ਹੁਸ਼ਿਆਰਪੁਰ, 17 ਜੁਲਾਈ (ਤਰਸੇਮ ਦੀਵਾਨਾ )
• ਕਾਬਿਜ਼ ਧਿਰ ਦਮਦਮੀ ਟਕਸਾਲ ਨੂੰ ਮਿਲੀ ਭਾਰੀ ਨਮੋਸ਼ੀ
• ਸਾਰਾ ਇਲਾਕਾ ਪੁਲਿਸ ਛਾਉਣੀ ‘ਚ ਹੋਇਆ ਤਬਦੀਲ
: ਜ਼ਿਲਾ ਹੁਸ਼ਿਆਰਪੁਰ ਦੇ ਬਹੁਚਰਚਿਤ ਡੇਰਾ ਬਾਬਾ ਜਵਾਹਰ ਦਾਸ ਸੂਸਾਂ ਦੇ ਕਬਜ਼ੇ ਦੇ ਸੰਬੰਧ ਵਿੱਚ ਪਿੰਡ ਵਾਸੀਆਂ ਵੱਲੋਂ ਕੀਤੇ ਕੇਸ ‘ਚ ਵੀਰਵਾਰ ਨੂੰ ਹੁਸ਼ਿਆਰਪੁਰ ਦੀ ਅਦਾਲਤ ਵਲੋਂ ਪਿੰਡ ਵਾਸੀਆਂ ਦੇ ਹੱਕ ‘ਚ ਫ਼ੈਸਲਾ ਸੁਣਾਇਆ ਗਿਆ ਹੈ ਜਿਸ ਵਿੱਚ ਦਮਦਮੀ ਟਕਸਾਲ ਭਿੰਡਰਾਂ ਮਹਿਤਾ ਨੂੰ ਭਾਰੀ ਨਮੋਸ਼ੀ ਮਿਲੀ ਹੈ।
ਇਹ ਹੈ ਮਾਮਲਾ :-
ਜ਼ਿਕਰਯੋਗ ਹੈ ਕਿ ਜ਼ਿਲ੍ਹਾ ਹੁਸ਼ਿਆਰਪੁਰ ਦੇ ਸਭ ਤੋਂ ਵੱਧ ਚਰਚਿਤ ਧਾਰਮਿਕ ਅਸਥਾਨ ਡੇਰਾ ਬਾਬਾ ਜਵਾਹਰ ਦਾਸ ਜੀ ਪਿੰਡ ਸੂਸਾਂ ਵਿੱਚ ਪਿਛਲੇ ਕਈ ਸਾਲਾਂ ਤੋਂ ਸਲਾਨਾ ਜੋੜ ਮੇਲਾ ਪਿੰਡ ਦੀ ਲੋਕਲ ਕਮੇਟੀ ਅਤੇ ਪਿੰਡ ਵਾਸੀਆਂ ਵੱਲੋਂ ਮਨਾਇਆ ਜਾਂਦਾ ਹੈ ਜਿਸ ਵਿੱਚ ਦੇਸ਼ਾਂ ਵਿਦੇਸ਼ਾਂ ਤੋਂ ਲੱਖਾਂ ਦੀ ਗਿਣਤੀ ਵਿੱਚ ਸੰਗਤਾਂ ਸ਼ਾਮਿਲ ਹੁੰਦੀਆਂ ਹਨ ਜਿਸ ਦੇ ਫਲ਼ ਸਰੂਪ ਇਸ ਅਸਥਾਨ ਦੀ ਲੋਕਾਂ ਵਿੱਚ ਬਹੁਤ ਵੱਡੀ ਮਾਨਤਾ ਹੈ ਪਰ ਕੁਝ ਸਾਲ ਪਹਿਲਾਂ ਤੋਂ ਇਸ ਡੇਰੇ ਦੇ ਪ੍ਰਬੰਧਾਂ ਨੂੰ ਲੈ ਕੇ ਪਿੰਡ ਵਾਸੀਆਂ ਵਿੱਚ ਮਤਭੇਦ ਚਲਦੇ ਸਨ ਇਸ ਦੌਰਾਨ ਇੱਕ ਧਿਰ ਵੱਲੋਂ ਇਸ ਡੇਰੇ ਦੇ ਪ੍ਰਬੰਧਾਂ ਤੇ ਦਮਦਮੀ ਟਕਸਾਲ ਭਿੰਡਰਾਂ ਮਹਿਤਾ ਦਾ ਕਬਜ਼ਾ ਕਰਵਾ ਦਿੱਤਾ ਗਿਆ ਸੀ ਪਰ ਕੁਝ ਸਾਲ ਬੀਚਣ ਮਗਰੋਂ ਪਿੰਡ ਵਾਸੀਆਂ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਅਤੇ ਡੇਰੇ ਦੇ ਪ੍ਰਬੰਧ ਵਾਪਸ ਲੈਣ ਦੇ ਯਤਨ ਕੀਤੇ ਪਰ ਡੇਰੇ ‘ਤੇ ਕਾਬਿਜ਼ ਟਕਸਾਲ ਵਾਲੀ ਧਿਰ ਨੇ ਸਾਫ ਇਨਕਾਰ ਕਰ ਦਿੱਤਾ ਜਿਸ ‘ਤੇ ਸਾਲ 2018 ਤੋਂ ਪਿੰਡ ਸੂਸਾਂ ਦੇ ਵਾਸੀ ਨਰਿੰਦਰ ਪਾਲ ਸਿੰਘ ਤੇ ਅਰਵਿੰਦਰ ਸਿੰਘ ਇੰਦੀ ਵਲੋਂ ਅਦਾਲਤ ‘ਚ ਦਮਦਮੀ ਟਕਸਾਲ (ਭਿੰਡਰਾਂਵਾਲੇ) ਦੇ ਮੁਖੀ ਗਿਆਨੀ ਹਰਨਾਮ ਸਿੰਘ ਖ਼ਾਲਸਾ ਤੋਂ ਡੇਰਾ ਖਾਲੀ ਕਰਵਾਉਣ ਲਈ ਕੇਸ ਕੀਤਾ ਹੋਇਆ ਸੀ। ਜੋ ਮਾਨਯੋਗ ਸੁਪਰੀਮ ਕੋਰਟ ਤੱਕ ਪਹੁੰਚ ਗਿਆ ਸੀ ਪਰ ਇਸ ਮਾਮਲੇ ਦਾ ਸੰਗਿਆਨ ਲੈਂਦਿਆਂ ਇਹ ਕੇਸ ਮਾਣਯੋਗ ਸੁਪਰੀਮ ਕੋਰਟ ਵੱਲੋਂ ਵਾਪਸ ਲੋਅਰ ਕੋਰਟ ਹੁਸ਼ਿਆਰਪੁਰ ਨੂੰ ਭੇਜ ਦਿੱਤਾ ਸੀ ਅਤੇ ਇਸ ਕੇਸ ਦਾ ਫ਼ੈਸਲਾ ਕਰਨ ਲਈ 6 ਮਹੀਨੇ ਦਾ ਸਮਾਂ ਨਿਸ਼ਚਿਤ ਕੀਤਾ ਗਿਆ ਸੀ। ਕਾਫੀ ਦਿਨਾਂ ਤੋਂ ਇਸ ਕੇਸ ‘ਤੇ ਫ਼ੈਸਲਾ ਆਉਣ ਦੀ ਸੰਭਾਵਨਾ ਬਣੀ ਹੋਈ ਸੀ | ਜਿਸ ਕਾਰਨ ਪਿੰਡ ਸੂਸਾਂ ਦਾ ਪੂਰਾ ਇਲਾਕਾ ਜਿਲਾ ਹੁਸ਼ਿਆਰਪੁਰ ਪ੍ਰਸ਼ਾਸਨ ਵੱਲੋਂ ਪੁਲਿਸ ਛਾਉਣੀ ਵਿੱਚ ਤਬਦੀਲ ਕੀਤਾ ਹੋਇਆ ਪਿਆ ਸੀ ਇਥੇ ਚਾਰੇ ਪਾਸੇ ਨਾਕੇ ਲਗਾ ਕੇ ਪਿੰਡ ਤੋਂ ਬਾਹਰਲੇ ਵਿਅਕਤੀ ਨੂੰ ਆਉਣ ਦੀ ਸਖਤ ਮਨਾਹੀ ਕੀਤੀ ਹੋਇਆ ਹੈ । ਪੂਰੇ ਜ਼ਿਲੇ ਦੇ ਥਾਣਿਆਂ ਦੇ ਐਸਐਚਓ, ਡੀਐਸਪੀ ਰੈਂਕ ਦੇ ਅਧਿਕਾਰੀ ਇਸ ਇਲਾਕੇ ਵਿੱਚ ਤੈਨਾਤ ਕੀਤੇ ਗਏ ਹਨ ਤਾਂ ਜੋ ਅਮਨ ਕਾਨੂੰਨ ਦੀ ਸਥਿਤੀ ਨੂੰ ਬਰਕਰਾਰ ਰੱਖਿਆ ਜਾ ਸਕੇ ਅਤੇ ਕਿਸੇ ਤਰ੍ਹਾਂ ਦੀ ਗੁੰਡਾਗਰਦੀ ਨਾ ਹੋ ਸਕੇ |
ਪਿੰਡ ਵਾਸੀਆਂ ਦੇ ਹੱਕ ਵਿੱਚ ਆਇਆ ਫੈਸਲਾ :-
ਕਾਫੀ ਲੰਬੀ ਉਡੀਕ ਮਗਰੋਂ ਅੱਜ ਹੁਸ਼ਿਆਰਪੁਰ ਦੇ ਜੁਡੀਸ਼ੀਅਲ ਕੰਪਲੈਕਸ ਵਿੱਚ ਸਥਿਤ ਮਹਿਕ ਸੱਭਰਵਾਲ ਏ.ਸੀ.ਜੇ. (ਸੀਨੀ: ਡਵੀਜ਼ਨ) ਦੀ ਅਦਾਲਤ ਨੇ ਡੇਰਾ ਬਾਬਾ ਜਵਾਹਰ ਦਾਸ ਸੂਸਾਂ ਦੇ ਕਬਜ਼ੇ ਸਬੰਧੀ ਪਿੰਡ ਵਾਸੀਆਂ ਦੇ ਹੱਕ ‘ਚ ਫ਼ੈਸਲਾ ਸੁਣਾਇਆ ਗਿਆ ਹੈ ਭਾਵੇਂ ਹਾਲ਼ੇ ਤੱਕ ਵਿਸਥਾਰਿਤ ਫੈਸਲੇ ਦੀ ਉਡੀਕ ਕੀਤੀ ਜਾ ਰਹੀ ਹੈ ਪਰ ਅਦਾਲਤ ਦਾ ਫੈਸਲਾ ਸੁਣ ਕੇ ਬਾਹਰ ਆਏ ਪਿੰਡ ਵਾਸੀ ਨਰਿੰਦਰ ਪਾਲ ਸਿੰਘ ਤੇ ਅਰਵਿੰਦਰ ਸਿੰਘ ਇੰਦੀ ਨੇ ਦੱਸਿਆ ਕਿ ਮਾਨਯੋਗ ਅਦਾਲਤ ਨੇ ਪਿੰਡ ਵਾਸੀਆਂ ਦੇ ਹੱਕ ਵਿੱਚ ਫੈਸਲਾ ਸੁਣਾਉਂਦਿਆਂ ਕਾਬਿਜ਼ ਧਿਰ ਵੱਲੋਂ ਕੀਤੀ ਅਪੀਲ ਡਿਸਮਿਸ ਕਰ ਦਿੱਤੀ ਹੈ।








