ਗੜ੍ਹਦੀਵਾਲਾ 23 ਦਸੰਬਰ (ਚੌਧਰੀ)
: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਪ੍ਰਬੰਧ ਅਧੀਨ ਚੱਲ ਰਹੇ ਅਦਾਰੇ ਖ਼ਾਲਸਾ ਕਾਲਜ ਗੜ੍ਹਦੀਵਾਲਾ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਪ੍ਰਧਾਨ ਐਡਵੋਕੇਟ ਸ. ਹਰਜਿੰਦਰ ਸਿੰਘ ਧਾਮੀ, ਸਕੱਤਰ (ਸਿੱਖਿਆ) ਸ. ਸੁਖਮਿੰਦਰ ਸਿੰਘ ਦੀ ਰਹਿਨੁਮਾਈ ਅਤੇ ਪ੍ਰਿੰਸੀਪਲ ਡਾ. ਜਸਪਾਲ ਸਿੰਘ ਦੀ ਅਗਵਾਈ ਹੇਠ ਮਾਤਾ ਗੁਜ਼ਰ ਕੌਰ ਅਤੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ ਗਿਆ। ਇਸ ਮੌਕੇ ਕਾਲਜ ਦੇ ਧਰਮ ਵਿਭਾਗ ਦੇ ਮੈਡਮ ਜਤਿੰਦਰ ਕੌਰ ਅਤੇ ਵਿਦਿਆਰਥੀਆਂ ਦੁਆਰਾ ਸ੍ਰੀ ਜਪੁਜੀ ਸਾਹਿਬ ਅਤੇ ਚੌਪਈ ਸਾਹਿਬ ਦੇ ਪਾਠ ਕੀਤੇ ਗਏ। ਭਾਈ ਬਲਵੀਰ ਸਿੰਘ ਕਵਿਸ਼ਰੀ ਜਥੇ ਨੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਨਾਲ ਸੰਬੰਧਿਤ ਕਵਿਸ਼ਰੀ ਗਾਇਨ ਕੀਤਾ ਅਤੇ ਸ਼ਹੀਦਾਂ ਦੀ ਸ਼ਹਾਦਤ ਦੇ ਇਤਿਹਾਸ ਤੋਂ ਜਾਣੂ ਕਰਵਾਇਆ। ਅਰਦਾਸ ਉਪਰੰਤ ਵਿਦਿਆਰਥੀਆਂ ਅਤੇ ਸਮੂਹ ਸਟਾਫ਼ ਮੈਂਬਰਾਂ ਵੱਲੋਂ ਗੜ੍ਹਦੀਵਾਲਾ ਸ਼ਹਿਰ ਵਿੱਚ ਸਾਹਿਬਜ਼ਾਦਿਆਂ ਦੀ ਸ਼ਹੀਦੀ ਨਾਲ ਸੰਬੰਧਿਤ ਬੈਨਰਾਂ ਨਾਲ ਗੁਰਮਤਿ ਚੇਤਨਾ ਮਾਰਚ ਕੱਢਿਆ ਗਿਆ। ਗੁਰਮਤਿ ਚੇਤਨਾ ਮਾਰਚ ਦੌਰਾਨ ਵਿਦਿਆਰਥੀਆਂ ਨੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਨਾਲ ਸੰਬੰਧਿਤ ਸ਼ਬਦ ਗਾਇਨ ਕੀਤਾ। ਇਸ ਮੌਕੇ ਪ੍ਰਿੰਸੀਪਲ ਡਾ. ਜਸਪਾਲ ਸਿੰਘ ਨੇ ਕਿਹਾ ਕਿ ਸਾਹਿਬਜ਼ਾਦਿਆਂ ਦੀ ਸ਼ਹੀਦੀ ਅਜੋਕੀ ਪੀੜ੍ਹੀ ਨੂੰ ਜ਼ਬਰ-ਜ਼ੁਲਮ ਦਾ ਡੱਟ ਕੇ ਮੁਕਾਬਲਾ ਕਰਨ ਦੀ ਪ੍ਰੇਰਨਾ ਦਿੰਦੀ ਹੈ। ਉਹਨਾਂ ਕਿਹਾ ਕਿ ਮਾਤਾ ਗੁਜ਼ਰ ਕੌਰ ਨੇ ਜਿਸ ਦਲੇਰੀ ਅਤੇ ਨਿਡਰਤਾ ਨਾਲ ਧਰਮ ਦੀ ਖ਼ਾਤਰ ਸ਼ਹਾਦਤ ਦਿੱਤੀ, ਉਸ ਵਰਗੀ ਉਦਾਹਰਣ ਸਮੁੱਚੇ ਸੰਸਾਰ ਵਿੱਚ ਨਹੀਂ ਮਿਲਦੀ। ਮੰਚ ਸੰਚਾਲਨ ਦੀ ਜ਼ਿੰਮੇਵਾਰੀ ਸ. ਗੁਰਪਿੰਦਰ ਸਿੰਘ ਨੇ ਨਿਭਾਈ। ਇਸ ਮੌਕੇ ਕਾਲਜ ਦਾ ਟੀਚਿੰਗ, ਨਾਨ- ਟੀਚਿੰਗ ਸਟਾਫ਼ ਅਤੇ ਵਿਦਿਆਰਥੀ ਹਾਜ਼ਰ ਸਨ।








