ਹੁਸ਼ਿਆਰਪੁਰ 13 ਜੂਨ (ਪ੍ਰਾਈਮ ਪੰਜਾਬ ਟਾਈਮਜ਼)
–ਸਮਾਜ ਦੇ ਅਸਲ ਨਾਇਕਾਂ ਨੂੰ ਮਿਲੇਗਾ ਡਿਜੀਟਲ ਪਲੇਟਫਾਰਮ
–ਕਿਹਾ, ਸਮਾਜ ‘ਚ ਬਿਹਤਰ ਕੰਮ ਕਰਨ ਵਾਲਾ ਹਰੇਕ ਖੇਤਰ ਇਸ ਮੁਹਿੰਮ ਦਾ ਬਣ ਸਕਦਾ ਹੈ ਹਿੱਸਾ
–ਮੁਹਿੰਮ ਦਾ ਉਦੇਸ਼ ਸਮਾਜ ਵਿਚ ਇਕ ਮਜ਼ਬੂਤ, ਜ਼ਿੰਮੇਵਾਰ ਅਤੇ ਪ੍ਰੇਰਣਾਦਾਇਕ ਲੀਡਰਸ਼ਿਪ ਵਿਕਸਤ ਕਰਨਾ
–ਚਾਹਵਾਨ ਵਿਅਕਤੀ ਜਾਂ ਸੰਸਥਾਵਾਂ ਆਪਣੇ ਸਮਾਜਿਕ ਕਾਰਜਾਂ ਦੀਆਂ ਫੋਟੋਆਂ, ਵੀਡੀਓ ਜਾਂ ਕਹਾਣੀਆਂ ਵਟਸਐਪ ਨੰਬਰ 73800-90643 ਜਾਂ ਫੇਸਬੁੱਕ ਪੇਜ ‘ਚੜ੍ਹਦਾ ਸੂਰਜ’ ‘ਤੇ ਭੇਜ ਸਕਦੇ ਹਨ
: ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਸਮਾਜ ਵਿਚ ਸਕਾਰਾਤਮਕ ਬਦਲਾਅ ਲਿਆਉਣ ਵਾਲੇ ਵਿਅਕਤੀਆਂ ਅਤੇ ਸੰਸਥਾਵਾਂ ਨੂੰ ਇਕ ਸਾਂਝਾ ਪਲੇਟਫਾਰਮ ਪ੍ਰਦਾਨ ਕਰਨ ਦੇ ਉਦੇਸ਼ ਨਾਲ ‘ਚੜ੍ਹਦਾ ਸੂਰਜ’ ਮੁਹਿੰਮ ਦੀ ਸ਼ੁਰੂਆਤ ਕੀਤੀ। ਇਹ ਮੁਹਿੰਮ ਜ਼ਿਲ੍ਹਾ ਪ੍ਰਸ਼ਾਸਨ ਦੀ ਅਗਵਾਈ ਵਿਚ ਰੈੱਡ ਕਰਾਸ ਸੋਸਾਇਟੀ ਹੁਸ਼ਿਆਰਪੁਰ ਦੇ ਸਹਿਯੋਗ ਨਾਲ ਚਲਾਈ ਜਾ ਰਹੀ ਹੈ, ਜੋ ਕਿ ਇਕ ਡਿਜੀਟਲ ਅਤੇ ਸਮਾਜਿਕ ਪਲੇਟਫਾਰਮ ਹੈ। ਇਸ ਦਾ ਉਦੇਸ਼ ਸਮਾਜ ਦੇ ਹਰੇਕ ਉਸ ਵਿਅਕਤੀ ਜਾਂ ਸਮੂਹ ਨੂੰ ਪਛਾਨਣਾ ਹੈ ਜੋ ਸਮਾਜ, ਵਾਤਾਵਰਨ, ਪਸ਼ੂ-ਪੰਛੀ ਭਲਾਈ, ਸਿਹਤ, ਸਿੱਖਿਆ ਅਤੇ ਸਮਾਜਿਕ ਨਿਆਂ ਆਦਿ ਦੇ ਖੇਤਰਾਂ ਵਿੱਚ ਚੁੱਪ-ਚਾਪ ਸ਼ਲਾਘਾਯੋਗ ਕੰਮ ਕਰ ਰਿਹਾ ਹੈ।
ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਇਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਕਿਹਾ ਕਿ ‘ਚੜ੍ਹਦਾ ਸੂਰਜ’ ਸਿਰਫ਼ ਇਕ ਮੁਹਿੰਮ ਨਹੀਂ ਹੈ, ਸਗੋਂ ਇਕ ਲਹਿਰ ਹੈ ਜੋ ਸਮਾਜ ਦੇ ਉਨ੍ਹਾਂ ਨਾਇਕਾਂ ਨੂੰ ਸਾਹਮਣੇ ਲਿਆਵੇਗੀ, ਜਿਨ੍ਹਾਂ ਦੀਆਂ ਪ੍ਰੇਰਣਾਦਾਇਕ ਕਹਾਣੀਆਂ ਅਕਸਰ ਅਣਸੁਣੀਆਂ ਰਹਿ ਜਾਂਦੀਆਂ ਹਨ। ਉਨ੍ਹਾਂ ਕਿਹਾ ਕਿ ਇਸ ਪਹਿਲਕਦਮੀ ਰਾਹੀਂ ਅਸੀਂ ਸਮਾਜ ਵਿਚ ਸਰਗਰਮ ‘ਚੇਂਜਮੇਕਰਾਂ’ ਨੂੰ ਇਕਜੁੱਟ ਕਰਾਂਗੇ, ਤਾਂ ਜੋ ਨਾ ਸਿਰਫ਼ ਉਨ੍ਹਾਂ ਦੇ ਯਤਨਾਂ ਦੀ ਸ਼ਲਾਘਾ ਕੀਤੀ ਜਾ ਸਕੇ, ਸਗੋਂ ਉਨ੍ਹਾਂ ਦੇ ਅਨੁਭਵ ਦੂਜਿਆਂ ਲਈ ਪ੍ਰੇਰਣਾ ਵੀ ਬਣ ਸਕਣ।
ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਸਪੱਸ਼ਟ ਕੀਤਾ ਕਿ ‘ਚੇਂਜਮੇਕਰ’ ਕੋਈ ਵੀ ਹੋ ਸਕਦਾ ਹੈ, ਭਾਵੇਂ ਉਹ ਵਿਦਿਆਰਥੀ , ਪੜ੍ਹਿਆ-ਲਿਖਿਆ ਬਜ਼ੁਰਗ , ਕੋਈ ਐਨ.ਜੀ.ਓ, ਕੋਈ ਸਮਾਜਿਕ ਸੰਗਠਨ, ਕੋਈ ਸਵੈ-ਸਹਾਇਤਾ ਸਮੂਹ ਜਾਂ ਸਮਾਜ ਨੂੰ ਬਿਹਤਰ ਬਣਾਉਣ ਲਈ ਕੰਮ ਕਰ ਰਿਹਾ ਹੈ। ਜੇਕਰ ਕੋਈ ਵਿਅਕਤੀ ਸਿੱਖਿਆ, ਸਿਹਤ, ਵਾਤਾਵਰਨ, ਪਸ਼ੂ-ਪੰਛੀਆਂ ਦੀ ਸੇਵਾ, ਸਮਾਜਿਕ ਨਿਆਂ ਜਾਂ ਭਾਈਚਾਰਕ ਸਸ਼ਕਤੀਕਰਨ ਵਰਗੇ ਖੇਤਰਾਂ ਵਿਚ ਯੋਗਦਾਨ ਪਾ ਰਿਹਾ ਹੈ, ਤਾਂ ਉਹ ਇਸ ਮੁਹਿੰਮ ਦਾ ਹਿੱਸਾ ਬਣ ਸਕਦਾ ਹੈ।
ਉਨ੍ਹਾਂ ਕਿਹਾ ਕਿ ਇਹ ਮੁਹਿੰਮ ਖਾਸ ਤੌਰ ‘ਤੇ ਨੌਜਵਾਨਾਂ ਨੂੰ ਜੋੜਨ ਅਤੇ ਸਸ਼ਕਤ ਬਣਾਉਣ ਵੱਲ ਇਕ ਵੱਡਾ ਕਦਮ ਹੈ। ਇਹ ਪਹਿਲ ਨੌਜਵਾਨਾਂ ਨੂੰ ਸਥਾਨਕ ਪੱਧਰ ਦੀਆਂ ਨਾਗਰਿਕ ਅਤੇ ਜਲਵਾਯੂ ਚੁਣੌਤੀਆਂ ਨਾਲ ਨਜਿੱਠਣ ਅਤੇ ਸੰਕਟ ਦੇ ਸਮੇਂ ਪਹਿਲਕਦਮੀ ਕਰਨ ਲਈ ਪ੍ਰੇਰਿਤ ਕਰੇਗੀ। ਇਸ ਤਰ੍ਹਾਂ ਇਹ ਮੁਹਿੰਮ ਨਾ ਸਿਰਫ਼ ਉਨ੍ਹਾਂ ਦੀ ਸ਼ਖਸੀਅਤ ਨੂੰ ਨਿਖਾਰਨ ਵਿਚ ਮਦਦ ਕਰੇਗੀ, ਸਗੋਂ ਸਮਾਜ ਵਿਚ ਇਕ ਮਜ਼ਬੂਤ, ਜ਼ਿੰਮੇਵਾਰ ਅਤੇ ਪ੍ਰੇਰਣਾਦਾਇਕ ਲੀਡਰਸ਼ਿਪ ਵੀ ਵਿਕਸਤ ਕਰੇਗੀ।
ਆਸ਼ਿਕਾ ਜੈਨ ਨੇ ਕਿਹਾ ਕਿ ਇਸ ਮੁਹਿੰਮ ਵਿਚ ਭਾਗ ਲੈਣ ਲਈ ਚਾਹਵਾਨ ਵਿਅਕਤੀ ਜਾਂ ਸੰਗਠਨ ਆਪਣੇ ਸਮਾਜਿਕ ਕਾਰਜਾਂ ਨਾਲ ਸਬੰਧਤ ਫੋਟੋਆਂ, ਵੀਡੀਓ ਜਾਂ ਕਹਾਣੀਆਂ ਜ਼ਿਲ੍ਹਾ ਪ੍ਰਸ਼ਾਸਨ ਦੇ ਵਟਸਐਪ ਨੰਬਰ 73800-90643 ‘ਤੇ ਭੇਜ ਸਕਦੇ ਹਨ, ਜਾਂ ਫੇਸਬੁੱਕ ਪੇਜ ‘ਚੜ੍ਹਦਾ ਸੂਰਜ’ ਨਾਲ ਜੁੜ ਸਕਦੇ ਹਨ। ਭੇਜੀਆਂ ਗਈਆਂ ਐਂਟਰੀਆਂ ਸੋਸ਼ਲ ਮੀਡੀਆ ‘ਤੇ ਪ੍ਰਦਰਸ਼ਿਤ ਕੀਤੀਆਂ ਜਾਣਗੀਆਂ ਤਾਂ ਜੋ ਉਹ ਹੋਰ ਲੋਕਾਂ ਨੂੰ ਪ੍ਰੇਰਿਤ ਕਰ ਸਕਣ। ਉਨ੍ਹਾਂ ਕਿਹਾ ਕਿ ਇਹ ਮੁਹਿੰਮ ਜ਼ਿਲ੍ਹਾ ਜਾਂ ਰਾਜ ਪੱਧਰ ‘ਤੇ ਨਹੀਂ ਹੈ, ਸਗੋਂ ਇਹ ਆਪਣੇ ਆਪ ਵਿਚ ਇਕ ਵਿਆਪਕ ਮੁਹਿੰਮ ਹੈ, ਇਸ ਲਈ ਤੁਹਾਡੀ ਛੋਟੀ ਜਿਹੀ ਕੋਸ਼ਿਸ਼ ਸਮਾਜ ਵਿਚ ਵੱਡੀ ਤਬਦੀਲੀ ਲਿਆ ਸਕਦੀ ਹੈ। ਆਪਣਾ ਕੰਮ ਸਾਂਝਾ ਕਰੋ, ਪ੍ਰੇਰਣਾ ਬਣੋ ਅਤੇ ‘ਚੜ੍ਹਦਾ ਸੂਰਜ’ ਦਾ ਹਿੱਸਾ ਬਣ ਕੇ ਇਕ ਨਰੋਏ ਸਮਾਜ ਦੇ ਨਿਰਮਾਣ ਵਿਚ ਯੋਗਦਾਨ ਪਾਓ। ਇਸ ਦੌਰਾਨ ਮੁੱਖ ਮੰਤਰੀ ਫੀਲਡ ਅਫ਼ਸਰ ਪਰਮਪ੍ਰੀਤ ਸਿੰਘ, ਜ਼ਿਲ੍ਹਾ ਸਿੱਖਿਆ ਅਫਸਰ ਲਲਿਤਾ ਅਰੋੜਾ, ਸਕੱਤਰ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਮੰਗੇਸ਼ ਸੂਦ, ਸੰਯੁਕਤ ਸਕੱਤਰ ਅਦਿਤਿਆ ਰਾਣਾ ਵੀ ਉਨ੍ਹਾਂ ਨਾਲ ਮੌਜੂਦ ਸਨ।
(ਬਾਕਸ)
ਵਿਦਿਆਰਥੀਆਂ ਨੂੰ ‘ਹੋਲੀਡੇਅ ਟਾਸਕ’ ਤਹਿਤ ਸਮਾਜਿਕ ਜ਼ਿੰਮੇਵਾਰੀਆਂ ਨਿਭਾਉਣ ਦਾ ਦਿੱਤਾ ਸੱਦਾ
ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਇਸ ਦੌਰਾਨ ਜ਼ਿਲ੍ਹੇ ਦੇ ਸਾਰੇ ਸਰਕਾਰੀ, ਨਿੱਜੀ ਅਤੇ ਸਹਾਇਤਾ ਪ੍ਰਾਪਤ ਸਕੂਲਾਂ ਦੇ ਵਿਦਿਆਰਥੀਆਂ ਨੂੰ ‘ਚੇਂਜਮੇਕਰ’ ਬਣਨ ਦਾ ਸੱਦਾ ਦਿੱਤਾ ਹੈ। ਇਸ ਮੁਹਿੰਮ ਦੇ ਤਹਿਤ, ਰਵਾਇਤੀ ਛੁੱਟੀਆਂ ਦੇ ਘਰ ਦੇ ਕੰਮ ਤੋਂ ਇਲਾਵਾ, ਵਿਦਿਆਰਥੀਆਂ ਨੂੰ ਸਮਾਜ ਵਿਚ ਸਕਾਰਾਤਮਕ ਬਦਲਾਅ ਲਿਆਉਣ ਲਈ ਇਕ ਵਿਸ਼ੇਸ਼ ਕੰਮ ਵੀ ਦਿੱਤਾ ਗਿਆ ਹੈ। ਇਸ ਮੁਹਿੰਮ ਦੇ ਤਹਿਤ ਉਨ੍ਹਾਂ ਵਿਦਿਆਰਥੀਆਂ ਨੂੰ ਰਵਾਇਤੀ ਹੋਲੀਡੇਅ ਹੋਮਵਰਕ ਦੇ ਨਾਲ-ਨਾਲ ਸਮਾਜ ਵਿਚ ਸਕਾਰਾਤਮਕ ਬਦਲਾਅ ਲਿਆਉਣ ਵਾਲਾ ਇਕ ਵਿਸ਼ੇਸ਼ ਟਾਸਕ ਵੀ ਸੌਂਪਿਆ ਗਿਆ। ਇਸ ਵਿਲੱਖਣ ਹੋਲੀਡੇਅ ਟਾਸਕ ਤਹਿਤ ਉਨ੍ਹਾਂ ਬੱਚਿਆਂ ਨੂੰ ਆਪਣੇ ਆਲੇ-ਦੁਆਲੇ ਦੇ ਖੇਤਰ, ਮੁਹੱਲੇ, ਗਲੀ ਜਾਂ ਪਿੰਡ ਵਿਚ ਛੋਟੀਆਂ-ਛੋਟੀਆਂ ਸਮਾਜਿਕ ਜ਼ਿੰਮੇਵਾਰੀਆਂ ਨਿਭਾਉਣ ਲਈ ਉਤਸ਼ਾਹਿਤ ਕੀਤਾ। ਇਨ੍ਹਾਂ ਵਿਚ ਸਫ਼ਾਈ ਮੁਹਿੰਮ ਚਲਾਉਣਾ, ਦਿਵਿਆਂਗਜਨ ਦੀ ਮਦਦ ਕਰਨਾ, ਪਾਣੀ ਅਤੇ ਬਿਜਲੀ ਦੀ ਬਚਤ ਕਰਨਾ, ਰੁੱਖ ਲਗਾ ਕੇ ਉਸ ਦੀ ਦੇਖ-ਭਾਲ ਜਾਂ ਹੋਰ ਲੋਕ ਭਲਾਈ ਦੇ ਕੰਮ ਸ਼ਾਮਲ ਹਨ।
ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਉਹ ਇਨ੍ਹਾਂ ਕੰਮਾਂ ਨੂੰ ਕਰਦੇ ਹੋਏ ਆਪਣੀ ਇਕ ਛੋਟੀ ਜਿਹੀ ਵੀਡੀਓ ਬਣਾਉਣ ਅਤੇ ਇਸ ਨੂੰ 30 ਜੂਨ 2025 ਤੱਕ ਜ਼ਿਲ੍ਹਾ ਪ੍ਰਸ਼ਾਸਨ ਦੇ ਵਟਸਐਪ ਨੰਬਰ 73800-90643 ਜਾਂ ਫੇਸਬੁੱਕ ਪੇਜ ‘ਚੜ੍ਹਦਾ ਸੂਰਜ‘ ‘ਤੇ ਭੇਜਣ। ਉਨ੍ਹਾਂ ਕਿਹਾ ਕਿ ਇਹ ਵੀਡੀਓ ਨਾ ਸਿਰਫ਼ ਉਨ੍ਹਾਂ ਦੀ ਸਖ਼ਤ ਮਿਹਨਤ ਨੂੰ ਦਰਸਾਵੇਗੀ, ਬਲਕਿ ਹੋਰ ਬੱਚਿਆਂ ਲਈ ਵੀ ਪ੍ਰੇਰਣਾਸਰੋਤ ਹੋਵੇਗੀ। ਡਿਪਟੀ ਕਮਿਸ਼ਨਰ ਨੇ ਇਹ ਵੀ ਐਲਾਨ ਕੀਤਾ ਕਿ ਸ਼ਲਾਘਾਯੋਗ ਕੰਮ ਕਰਨ ਵਾਲੇ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਅਧਿਆਪਕਾਂ ਅਤੇ ਮਾਪਿਆਂ ਦੇ ਨਾਲ ਜ਼ਿਲ੍ਹਾ ਪੱਧਰੀ ਸਮਾਗਮ ਵਿਚ ਸਨਮਾਨਿਤ ਕੀਤਾ ਜਾਵੇਗਾ।