ਦਸੂਹਾ ( ਚੌਧਰੀ )
: ਦਸੂਹਾ ਦੇ ਡੁਗਰੀ ਪਿੰਡ ਦੀ ਇੱਕ ਮੁਟਿਆਰ ਆਨਲਾਈਨ ਧੋਖਾਧੜੀ ਦਾ ਸ਼ਿਕਾਰ ਹੋਈ ਹੈ। ਧੋਖੇਬਾਜ਼ ਠੱਗਾਂ ਨੇ ਲੜਕੀ ਦੇ ਬਚਤ ਖਾਤੇ ਵਿੱਚੋਂ ਕੁੱਲ 9.30 ਲੱਖ ਰੁਪਏ ਕਢਵਾ ਲਏ, ਜਿਸ ਵਿੱਚ ਉਸ ਵੱਲੋਂ ਬੈਂਕ ਵਿੱਚ ਬਣਾਈਆਂ ਦੋ ਐਫਡੀਜ਼ ਵੀ ਸ਼ਾਮਲ ਹਨ ਅਤੇ ਕੁਝ ਦਿਨ ਪਹਿਲਾਂ ਫਿਰ ਔਰਤ ਦੇ ਕ੍ਰੈਡਿਟ ਕਾਰਡ ਤੋਂ 5 ਲੱਖ ਰੁਪਏ ਦੀ ਵਰਤੋਂ ਕੀਤੀ ਗਈ। ਇਸ ਸਬੰਧੀ ਪੀੜਤ ਲੜਕੀ ਨੇ ਥਾਣਾ ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ ਵਿੱਚ ਔਨਲਾਈਨ ਧੋਖਾਧੜੀ ਸਬੰਧੀ ਸ਼ਿਕਾਇਤ ਦਰਜ ਕਰਵਾਈ ਸੀ। ਜਿੱਥੇ ਸ਼ਿਕਾਇਤ ਦੇ ਆਧਾਰ ‘ਤੇ ਪੁਲਿਸ ਵਲੋਂ ਦੋ ਅਣਪਛਾਤੇ ਵਿਅਕਤੀਆਂ ਵਿਰੁੱਧ ਮਾਮਲਾ ਵੀ ਦਰਜ ਕੀਤਾ ਗਿਆ ਹੈ। ਪਰ ਹੁਣ ਪੀੜਤ ਔਰਤ ਨੇ ਇੱਕ ਵਾਰ ਫਿਰ ਦੋ ਬੈਂਕ ਅਧਿਕਾਰੀਆਂ ਦੇ ਖਿਲਾਫ ਨਾਮ ਲੈ ਕੇ ਸ਼ਿਕਾਇਤ ਦਰਜ ਕਰਵਾਈ ਹੈ। ਪੀੜਤਾ ਪਰਮਿੰਦਰ ਕੌਰ ਪੁੱਤਰੀ ਹਰਭਜਨ ਸਿੰਘ ਨਿਵਾਸੀ ਡੁੱਗਰੀ ਨੇ ਦੱਸਿਆ ਕਿ ਉਸ ਦੀਆਂ ਇੱਕ ਪ੍ਰਾਈਵੇਟ ਬੈਂਕ ਵਿੱਚ 8 ਲੱਖ ਅਤੇ 40 ਹਜ਼ਾਰ ਰੁਪਏ ਦੀਆਂ ਦੋ ਐਫਡੀ ਸਨ। ਇਸ ਤੋਂ ਇਲਾਵਾ ਉਸਨੇ ਖਾਤੇ ਵਿੱਚ ਕੁਝ ਪੈਸੇ ਵੀ ਜਮ੍ਹਾ ਕਰਵਾਏ ਗਏ ਸਨ। ਜਦੋਂ ਉਹ 4 ਨਵੰਬਰ ਨੂੰ ਆਪਣੇ ਖਾਤੇ ਵਿੱਚ ਕੁਝ ਪੈਸੇ ਜਮ੍ਹਾ ਕਰਵਾਉਣ ਗਈ ਤਾਂ ਬੈਂਕ ਅਧਿਕਾਰੀਆਂ ਨੇ ਉਸਨੂੰ ਦੱਸਿਆ ਕਿ ਉਸਦੇ ਖਾਤੇ ਵਿੱਚ ਪੈਸੇ ਨਹੀਂ ਹਨ ਅਤੇ ਦੋਵੇਂ ਐਫਡੀ ਤੋੜ ਕੇ ਪੈਸੇ ਕਢਵਾ ਲਏ ਗਏ ਹਨ। ਉਸਨੇ ਦੱਸਿਆ ਕਿ ਉਸਦੇ ਬਚਤ ਖਾਤੇ ਵਿੱਚੋਂ ਦੋ ਐਫਡੀ ਸਮੇਤ ਕੁੱਲ 9.30 ਲੱਖ ਰੁਪਏ ਕਢਵਾਏ ਗਏ ਸਨ।ਜਿਸ ਤੋਂ ਬਾਅਦ ਇਸ ਸਬੰਧੀ ਸਾਈਬਰ ਕ੍ਰਾਈਮ ਵਿੱਚ ਸ਼ਿਕਾਇਤ ਦਰਜ ਕਰਵਾਈ ਗਈ।
ਪੀੜਤ ਲੜਕੀ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਮੈਨੂੰ ਪਤਾ ਲੱਗਾ ਕਿ ਬੈਂਕ ਵੱਲੋਂ ਉਸਦੇ ਖਾਤੇ ਵਿੱਚੋਂ 45,000 ਰੁਪਏ ਕੱਟ ਲਏ ਗਏ ਹਨ। ਜਦੋਂ ਮੈਂ ਉੱਥੇ ਪਹੁੰਚੀ,ਤਾਂ ਮੈਨੂੰ ਪਤਾ ਲੱਗਾ ਕਿ ਮੇਰੇ ਡੈਬਿਟ ਕਾਰਡ ਦੀ ਬਜਾਏ ਕ੍ਰੈਡਿਟ ਕਾਰਡ ਤੋਂ ਪੈਸੇ ਕਢਵਾਏ ਜਾ ਰਹੇ ਸਨ। ਜਿਸ ਕਾਰਨ ਬੈਂਕ ਵੱਲੋਂ ਇਹ ਕਟੌਤੀ ਕੀਤੀ ਗਈ। ਬੈਂਕ ਪਹੁੰਚਣ ‘ਤੇ ਉਸਨੇ ਉੱਥੇ ਮੌਜੂਦ ਇੱਕ ਬੈਂਕ ਕਰਮਚਾਰੀ ਨੂੰ ਇਸ ਬਾਰੇ ਸੂਚਿਤ ਕੀਤਾ ਤੇ ਬੈਂਕ ਕਰਮਚਾਰੀ ਨੇ ਉਸਦਾ ਮੋਬਾਈਲ ਚੈੱਕ ਕੀਤਾ ਸੀ। ਬਾਅਦ ਵਿੱਚ ਉਹ ਘਰ ਵਾਪਸ ਆ ਗਈ। ਅਗਲੇ ਦਿਨ ਉਸਨੂੰ ਇੱਕ ਫ਼ੋਨ ਆਇਆ ਤੇ ਕਿਹਾ ਕਿ ਉਹ ਬੈਂਕ ਵੱਲੋਂ ਬੋਲ ਰਿਹਾ ਹੈ । ਪੀੜਤਾ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਉਸਨੇ ਬੈਂਕ ਨੂੰ ਕ੍ਰੈਡਿਟ ਕਾਰਡ ਬੰਦ ਕਰਨ ਲਈ ਕਿਹਾ ਸੀ। ਫ਼ੋਨ ਕਰਨ ਵਾਲੇ ਨੇ ਉਸ ਤੋਂ ਇੱਕ OTP ਮੰਗਿਆ, ਜੋ ਉਸਨੇ ਦੇ ਦਿੱਤਾ। ਇਸ ਤੋਂ ਬਾਅਦ, ਉਸਦੇ ਐਫਡੀ ਦੇ ਪੈਸੇ ਅਤੇ ਖਾਤੇ ਵਿੱਚ ਜਮ੍ਹਾਂ ਹੋਰ ਰਕਮਾਂ, ਕੁੱਲ 9 ਲੱਖ 30 ਹਜ਼ਾਰ ਰੁਪਏ, ਕਢਵਾ ਲਏ ਗਏ ਹਨ।
ਹੁਣ ਕ੍ਰੈਡਿਟ ਕਾਰਡ ਦੁਬਾਰਾ ਵਰਤਿਆ ਗਿਆ ਤੇ 5 ਲੱਖ ਕਢਵਾਏ ਗਏ,ਰਿਕਵਰੀ ਵਾਲੇ ਪੀੜਤਾ ਦੇ ਘਰ ਪਹੁੰਚੇ
ਪੀੜਤ ਪਰਮਿੰਦਰ ਕੌਰ ਨੇ ਦੱਸਿਆ ਕਿ ਤਿੰਨ-ਚਾਰ ਦਿਨ ਪਹਿਲਾਂ ਜਲੰਧਰ ਤੋਂ ਰਿਕਵਰੀ ਵਾਲੇ ਲੋਕ ਉਸ ਦੇ ਘਰ ਆਏ ਅਤੇ ਉਸ ਨੂੰ ਦੱਸਿਆ ਕਿ ਉਸ ਦੇ ਕ੍ਰੈਡਿਟ ਕਾਰਡ ਵਿੱਚੋਂ 5 ਲੱਖ ਰੁਪਏ ਹੋਰ ਕੰਮਾਂ ਲਈ ਵਰਤੇ ਗਏ ਹਨ। ਮੈਂ ਉਹਨਾਂ ਨੂੰ ਕ੍ਰੈਡਿਟ ਕਾਰਡ ਬੰਦ ਕਰਨ ਲਈ ਬੈਂਕ ਨੂੰ ਅਰਜ਼ੀ ਦੇਣ ਬਾਰੇ ਦੱਸਿਆ। ਉਸਨੇ ਇਹ ਵੀ ਦੱਸਿਆ ਕਿ ਤੁਹਾਡਾ ਕ੍ਰੈਡਿਟ ਕਾਰਡ ਬੰਦ ਨਹੀਂ ਹੋਇਆ ਹੈ। ਸਗੋਂ ਉਹ ਵਰਤਿਆ ਜਾ ਰਿਹਾ। ਪੀੜਤਾ ਨੇ ਦੱਸਿਆ ਕਿ ਮੈਂ ਇਸ ਸਬੰਧੀ ਬੈਂਕ ਅਧਿਕਾਰੀਆਂ ਨੂੰ ਸੂਚਿਤ ਵੀ ਕੀਤਾ ਜਿੱਥੇ ਸਿਰਫ਼ ਭਰੋਸੇ ਹੀ ਦਿੱਤੇ ਜਾ ਰਹੇ ਹਨ। ਪੀੜਤਾ ਨੇ ਕਿਹਾ ਕਿ ਜੇਕਰ ਬੈਂਕ ਨੇ ਸਮੇਂ ਸਿਰ ਮੇਰਾ ਕ੍ਰੈਡਿਟ ਕਾਰਡ ਬੰਦ ਕਰ ਦਿੱਤਾ ਹੁੰਦਾ ਤਾਂ ਇਸ ਧੋਖਾਧੜੀ ਤੋਂ ਬਚਿਆ ਜਾ ਸਕਦਾ ਸੀ।ਪੀੜਤ ਪਰਮਿੰਦਰ ਕੌਰ ਨੇ ਦੱਸਿਆ ਕਿ ਉਸ ਦੇ ਖਾਤੇ ਵਿੱਚ ਪਹਿਲਾਂ ਹੀ ਜਮ੍ਹਾਂ ਲੱਖਾਂ ਰੁਪਏ ਠੱਗਾਂ ਵਲੋਂ ਕਢਵਾਏ ਗਏ ਹਨ ਅਤੇ ਹੁਣ 5 ਲੱਖ ਰੁਪਏ ਦਾ ਇੱਕ ਹੋਰ ਨੋਟਿਸ ਆ ਗਿਆ ਹੈ। ਉਸਨੇ ਦੱਸਿਆ ਕਿ ਜਦੋਂ ਮੇਰਾ ਕ੍ਰੈਡਿਟ ਕਾਰਡ ਪਹਿਲੀ ਵਾਰ ਗਲਤੀ ਨਾਲ ਵਰਤਿਆ ਗਿਆ ਸੀ, ਤਾਂ ਮੈਂ ਕ੍ਰੈਡਿਟ ਕਾਰਡ ਬੰਦ ਕਰਵਾਉਣ ਲਈ ਬੈਂਕ ਗਈ ਸੀ ਪਰ ਇਸਨੂੰ ਬੈਂਕ ਵਲੋਂ ਬੰਦ ਨਹੀਂ ਕੀਤਾ ਗਿਆ ਅਤੇ ਕਿਹਾ ਗਿਆ ਕਿ ਤੁਹਾਡੇ ਫੋਨ ਤੋਂ ਇੱਕ ਈ ਮੇਲ ਭੇਜੀ ਗਈ ਹੈ ਜਾਂਚ ਪੜਤਾਲ ਕਰਨ ਤੋਂ ਬਾਅਦ ਇਸਨੂੰ ਬੰਦ ਕਰ ਦਿੱਤਾ ਜਾਵੇਗਾ ਪਰ ਬੰਦ ਨਹੀਂ ਕੀਤਾ ਗਿਆ। ਉਸ ਤੋਂ ਬਾਅਦ ਠੱਗਾਂ ਵਲੋਂ ਉਸ ਦੇ ਕ੍ਰੈਡਿਟ ਕਾਰਡ ਨੂੰ ਵਰਤਿਆ ਗਿਆ।
ਪੀੜਤਾ ਦੇ ਪਿਤਾ ਹਰਭਜਨ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਧੀ ਦਾ ਵਿਆਹ ਤੈਅ ਕੀਤਾ ਗਿਆ ਸੀ ਅਤੇ ਵਿਆਹ ਲਈ ਪੈਸੇ ਪਹਿਲਾਂ ਹੀ ਬੈਂਕ ਵਿੱਚ ਰੱਖੇ ਹੋਏ ਸਨ। ਤਾਂ ਜੋ ਧੀ ਦਾ ਵਿਆਹ ਸਹੀ ਢੰਗ ਨਾਲ ਕਰ ਸਕਿਏ। ਉਸਨੇ ਦੱਸਿਆ ਕਿ ਜਿਸ ਵਿਅਕਤੀ ਨਾਲ ਉਸਦੀ ਧੀ ਦਾ ਵਿਆਹ ਪੱਕਾ ਹੋਇਆ ਸੀ, ਉਹ ਵਿਦੇਸ਼ ਵਿੱਚ ਰਹਿੰਦਾ ਹੈ ਤੇ ਇਹ ਅਗਲੇ ਮਹੀਨੇ ਆ ਰਿਹਾ ਹੈ। ਉਨ੍ਹਾਂ ਦਾ ਪਰਿਵਾਰ ਵਿਆਹ ਦੀ ਤਰੀਕ ਤੈਅ ਕਰਨ ਲਈ ਗੱਲ ਕਰ ਰਹੇ ਹਨ। ਜਿਸਦਾ ਅਸੀਂ ਕੋਈ ਸਪੱਸ਼ਟ ਜਵਾਬ ਦੇਣ ਵਿੱਚ ਅਸਮਰੱਥ ਹਾਂ। ਉਸਨੇ ਦੱਸਿਆ ਕਿ ਅਸੀਂ ਜੋ ਵੀ ਪੈਸੇ ਜਮ੍ਹਾ ਕਰਵਾਏ ਸਨ, ਉਹ ਧੋਖੇਬਾਜ਼ਾਂ ਨੇ ਪਹਿਲਾਂ ਹੀ ਕਢਵਾ ਲਏ। ਹੁਣ ਮੈਨੂੰ ਸਮਝ ਨਹੀਂ ਆ ਰਿਹਾ ਕਿ ਮੈਂ ਉਨ੍ਹਾਂ ਨੂੰ ਕੀ ਜਵਾਬ ਦੇਵਾਂ ਅਤੇ ਲੜਕੀ ਦਾ ਵਿਆਹ ਕਿਸ ਤਰ੍ਹਾਂ ਕਰਾਂ।








