ਗੜ੍ਹਸ਼ੰਕਰ(ਅਸ਼ਵਨੀ ਸ਼ਰਮਾ)
5 ਨਵੰਬਰ : ਸ਼ੁੱਕਰਵਾਰ ਦੇਰ ਸ਼ਾਮ ਨੂੰ ਇੱਥੋਂ ਦੇ ਨਜ਼ਦੀਕੀ ਪਿੰਡ ਘਾਗੋਂ ਰੋੜਾਂਵਾਲੀ ਵਿਖੇ ਘਰ ’ਚ ਇਕੱਲੇ ਰਹਿੰਦੇ ਬਜ਼ੁਰਗ ਦਾ ਲੁਟੇਰਿਆਂ ਵਲੋਂ ਬੇਰਹਿਮੀ ਨਾਲ ਕਤਲ ਕਰ ਦੇਣ ਦੀ ਘਟਨਾ ਵਾਪਰੀ ਹੈ। ਲੁਟੇਰਿਆਂ ਵਲੋਂ 85 ਸਾਲਾ ਬਜ਼ੁਰਗ ਧਰਮ ਚੰਦ ਪੁੱਤਰ ਬੰਤਾ ਰਾਮ ਨੂੰ ਬਾਥਰੂਮ ਵਿਚ ਬੰਨ ਕੇ ਮੌਤ ਦੇ ਘਾਟ ਉਤਾਰਨ ਤੋਂ ਬਾਅਦ ਉਸਦੇ ਹੱਥਾਂ ’ਚ ਪਹਿਨੀਆਂ ਸੋਨੇ ਦੀਆਂ ਮੁੰਦੀਆਂ, ਕੜਾ ਤੇ ਘਰ ਦੀ ਫਰੋਲਾ ਫਰਾਲੀ ਕਰਕੇ ਗਹਿਣਿਆਂ, ਨਕਦੀ ਆਦਿ ਦੀ ਲੁੱਟ ਨੂੰ ਅੰਜ਼ਾਮ ਦਿੱਤਾ ਗਿਆ। ਲੰਘੀ ਰਾਤ ਰੋਟੀ ਦੇਣ ਸਮੇਂ ਗੁਆਂਢੀਆਂ ਨੂੰ ਜਦੋਂ ਘਰ ’ਚ ਬਜ਼ੁਰਗ ਨਾ ਮਿਲਿਆ ਤਾਂ ਉਸਦੀ ਭਾਲ ਕਰਨੀ ਸ਼ੁਰੂ ਕੀਤੀ ਗਈ। ਅਖ਼ੀਰ ਘਰ ਦੇ ਇਕ ਬੰਦ ਪਏ ਬੈੱਡਰੂਮ ਦਾ ਜਦੋਂ ਦਰਵਾਜ਼ਾ ਖੋਲਿ੍ਹਆ ਗਿਆ ਤਾਂ ਬਾਥਰੂਮ ਵਿਚ ਬਜ਼ੁਰਗ ਨੂੰ ਮਿ੍ਰਤਕ ਹਾਲਤ ਵਿਚ ਪਾਇਆ ਗਿਆ ਜਿਸਦੇ ਸਿਰ ’ਤੇ ਸੱਟਾਂ ਦੇ ਨਿਸ਼ਾਨ ਵੀ ਸਨ। ਗੜ੍ਹਸ਼ੰਕਰ ਪੁਲਿਸ ਵਲੋਂ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਜਾਂਚ ਕੀਤੀ ਜਾ ਰਹੀ ਹੈ।