: ਅੱਜ ਭਗਵਾਨ ਰਾਮ ਜੀ ਨੇ ਰਾਵਣ ਦਾ ਅੰਤ ਕਰਕੇ ਬੁਰਾਈ ’ਤੇ ਜਿੱਤ ਪ੍ਰਾਪਤ ਕੀਤੀ ਸੀ। ਇਸ ਤੋਂ ਬਾਅਦ ਸਮਾਜ ਦੇ ਵਿਚ ਦੁਸ਼ਹਿਰੇ ਵਾਲੇ ਦਿਨ ਰਾਵਣ, ਕੁੰਭਕਰਨ, ਮੇਘਨਾਥ ਦੇ ਪੁਤਲੇ ਬਣਾ ਕੇ ਹਰ ਸਾਲ ਸਾੜੇ ਜਾਂਦੇ ਹਨ। ਅੱਜ ਦੇ ਸਮੇਂ ’ਚ ਰਾਵਣ ਦਾ ਰੂਪ ਧਾਰਨ ਕਰਕੇ ਬੈਠੀਆਂ ਸਮਾਜਿਕ ਅਲਾਮਤਾਂ ਨੂੰ ਖਤਮ ਕਰਨਾ ਸਮੇਂ ਦੀ ਲੋੜ ਬਣ ਚੁੱਕੀ ਹੈ। ਸਮਾਜਿਕ ਅਲਾਮਤਾਂ ’ਚ ਨਸ਼ਿਆਂ ਦਾ ਵਗ ਰਿਹਾ ਦਰਿਆ, ਰਿਸ਼ਵਤ, ਭ੍ਰਿਸ਼ਟਾਚਾਰ, ਪਰਿਵਾਰਾਂ ’ਚ ਭਾਰੀ ਪੈ ਰਿਹਾ ਪੈਸਾ ਤੇ ਵੱਧ ਰਹੀਆਂ ਦੂਰੀਆਂ ਨੂੰ ਖਤਮ ਕਰਨ ਦਾ ਸੰਕਲਪ ਲੈਣਾ ਸਮੇਂ ਦੀ ਲੋੜ ਬਣਦਾ ਜਾ ਰਿਹਾ ਹੈ। ਇਹ ਰਾਵਣ ਰੂਪੀ ਕੋਹੜ ਸਾਡੇ ਸਮਾਜ ਅਤੇ ਪਰਿਵਾਰਾਂ ਨੂੰ ਘੁੰਣ ਵਾਂਗ ਖਾਦਾਂ ਜਾ ਰਿਹਾ ਹੈ। ਆਏ ਦਿਨ ਨੌਜਵਾਨਾਂ ਦੀ ਮੌਤਾਂ, ਪਤੀਆਂ ਤੇ ਪਤਨੀਆਂ ਵਲੋਂ ਕੀਤੇ ਜਾ ਰਹੇ ਵਿਸ਼ਵਾਸ਼ਘਾਤ, ਰਿਸ਼ਵਤ ਤੇ ਭ੍ਰਿਸ਼ਟਾਚਾਰ ਦਾ ਬੋਲਬਾਲੇ ਦੀਆਂ ਘਟਨਾਵਾਂ ਨਾਲ ਸੋਸ਼ਲ ਮੀਡੀਆ, ਅਖਵਾਰਾਂ, ਟੀ.ਬੀ. ਚੈਨਲ ਭਰੇ ਪਏ ਹਨ। ਨਸ਼ੇ ਦੀ ਓਵਰਡੋਜ, ਪ੍ਰੇਮੀ ਨਾਲ ਮਿਲ ਕੇ ਪਤੀ ਦਾ ਕਤਲ, ਪਤੀ ਵਲੋਂ ਪਤਨੀ ਨਾਲ ਕੁੱਟਮਾਰ ਤੇ ਮੌਤ, ਰਿਸ਼ਵਤ ਲੈਣ ਦੇ ਦੋਸ਼ ’ਚ ਫੜਿਆ ਮੁਲਾਜ਼ਮ ਅਜਿਹੀਆਂ ਹੈਡਲਾਈਨਾਂ ਸਾਨੂੰ ਕਿਸੇ ਨਾ ਕਿਸੇ ਪਾਸਿਓ ਦੇਖਣ ਜਾਂ ਸੁਣਨ ਨੂੰ ਮਿਲ ਹੀ ਜਾਂਦੀਆਂ ਹਨ। ਅੱਜ ਜੇਕਰ ਇਸ ਰਾਵਣ ਰੂਪੀ ਸਮਾਜਿਕ ਬੁਰਾਈਆਂ ਨੂੰ ਖਤਮ ਨਾ ਕੀਤਾ ਗਿਆ ਤਾਂ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੂੰ ਬਚਾਉਣਾ ਸਾਡੇ ਲਈ ਇਕ ਚੈਲੰਜ ਭਰਿਆ ਕੰਮ ਬਣ ਜਾਵੇਗਾ, ਜਿਸਦੇ ਲਈ ਸਾਰਿਆਂ ਨੂੰ ਇਕਜੁੱਟ ਹੋ ਕੇ ਕੰਮ ਕਰਨ ਦੀ ਲੋੜ ਹੈ। ਗੱਲ ਕਰਦੇ ਹਾਂ ਪਹਿਲਾਂ ਨਸ਼ਿਆਂ ਦੀ ਕੋਹੜ ਦੀ ਜੋ ਇਸ ਵੇਲੇ ਬਹੁਤ ਹੀ ਵੱਡਾ ਖਤਰਾ ਬਣ ਚੁੱਕਾ ਹੈ, ਜਿਸ ਨੂੰ ਜੜ੍ਹ ਤੋਂ ਹੀ ਖਤਮ ਕਰਨ ਲਈ ਕੀਤੇ ਜਾ ਰਹੇ ਯਤਨ ਜਾਂ ਕੰਮ ਕਾਫੀ ਨਹੀਂ ਹਨ, ਜਿਸਦੇ ਲਈ ਇਕਜੁੱਟਤਾ ਨਾਲ ਹੰਭਲਾ ਮਾਰਨ ਦੀ ਲੋੜ ਹੈ। ਗੱਲ ਕਰਦੇ ਹਾਂ ਪਰਿਵਾਰਾਂ ’ਚ ਵੱਧ ਰਹੇ ਪਾੜਾਂ ਦੀ। ਭਰਾਵਾਂ ਦਾ ਭਰਾਵਾਂ ਨਾਲ ਪਿਆਰ ਨਹੀਂ ਰਿਹਾ, ਪਤੀ ਪਤਨੀ ਦੇ ਵਿਸ਼ਵਾਸ਼ ਭਰੇ ਰਿਸ਼ਤਿਆਂ ਨੂੰ ਨਜ਼ਰਾਂ ਲੱਗਦੀਆਂ ਜਾ ਰਹੀਆਂ ਹਨ। ਇਸਦੇ ਲਈ ਸਾਨੂੰ ਸਭ ਨੂੰ ਬੈਠ ਕੇ ਸੋਚ ਵਿਚਾਰ ਕਰਨ ਦੀ ਲੋੜ ਹੈ ਜੇਕਰ ਹੁਣ ਵੀ ਇਸ ਰਾਵਣ ਨੂੰ ਨਾ ਮਾਰਿਆ ਤਾਂ ਆਉਣ ਵਾਲੇ ਸਮੇਂ ’ਚ ਸਮਾਜ ਦੇ ਅੰਦਰ ਰਾਵਣ ਵਰਗੇ ਕਿਰਦਾਰ ਘੁੰਮ ਰਹੇ ਹਨ ਫਿਰ ਇਹ ਰਾਵਣ ਘਰਾਂ ਘਰਾਂ ’ਚ ਪੈਦਾ ਹੋ ਜਾਣਗੇ, ਜਿਨ੍ਹਾਂ ਨੂੰ ਮਾਰਨਾ ਫਿਰ ਬਹੁਤ ਹੀ ਮੁਸ਼ਕਿਲ ਹੋ ਜਾਵੇਗਾ।
ਲੇਖਕ
ਮਨਪ੍ਰੀਤ ਸਿੰਘ ਮੰਨਾ
ਪਿੰਡ ਚਿੱਪੜਾ
ਹੁਸ਼ਿਆਰਪੁਰ।
09417717095
07814800439।







