ਪਠਾਨਕੋਟ (ਤਰੁਣ ਸਣਹੋਤਰਾ)
12 ਮਾਰਚ : ਪਠਾਨਕੋਟ ਪੁਲਿਸ ਨੇ ਲਗਾਤਾਰ ਦੂਜੇ ਦਿਨ ਗੈਰ-ਕਾਨੂੰਨੀ ਮਾਈਨਿੰਗ ਗਤੀਵਿਧੀਆਂ ਵਿਰੁੱਧ ਆਪਣੀ ਕਾਰਵਾਈ ਨੂੰ ਜਾਰੀ ਰੱਖਦੇ ਹੋਏ ਜ਼ਿਲ੍ਹੇ ਦੇ ਨਰੋਟ ਜੈਮਲ ਸਿੰਘ ਅਤੇ ਮਾਧੋਪੁਰ ਖੇਤਰਾਂ ਵਿੱਚ ਕਥਿਤ ਤੌਰ ‘ਤੇ ਗੈਰ-ਕਾਨੂੰਨੀ ਮਾਈਨਿੰਗ ਗਤੀਵਿਧੀਆਂ ਵਿੱਚ ਸ਼ਾਮਲ ਹੋਣ ਦੇ ਦੋਸ਼ ਵਿੱਚ ਕਰੱਸ਼ਰ ਮਾਲਕਾਂ ਵਿਰੁੱਧ ਦੋ ਐਫ.ਆਈ.ਆਰ ਦਰਜ ਕੀਤੀਆਂ ਹਨ।
ਐਸ.ਐਸ.ਪੀ ਸ਼੍ਰੀ ਹਰਕਮਲਪ੍ਰੀਤ ਸਿੰਘ ਖੱਖ ਜੀ ਨੇ ਦੱਸਿਆ ਕਿ ਪਠਾਨਕੋਟ ਪੁਲਿਸ ਮਾਈਨਿੰਗ ਮਾਫੀਆ ‘ਤੇ ਸਖ਼ਤ ਕਾਰਵਾਈ ਕਰ ਰਹੀ ਹੈ ਅਤੇ ਅੱਜ ਪੁਲਿਸ ਨੇ ਨਰੋਟ ਜੈਮਲ ਸਿੰਘ ਖੇਤਰ ਵਿੱਚ ਦੋ ਹੋਰ ਕਰੈਸ਼ਰ ਮਾਲਕਾਂ ਅਤੇ ਮਾਧੋਪੁਰ ਨੇੜੇ ਬੇਹੜੀਆਂ ਖੇਤਰ ਵਿੱਚ ਇੱਕ ਐਫ.ਆਈ.ਆਰ ਦਰਜ ਕੀਤੀ ਹੈ ।ਉਨ੍ਹਾਂ ਦੱਸਿਆ ਕਿ ਪੁਲਿਸ ਨੇ ਪੋਕਲੇਨ ਮਸ਼ੀਨ ਅਤੇ ਟਿੱਪਰ ਵੀ ਜ਼ਬਤ ਕਰ ਲਏ ਹਨ।
ਮੁਲਜ਼ਮ ਦੀ ਪਛਾਣ ਮਾਧੋਪੁਰ ਦੇ ਮਾਧਵ ਸਟੋਨ ਕਰੈਸ਼ਰ ਦੇ ਮਾਲਕ ਅਮਿਤ ਸ਼ਰਮਾ ਅਤੇ ਦੀਪਕ ਮਨਕੋਟੀਆ ਅਤੇ ਮਨੀਮਹੇਸ਼ ਸਟੋਨ ਕਰੈਸ਼ਰ ਦੇ ਮਾਲਕ ਪੰਕਜ ਆਪਣੇ ਸਾਥੀ ਅਰਵਿੰਦ ਕੁਮਾਰ ਵਾਸੀ ਬਹਿਲੋਲਪੁਰ ਵਜੋਂ ਹੋਈ ਹੈ। ਅਮਿਤ ਸ਼ਰਮਾ ਸਥਾਨਕ ਨਗਰ ਕੌਂਸਲਰ ਵੀ ਹਨ। ਧਾਰਾ 21(1) ਮਾਈਨਿੰਗ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਸੀ।
ਐਸ.ਐਸ.ਪੀ ਜੀ ਨੇ ਇਹ ਵੀ ਕਿਹਾ ਕਿ ਪੁਲਿਸ ਨੇ ਗੈਰ-ਕਾਨੂੰਨੀ ਮਾਈਨਿੰਗ ਗਤੀਵਿਧੀਆਂ ਵਿੱਚ ਸ਼ਨੀਵਾਰ ਨੂੰ ਗ੍ਰਿਫਤਾਰ ਕੀਤੇ ਗਏ ਚਾਰ ਮੁਲਜ਼ਮਾਂ ਵਿਰੁੱਧ ਆਈ.ਪੀ.ਸੀ ਦੀ ਧਾਰਾ 379 ਵੀ ਜੋੜ ਦਿੱਤੀ ਹੈ।
ਪੁਲਿਸ ਨੇ ਲੋਕਾਂ ਨੂੰ ਇਲਾਕੇ ਵਿੱਚ ਗੈਰ-ਕਾਨੂੰਨੀ ਮਾਈਨਿੰਗ ਗਤੀਵਿਧੀਆਂ ਬਾਰੇ ਕਿਸੇ ਵੀ ਤਰ੍ਹਾਂ ਦੀ ਸੂਚਨਾ ਦੇਣ ਲਈ ਅੱਗੇ ਆਉਣ ਦੀ ਅਪੀਲ ਕੀਤੀ ਹੈ ਅਤੇ ਤੁਰੰਤ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਹੈ।