ਗੜ੍ਹਦੀਵਾਲਾ 5 ਸਤੰਬਰ (ਚੌਧਰੀ)
: ਲਾਲਾ ਜਗਤ ਨਾਰਾਇਣ ਡੀ.ਏ.ਵੀ. ਪਬਲਿਕ ਸਕੂਲ, ਗੜ੍ਹਦੀਵਾਲਾ ਵਿੱਚ ਪ੍ਰਿੰਸੀਪਲ ਸ਼ੇਖਰ ਮੋਦਗਿੱਲ ਦੀ ਅਗਵਾਈ ਹੇਠ ਅਧਿਆਪਕ ਦਿਵਸ ਬੜੇ ਉਤਸਾਹ ਅਤੇ ਸ਼ਰਧਾ ਨਾਲ ਮਨਾਇਆ ਗਿਆ। ਇਹ ਸਮਾਗਮ ਭਾਰਤ ਦੇ ਮਹਾਨ ਸਿੱਖਿਆਰਥੀ ਅਤੇ ਸਾਬਕਾ ਰਾਸ਼ਟਰਪਤੀ ਡਾ. ਸਰਵਪੱਲੀ ਰਾਧਾਕ੍ਰਿਸ਼ਨਨ ਜੀ ਦੀ ਜਯੰਤੀ ਦੇ ਮੌਕੇ ਵਿੱਚ ਕਰਵਾਇਆ ਗਿਆ। ਭਾਰਤ ਵਿੱਚ ਹਰ ਸਾਲ 5 ਸਤੰਬਰ ਨੂੰ ਅਧਿਆਪਕ ਦਿਵਸ ਮਨਾਇਆ ਜਾਂਦਾ ਹੈ।
ਸਮਾਗਮ ਦਾ ਸ਼ੁਭਾਰੰਭ ਦੀਪ ਪ੍ਰਜਵਲਿਤ ਕਰਕੇ ਡਾ. ਸਰਵਪੱਲੀ ਰਾਧਾਕ੍ਰਿਸ਼ਨਨ ਜੀ ਨੂੰ ਸ਼ਰਧਾਂਜਲੀ ਅਰਪਿਤ ਕਰਦਿਆਂ ਕੀਤਾ ਗਿਆ। ਇਸ ਮੌਕੇ ਵਿਦਿਆਰਥੀਆਂ ਨੂੰ ਡਾ. ਰਾਧਾਕ੍ਰਿਸ਼ਨਨ ਜੀ ਦੇ ਜੀਵਨ, ਉਪਲਬਧੀਆਂ ਅਤੇ ਅਧਿਆਪਕ ਦਿਵਸ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ ਗਈ। ਵਿਦਿਆਰਥੀਆਂ ਨੇ ਆਪਣੇ ਅਧਿਆਪਕਾਂ ਪ੍ਰਤੀ ਸਤਿਕਾਰ ਅਤੇ ਪਿਆਰ ਪ੍ਰਗਟ ਕਰਦਿਆਂ ਕਾਰਡਾਂ ਰਾਹੀਂ ਆਪਣੀਆਂ ਭਾਵਨਾਵਾਂ ਸਾਂਝੀਆਂ ਕੀਤੀਆਂ।
ਕਲਾਸ 10ਵੀਂ, 11ਵੀਂ ਅਤੇ 12ਵੀਂ ਦੇ ਵਿਦਿਆਰਥੀਆਂ ਨੇ ਅਧਿਆਪਕਾਂ ਦੀ ਭੂਮਿਕਾ ਨਿਭਾਉਂਦਿਆਂ ਇੱਕ ਵਿਸ਼ੇਸ਼ ਕਾਰਜਕ੍ਰਮ ਪੇਸ਼ ਕੀਤਾ। ਉਨ੍ਹਾਂ ਨੇ ਪੂਰੀ ਜ਼ਿੰਮੇਵਾਰੀ ਅਤੇ ਉਤਸ਼ਾਹ ਨਾਲ ਅਧਿਆਪਕਾਂ ਦੇ ਫਰਜਾਂ ਨੂੰ ਸਮਝਣ ਦਾ ਯਤਨ ਕੀਤਾ। ਇਸ ਇੱਕ ਦਿਨ ਦੇ ਕਾਰਜਕ੍ਰਮ ਰਾਹੀਂ ਵਿਦਿਆਰਥੀਆਂ ਨੇ ਅਧਿਆਪਕ ਦੇ ਕਰਤੱਵਾਂ ਅਤੇ ਮਹਾਨ ਉਦੇਸ਼ ਦਾ ਅਨੁਭਵ ਪ੍ਰਾਪਤ ਕੀਤਾ।
ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਸ਼ੇਖਰ ਮੋਦਗਿੱਲ ਨੇ ਸਮੂਹ ਅਧਿਆਪਕਾਂ ਨੂੰ ਅਧਿਆਪਕ ਦਿਵਸ ਦੀਆਂ ਸ਼ੁਭਕਾਮਨਾਵਾਂ ਦਿੰਦਿਆਂ ਕਿਹਾ ਕਿ ਅਧਿਆਪਕ ਵਿਦਿਆਰਥੀਆਂ ਦੇ ਜੀਵਨ ਨੂੰ ਸਹੀ ਦਿਸ਼ਾ ਦੇਣ ਅਤੇ ਉਨ੍ਹਾਂ ਦੇ ਚਰਿੱਤਰ ਅਤੇ ਵਿਅਕਤੀਤਵ ਦੇ ਨਿਰਮਾਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਆਪਣੇ ਅਧਿਆਪਕਾਂ ਦਾ ਸਤਿਕਾਰ ਕਰਨ ਅਤੇ ਉਨ੍ਹਾਂ ਦੇ ਮਾਰਗਦਰਸ਼ਨ ਰਾਹੀਂ ਨਿਰੰਤਰ ਅੱਗੇ ਵਧਣ ਲਈ ਪ੍ਰੇਰਿਤ ਕੀਤਾ।







