਸੰਭਾਲ ਅਤੇ ਫ਼ਸਲੀ ਰਹਿੰਦ-ਖੂਹੰਦ ਦੀ ਸੁਚੱਜੀ ਵਰਤੋਂ ਦੇ ਨਾਲ-ਨਾਲ ਵਾਤਾਵਰਣ ਪੱਖੀ ਤਕਨੀਕਾਂ ਅਪਨਾਉਣ ਲਈ ਕਿਸਾਨਾਂ ਨੂੰ ਪ੍ਰੇਰਿਤ ਕੀਤਾ।
ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਪਸਾਰ ਸਿੱਖਿਆ ਦੇ ਵਧੀਕ ਡਾਇਰੈਕਟਰ ਡਾ. ਗੁਰਜਿੰਦਰ ਪਾਲ ਸਿੰਘ ਸੋਢੀ ਨੇ ਪਰਾਲੀ ਨਾ ਸਾੜਨ ਲਈ ਚਲਾਈ ਮੁਹਿੰਮ ਵਿਚ ਭਰਵਾਂ ਯੋਗਦਾਨ ਪਾਉਣ ਵਾਲੇ ਕਿਸਾਨਾਂ ਦੀ ਸ਼ਲਾਘਾ ਕਰਦਿਆਂ ਕਿਸਾਨਾਂ ਨੂੰ ਖੇਤੀ ਖਰਚੇ ਘਟਾਉਣ ਅਤੇ ਸਹਾਇਕ ਧੰਦੇ ਅਪਨਾਉਣ ਦੀ ਲੋੜ ’ਤੇ ਜ਼ੋਰ ਦਿੱਤਾ। ਕ੍ਰਿਸ਼ੀ ਵਿਗਿਆਨ ਕੇਂਦਰ ਦੇ ਡਿਪਟੀ ਡਾਇਰੈਕਟਰ ਡਾ. ਮਨਿੰਦਰ ਸਿੰਘ ਬੌਂਸ ਨੇ ਕਿਸਾਨ ਭਲਾਈ ਕੇਂਦਰ ਦੀਆਂ ਸਰਗਰਮੀਆਂ ਦੀ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਸਾਰੀਆਂ ਧਿਰਾਂ ਦੇ ਸੁਚੱਜੇ ਸਹਿਯੋਗ ਨਾਲ ਵਧੀਆ ਢੰਗ ਨਾਲ ਪਰਾਲੀ ਪ੍ਰਬੰਧਨ ਨੂੰ ਯਕੀਨੀ ਬਣਾਇਆ ਜਾ ਸਕਦਾ ਹੈ। ਕਿਸਾਨਾਂ ਦੀ ਤਕਨੀਕੀ ਜਾਣਕਾਰੀ ਵਿਚ ਹੋਰ ਵਾਧਾ ਕਰਨ ਅਤੇ ਆਧੁਨਿਕ ਖੇਤੀ ਤਕਨੀਕਾਂ ਬਾਰੇ ਜਾਣਕਾਰੀ ਦੇਣ ਲਈ ਵੱਖ-ਵੱਖ ਵਿਸ਼ਿਆਂ ਦੇ ਮਾਹਰਾਂ ਨੇ ਕਿਸਾਨਾਂ ਤੇ ਕਿਸਾਨ ਬੀਬੀਆਂ ਨਾਲ ਵਿਸ਼ੇਸ਼ ਗੱਲਬਾਤ ਕੀਤੀ। ਇਸ ਮੌਕੇ ਪਿਛਲੇ ਸਾਲਾਂ ਦੌਰਾਨ ਪਰਾਲੀ ਦੀ ਸੰਭਾਲ ਲਈ ਕ੍ਰਿਸ਼ੀ ਵਿਗਿਆਨ ਕੇਂਦਰ ਬਾਹੋਵਾਲ ਵਲੋਂ ਅਪਨਾਏ ਪਿੰਡਾਂ ਢੋਡਰਪੁਰ, ਪੰਡੋਰੀ ਗੰਗਾ ਸਿੰਘ, ਪੰਜੌੜਾ, ਕੋਟਲਾ, ਸਕਰੂਲੀ, ਗੁੱਜਰਪੁਰ, ਈਸਪੁਰ, ਮਖਸੂਸਪੁਰ, ਭਗਤੂਪੁਰ, ਜਲਵੇਹੜਾ, ਚੱਕਗੁਰੂ, ਚੌਹੜਾਂ, ਫਤਿਹਪੁਰ ਕਲਾਂ, ਲੱਲੀਆਂ, ਹੱਲੂਵਾਲ, ਬਾਹੋਵਾਲ, ਡੰਡੇਵਾਲ, ਮਹਿਤਾਬਪੁਰ, ਹੁੱਕੜਾਂ, ਭਾਰਟਾ ਤੇ ਗਣੇਸ਼ਪੁਰ ਨੂੰ ਸੁਚੱਜੇ ਪਰਾਲੀ ਪ੍ਰਬੰਧਨ ਲਈ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਦੁਆਬਾ ਪਬਲਿਕ ਸਕੂਲ ਪਾਰੋਵਾਲ, ਗੁਰਸੇਵਾ ਇੰਸਟੀਚਿਊਟ ਆਫ਼ ਸਾਇੰਸ ਐਂਡ ਟੈਕਨਾਲੋਜੀ ਪਨਾਮ ਦੇ ਵਿਦਿਆਰਥੀਆਂ ਵਲੋਂ ਕ੍ਰਮਵਾਰ ਪਰਾਲੀ ਨੂੰ ਅੱਗ ਲਗਾਉਣ ਨਾਲ ਹੋਣ ਵਾਲੇ ਨੁਕਸਾਨਾਂ ਨੂੰ ਬਿਆਨਦੀ ਸਕਿੱਟ ਅਤੇ ਮੈਡੀਕਲ ਕੈਂਪ ਤੇ ਗਿੱਧੇ ਦੀ ਪੇਸ਼ਕਾਰੀ ਵੀ ਕੀਤੀ ਗਈ।
ਇਸ ਮੌਕੇ ਵੱਖ-ਵੱਖ ਸਵੈ-ਸਹਾਇਤਾ ਸਮੂਹਾਂ ਤੇ ਪ੍ਰਾਈਵੇਟ ਅਦਾਰਿਆਂ ਵਲੋਂ ਆਪਣੇ-ਆਪਣੇ ਪਦਾਰਥਾਂ ਨਾਲ ਸਬੰਧਤ ਪ੍ਰਦਰਸ਼ਨੀ ਵੀ ਲਗਾਈ ਗਈ। ਹੋਰਨਾਂ ਤੋਂ ਇਲਾਵਾ ਡਿਪਟੀ ਡਾਇਰੈਕਟਰ ਡਾ. ਅਮਨਦੀਪ ਸਿੰਘ ਬਰਾੜ, ਖੇਤੀ ਅਫ਼ਸਰ ਡਾ. ਸੁਭਾਸ਼ ਚੰਦ, ਪ੍ਰਧਾਨ ਫੈਪਰੋ ਜਸਵੀਰ ਸਿੰਘ, ਲਾਂਬੜਾ ਕਾਂਗੜੀ ਬਹੁ ਮੰਤਵੀਂ ਸਹਿਕਾਰੀ ਸੋਸਾਇਟੀ ਤੋਂ ਜਸਵਿੰਦਰ ਸਿੰਘ, ਖੇਤੀ ਵਿਕਾਸ ਅਫ਼ਸਰ ਡਾ. ਹਰਜੀਤ ਸਿੰਘ, ਬਾਗਬਾਨੀ ਵਿਕਾਸ ਅਫ਼ਸਰ ਨਵਤੇਜ ਸਿੰਘ, ਪੰਜਾਬ ਐਗਰੋ ਤੋਂ ਸ਼ੁਭੱਮ ਸ਼ਰਮਾ, ਇੰਜੀਨੀਅਰ ਰੁਪਿੰਦਰ ਚੰਦੇਲ, ਡਾ. ਸੁਮਨਜੀਤ ਕੌਰ, ਡਾ. ਰਾਕੇਸ਼ ਕੁਮਾਰ ਸ਼ਰਮਾ, ਡਾ. ਨਵਜੋਤ ਸਿੰਘ ਬਰਾੜ, ਡਾ. ਤੇਜਵੀਰ ਸਿੰਘ, ਡਾ. ਸੁਖਵਿੰਦਰ ਸਿੰਘ ਔਲਖ ਨੇ ਵੱਖ-ਵੱਖ ਖੇਤੀ ਵਿਸ਼ਿਆਂ ’ਤੇ ਅਹਿਮ ਜਾਣਕਾਰੀ ਸਾਂਝੀ ਕੀਤੀ।