ਹੁਸ਼ਿਆਰਪੁਰ (ਬਿਊਰੋ)
? ਬਲਾਇੰਡ ਸਕੂਲ ਮਾਹਿਲਪੁਰ ਅਤੇ ਸਬ ਡਵੀਜ਼ਨ ਗੜ੍ਹਸ਼ੰਕਰ ਵਿਖੇ ਸਥਿਤ ਫਰੰਟ ਆਫਿਸ ਦਾ ਵੀ ਕੀਤਾ ਦੌਰਾ
20 ਮਈ : ਮੈਂਬਰ ਸਕੱਤਰ, ਪੰਜਾਬ ਰਾਜ ਕਾਨੂੰਨੀ ਸੇਵਾਵਾਂ, ਅਥਾਰਟੀ, ਐਸ.ਏ.ਐਸ. ਨਗਰ, ਮੁਹਾਲੀ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਜ਼ਿਲ੍ਹਾ ਅਤੇ ਸ਼ੈਸ਼ਨ ਜੱਜ-ਕਮ-ਚੇਅਰਮੈਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਹੁਸ਼ਿਆਰਪੁਰ ਦਿਲਬਾਗ ਸਿੰਘ ਜੌਹਲ ਦੇ ਦਿਸ਼ਾ-ਨਿਰਦੇਸ਼ਾਂ ਹੇਠ ਸੀ.ਜੇ.ਐਮ-ਕਮ-ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਹੁਸ਼ਿਆਰਪੁਰ ਅਪਰਾਜਿਤਾ ਜੋਸ਼ੀ ਵਲੋਂ ਅੱਜ ਕੇਦਰੀ ਜੇਲ੍ਹ, ਹੁਸ਼ਿਆਰਪੁਰ ਵਿਖੇ ਜੇਲ੍ਹ ਲੋਕ ਅਦਾਲਤ ਦਾ ਆਯੋਜਨ ਕੀਤਾ ਗਿਆ। ਇਸ ਜੇਲ੍ਹ ਲੋਕ ਅਦਾਲਤ ਦੌਰਾਨ ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵਲੋ ਜ਼ਿਲ੍ਹਾ ਹੁਸ਼ਿਆਰਪੁਰ ਦੀਆਂ ਅਦਾਲਤਾਂ ਤੋਂ ਇਲਾਵਾ ਸਬ ਡਵੀਜ਼ਨ ਦਸੂਹਾ, ਮੁਕੇਰੀਆਂ ਅਤੇ ਗੜ੍ਹਸ਼ੰਕਰ ਦੀਆਂ ਅਦਾਲਤਾਂ ਤੋਂ ਕੇਦਰੀ ਜੇਲ੍ਹ, ਹੁਸ਼ਿਆਰਪੁਰ ਅੰਦਰ ਬੰਦ ਹਵਾਲਾਤੀਆਂ ਦੇ ਕੇਸਾਂ ਦੀਆਂ ਫਾਇਲਾਂ ਮੰਗਵਾਈਆ ਗਈਆਂ ਅਤੇ ਇਸ ਜੇਲ੍ਹ ਲੋਕ ਅਦਾਲਤ ਦੌਰਾਨ ਉਨ੍ਹਾਂ ਮੌਕੇ ‘ਤੇ ਹੀ 5 ਕੇਸਾਂ ਦਾ ਨਿਪਟਾਰਾ ਕੀਤਾ ਗਿਆ ਅਤੇ ਜੇਲ੍ਹ ਸੁਪਰਡੈਂਟ ਨੂੰ ਹਦਾਇਤ ਦਿੱਤੀ ਗਈ ਕਿ ਜਿਨ੍ਹਾਂ ਕੇਸਾਂ ਦਾ ਨਿਪਟਾਰਾ ਇਸ ਜੇਲ੍ਹ ਲੋਕ ਅਦਾਲਤ ਦੌਰਾਨ ਕੀਤਾ ਗਿਆ ਹੈ ਉਨ੍ਹਾਂ ਦੋਸ਼ੀਆਂ ਨੂੰ ਜਲਦ ਰਿਹਾਅ ਕੀਤਾ ਜਾਵੇ, ਜੇਕਰ ਉਹ ਕਿਸੇ ਹੋਰ ਕੇਸ ਵਿੱਚ ਜੇਲ੍ਹ ਅੰਦਰ ਬੰਦ ਨਹੀਂ ਹਨ। ਜਿਹੜੇ ਕੇਸਾਂ ਦਾ ਇਸ ਜੇਲ੍ਹ ਲੋਕ ਅਦਾਲਤ ਦੌਰਾਨ ਫੈਸਲਾ ਕੀਤਾ ਗਿਆ ਉਹ ਕੇਸ ਅਲੱਗ-ਅਲੱਗ ਪੁਲਿਸ ਸਟੇਸ਼ਨਾਂ ਨਾਲ ਸਬੰਧਤ ਸਨ। ਇਸ ਜੇਲ੍ਹ ਲੋਕ ਅਦਾਲਤ ਦਾ ਆਯੋਜਨ ਕਰਨ ਦਾ ਮੁੱਖ ਮੰਤਵ ਇਹ ਸੀ ਕਿ ਅੰਡਰਟ੍ਰਾਇਲ ਵਿਅਕਤੀ, ਜਿਨ੍ਹਾ ਦੇ ਕੇਸ ਕਾਫੀ ਲੰਬੇ ਸਮੇਂ ਤੋਂ ਕੋਰਟਾਂ ਵਿੱਚ ਚੱਲ ਰਹੇ ਹਨ, ਉਨ੍ਹਾਂ ਕੇਸਾ ਨੂੰ ਇਸ ਜੇਲ੍ਹ ਲੋਕ ਅਦਾਲਤ ਵਿੱਚ ਰੱਖ ਕੇ ਜਲਦ ਤੋਂ ਜਲਦ ਨਿਪਟਾਰਾ ਕੀਤਾ ਜਾ ਸਕੇ ਅਤੇ ਦੋਸ਼ੀਆਂ ਨੂੰ ਲੰਬੇ ਟ੍ਰਾਇਲ ਤੋਂ ਬਚਾਇਆ ਜਾ ਸਕੇ।
ਇਸ ਦੇ ਨਾਲ ਹੀ ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਹੁਸ਼ਿਆਰਪਰ ਵਲੋਂ ਕੇਂਦਰੀ ਜੇਲ੍ਹ, ਹੁਸ਼ਿਆਰਪੁਰ ਵਿਖੇ ਮੈਡੀਕਲ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਮੈਡੀਕਲ ਕੈਂਪ ਦੌਰਾਨ ਸਿਵਲ ਹਸਪਤਾਲ ਦੀ ਮੈਡੀਕਲ ਟੀਮ ਜਿਵੇ ਕਿ ਚਮੜੀ ਦੇ ਰੋਗ, ਅੱਖਾਂ ਦਾ ਚੈਕਅੱਪ, ਬੁਖਾਰ, ਖਾਂਸੀ, ਜੁਕਾਮ, ਅੱਖਾਂ ਦੇ ਰੋਗਾਂ, ਹੱਡੀਆ, ਦੰਦਾਂ, ਮਾਨਸਿਕ ਰੋਗਾਂ ਦੇ ਮਾਹਿਰ ਅਤੇ ਹੋਰ ਬਿਮਾਰੀਆਂ ਦੇ ਮਾਹਿਰ ਡਾਕਟਰਾਂ ਵਲੋਂ ਚੈਕਅੱਪ ਕੀਤਾ ਗਿਆ। ਡਾਕਟਰਾਂ ਦੀ ਟੀਮ ਵਲੋਂ ਚੈਕਅੱਪ ਦੌਰਾਨ ਹਵਾਲਾਤੀਆਂ ਤੇ ਕੈਦੀ ਮਰੀਜ਼ਾ ਨੂੰ ਮੁਫਤ ਦਵਾਈਆਂ ਵੀ ਮੁਹੱਈਆ ਕੀਤੀਆਂ ਗਈਆਂ। ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵਲੋਂ ਡਾਕਟਰਾਂ ਦੀ ਟੀਮ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਆਪ ਦੇ ਸਹਿਯੋਗ ਨਾਲ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਹੁਸ਼ਿਆਰਪੁਰ ਵਲੋਂ ਇਹ ਮੈਡੀਕਲ ਕੈਂਪ ਦਾ ਆਯੋਜਨ ਕੀਤਾ ਗਿਆ ਤਾਂ ਜੋ ਹਵਾਲਾਤੀਆਂ ਤੇ ਕੈਦੀਆਂ ਦਾ ਬਿਮਾਰੀਆਂ ਤੋ ਬਚਾਅ ਹੋ ਸਕੇ। ਇਸ ਜੇਲ੍ਹ ਲੋਕ ਅਦਾਲਤ ਅਤੇ ਮੈਡੀਕਲ ਕੈਂਪ ਦੌਰਾਨ ਸੁਪਰਡੈਂਟ ਅਨੁਰਾਗ ਕੁਮਾਰ ਆਜ਼ਾਦ ਕੇਦਰੀ ਜੇਲ ਹੁਸ਼ਿਆਰਪੁਰ, ਡਿਪਟੀ ਸੁਪਰਡੈਂਟ ਅੰਮ੍ਰਿਤਪਾਲ ਸਿੰਘ ਅਤੇ ਸਰਬਜੀਤ ਸਿੰਘ ਸਹਾਇਕ ਸੁਪਰਡੈਂਟ ਹਾਜ਼ਰ ਸਨ।
ਉਪਰੋਕਤ ਤੋਂ ਇਲਾਵਾ ਅਪਰਾਜਿਤਾ ਜੋਸ਼ੀ, ਸੀ.ਜੇ.ਐਮ-ਕਮ-ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਹੁਸ਼ਿਆਰਪੁਰ ਵਲੋਂ ਅੱਜ ਬਲਾਇੰਡ ਸਕੂਲ ਮਾਹਿਲਪੁਰ ਦਾ ਦੌਰਾ ਕੀਤਾ ਗਿਆ। ਇਸ ਦੌਰੇ ਦੌਰਾਨ ਉਨ੍ਹਾਂ ਵਲੋਂ ਬਲਾਇੰਡ ਸਕੂਲ ਦੇ ਬੱਚਿਆਂ ਦਾ ਹਾਲ ਚਾਲ ਜਾਣਿਆ ਗਿਆ ਅਤੇ ਉਨ੍ਹਾਂ ਨਾਲ ਗੱਲਬਾਤ ਕਰਕੇ ਉਨ੍ਹਾਂ ਦੀਆਂ ਸਮੱਸਿਆਵਾ ਬਾਰੇ ਬਲਾਇੰਡ ਸਕੂਲ ਦੇ ਪ੍ਰਿੰਸੀਪਲ ਨਾਲ ਵਿਚਾਰ-ਵਟਾਦਰਾਂ ਕੀਤਾ ਗਿਆ। ਇਸ ਦੇ ਨਾਲ ਹੀ ਉਨ੍ਹਾਂ ਸਬ ਡਵੀਜ਼ਨ ਗੜ੍ਹਸ਼ੰਕਰ ਵਿਖੇ ਸਥਿਤ ਫਰੰਟ ਆਫਿਸ ਦਾ ਦੌਰਾ ਕੀਤਾ ਅਤੇ ਨਾਲ ਹੀ ਗੜ੍ਹਸ਼ੰਕਰ ਦੇ ਰਿਟੇਨਰ ਐਡਵੋਕੇਟਾਂ ਨਾਲ ਗੱਲਬਾਤ ਕੀਤੀ ਗਈ ਅਤੇ ਮੁਫਤ ਕਾਨੂੰਨੀ ਸਹਾਇਤਾ ਕੇਸਾਂ ਬਾਰੇ ਪੁਛਿਆ ਗਿਆ।








