ਫਗਵਾੜਾ (ਲਾਲੀ ਦਾਦਰ )
ਸਰਬ ਨੌਜਵਾਨ ਸਭਾ ਨੂੰ ਟ੍ਰੇਨਿੰਗ ਪਾਰਟਨਰ ਵਜੋਂ ਮਾਨਤਾ ਲਈ ਸਰਕਾਰ ਨੂੰ ਭੇਜਾਂਗੇ ਪ੍ਰਸਤਾਵ : ਵਰੁਣ ਜੋਸ਼ੀ
* ਸਿਖਲਾਈ ਲੈ ਰਹੀਆਂ ਵਿਦਿਆਰਥਣਾਂ ਨੂੰ ਸਰਕਾਰੀ ਸਕੀਮਾਂ ਬਾਰੇ ਦਿੱਤੀ ਜਾਣਕਾਰੀ
2 ਮਈ : ਜ਼ਿਲ੍ਹਾ ਪਲੇਸਮੈਂਟ ਅਫ਼ਸਰ ਡਾ: ਵਰੁਣ ਜੋਸ਼ੀ ਨੇ ਸਰਬ ਨੌਜਵਾਨ ਸਭਾ (ਰਜਿ.) ਵੱਲੋਂ ਸੋਸਵਾ ਪੰਜਾਬ ਦੇ ਸਹਿਯੋਗ ਅਤੇ ਸਭਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਦੀ ਦੇਖ-ਰੇਖ ਹੇਠ ਸਥਾਨਕ ਸਕੀਮ ਨੰਬਰ 3 ਹੁਸ਼ਿਆਰਪੁਰ ਰੋਡ ਫਗਵਾੜਾ ਵਿਖੇ ਚਲਾਏ ਜਾ ਰਹੇ ਵੋਕੇਸ਼ਨਲ ਸੈਂਟਰ ਦਾ ਦੌਰਾ ਕੀਤਾ। ਇਸ ਦੌਰਾਨ ਉਨ੍ਹਾਂ ਨੇ ਸਭਾ ਦੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਮਹਿਲਾ ਸਸ਼ਕਤੀਕਰਨ ਦੀ ਦਿਸ਼ਾ ਵਿੱਚ ਇਹ ਇੱਕ ਬਹੁਤ ਹੀ ਸਾਰਥਕ ਉਪਰਾਲਾ ਹੈ। ਉਨ੍ਹਾਂ ਜਿੱਥੇ ਸਿਖਲਾਈ ਪ੍ਰਾਪਤ ਕਰ ਰਹੀਆਂ ਲੜਕੀਆਂ ਨੂੰ ਸਰਕਾਰ ਦੀਆਂ ਸਵੈ-ਰੁਜ਼ਗਾਰ ਸਕੀਮਾਂ ਬਾਰੇ ਵਿਸਥਾਰ ਨਾਲ ਦੱਸਿਆ, ਉੱਥੇ ਹੀ ਭਰੋਸਾ ਦਿੱਤਾ ਕਿ ਸਰਕਾਰ ਨੂੰ ਪ੍ਰਸਤਾਵ ਭੇਜ ਕੇ ਸਰਬ ਨੌਜਵਾਨ ਸਭਾ ਨੂੰ ਟ੍ਰੇਨਿੰਗ ਪਾਰਟਨਰ ਬਣਾਇਆ ਜਾਵੇਗਾ ਤਾਂ ਜੋ ਵੱਧ ਤੋਂ ਵੱਧ ਬੇਰੁਜ਼ਗਾਰ ਨੌਜਵਾਨ ਲੜਕੇ ਲੜਕੀਆਂ ਨੂੰ ਵੱਖ-ਵੱਖ ਕਿੱਤਾ ਮੁਖੀ ਕੋਰਸਾਂ ਦੀ ਸਿਖਲਾਈ ਦੁਵਾ ਕੇ ਸਵੈ-ਰੁਜ਼ਗਾਰ ਨਾਲ ਜੋੜਿਆ ਜਾ ਸਕੇ। ਉਨ੍ਹਾਂ ਕਿਹਾ ਕਿ ਦੇਸ਼ ਦੀ ਵਧਦੀ ਆਬਾਦੀ ਦੇ ਮੱਦੇਨਜ਼ਰ ਅੱਜ ਦੇ ਯੁੱਗ ਵਿੱਚ ਸਫਲ ਕੈਰੀਅਰ ਬਣਾਉਣ ਲਈ ਸਵੈ-ਰੁਜ਼ਗਾਰ ਇੱਕ ਬਿਹਤਰ ਵਿਕਲਪ ਹੈ। ਪੜ੍ਹੇ-ਲਿਖੇ ਬੇਰੁਜ਼ਗਾਰ ਨੌਜਵਾਨ ਲੜਕੇ-ਲੜਕੀਆਂ ਆਪਣੀ ਰੁਚੀ ਮੁਤਾਬਿਕ ਕੋਈ ਵੀ ਕਿੱਤਾ ਮੁਖੀ ਕੋਰਸ ਦੀ ਸਿਖਲਾਈ ਲੈ ਕੇ ਸਰਕਾਰ ਦੀਆਂ ਆਸਾਨ ਕਰਜ਼ਾ ਸਕੀਮਾਂ ਦਾ ਲਾਭ ਉਠਾਉਂਦੇ ਹੋਏ ਨਾ ਸਿਰਫ਼ ਚੰਗੀ ਆਮਦਨ ਕਮਾ ਸਕਦੇ ਹਨ, ਸਗੋਂ ਹੋਰ ਬੇਰੁਜ਼ਗਾਰਾਂ ਨੂੰ ਵੀ ਰੁਜ਼ਗਾਰ ਮੁਹੱਈਆ ਕਰਵਾ ਸਕਦੇ ਹਨ। ਉਨ੍ਹਾਂ ਸੈਂਟਰ ਦੀਆਂ ਸਮੂਹ ਮਹਿਲਾਵਾਂ ਨੂੰ ਉਤਸ਼ਾਹਿਤ ਕਰਦਿਆਂ ਕਿਹਾ ਕਿ ਛੋਟਾ ਕਾਰੋਬਾਰ ਹਮੇਸ਼ਾ ਵੱਡੇ ਵਪਾਰ ਵੱਲ ਪਹਿਲਾ ਕਦਮ ਹੁੰਦਾ ਹੈ। ਇਸ ਦੌਰਾਨ ਉਨ੍ਹਾਂ ਵਿਦੇਸ਼ਾਂ ’ਚ ਵਸਣ ਦੇ ਚਾਹਵਾਨ ਨੌਜਵਾਨਾਂ ਨੂੰ ਸੁਚੇਤ ਕਰਦਿਆਂ ਕਿਹਾ ਕਿ ਉਹ ਏਜੰਟਾਂ ਦੇ ਭੁਲੇਖੇ ’ਚ ਪੈ ਕੇ ਵਿਦੇਸ਼ ਜਾਣ ਤੋਂ ਗੁਰੇਜ਼ ਕਰਨ। ਜਿਹੜੇ ਨੌਜਵਾਨ ਵਿਦੇਸ਼ ਜਾਣਾ ਚਾਹੁੰਦੇ ਹਨ, ਉਹ ਇੰਟਰਨੈੱਟ ਰਾਹੀਂ ਸਹੀ ਜਾਣਕਾਰੀ ਲੈਣ ਤੋਂ ਬਾਅਦ ਸਹੀ ਦਸਤਾਵੇਜ਼ਾਂ ਦੇ ਆਧਾਰ ’ਤੇ ਵਿਦੇਸ਼ ਦੀ ਫਾਈਲ ਤਿਆਰ ਕਰਕੇ ਅੰਬੇਸੀ ਰਾਹੀਂ ਅਪਲਾਈ ਕਰਨ। ਇਸ ਨਾਲ ਉਨ੍ਹਾਂ ਦੇ ਪੈਸੇ ਦੀ ਵੀ ਬੱਚਤ ਹੋਵੇਗੀ ਅਤੇ ਡਿਪੋਟ ਹੋਣ ਦਾ ਖਤਰਾ ਵੀ ਨਹੀਂ ਹੋਵੇਗਾ। ਉਨ੍ਹਾਂ ਸੈਂਟਰ ਦੀਆਂ ਸਿਖਲਾਈ ਪ੍ਰਾਪਤ ਲੜਕੀਆਂ ਦੇ ਸਵਾਲਾਂ ਦੇ ਜਵਾਬ ਵੀ ਦਿੱਤੇ। ਸਭਾ ਦੀ ਤਰਫੋਂ ਡਾ: ਵਰੁਣ ਜੋਸ਼ੀ ਨੂੰ ਸਨਮਾਨਤ ਵੀ ਕੀਤਾ ਗਿਆ। ਇਸ ਮੌਕੇ ਸਭਾ ਦੇ ਮੀਤ ਪ੍ਰਧਾਨ ਰਵਿੰਦਰ ਸਿੰਘ ਰਾਏ, ਨਰਿੰਦਰ ਸਿੰਘ ਸੈਣੀ, ਸਾਹਿਬਜੀਤ ਸਾਬੀ, ਮਨਦੀਪ ਬੱਸੀ, ਅਨੂਪ ਦੁੱਗਲ, ਰਾਕੇਸ਼ ਕੋਛੜ, ਕੁਲਦੀਪ ਦੁੱਗਲ, ਰਾਜ ਕੁਮਾਰ ਰਾਜਾ ਤੋਂ ਇਲਾਵਾ ਸ਼ਰਨਜੀਤ ਬਾਸੀ, ਮੈਨੇਜਰ ਜਗਜੀਤ ਸੇਠ, ਮੈਡਮ ਪੂਜਾ ਸੈਣੀ, ਮੈਡਮ ਮਧੂ ਪਰਮਾਰ, ਮੈਡਮ ਤਨੂ, ਮੈਡਮ ਸੁਖਜੀਤ ਕੌਰ, ਪੂਜਾ, ਖੁਸ਼ਪ੍ਰੀਤ, ਯਾਸਮੀਨ, ਪੂਨਮ ਸ਼ਰਮਾ, ਆਂਚਲ, ਮਨਦੀਪ, ਮਨਪ੍ਰੀਤ ਕੌਰ, ਪੂਜਾ ਮਹਿਮੀ, ਮੋਨਿਕਾ, ਸੁਮਨ, ਰਾਣੀ, ਪ੍ਰਭਜੋਤ, ਅਮਨ, ਪ੍ਰਿਅੰਕਾ, ਗੁਰਪ੍ਰੀਤ, ਅੰਜਲੀ, ਭੁਵਨੇਸ਼, ਨੀਲਮ, ਪਰਮਜੀਤ, ਨਵਜੋਤ, ਨੀਲੂ, ਨਿਸ਼ਾ, ਅਨੀਸ਼ਾ, ਮਨੀਸ਼ਾ, ਰਾਜਵਿੰਦਰ, ਰਾਜਵੀਰ, ਜਸਪ੍ਰੀਤ, ਸਲੋਨੀ, ਰਵੀਨਾ, ਸੁਧਾ, ਨਿਧੀ, ਕਾਜਲ, ਮਾਲਾ, ਕਸ਼ਿਸ਼, ਕਾਰਤਿਕਾ, ਗੁਰਲੀਨ, ਈਸ਼ਾ ਆਦਿ ਹਾਜ਼ਰ ਸਨ।








