ਟਿੱਪਰ ਟਰੈਕਟਰ ਟਰਾਲੀ ਦੀ ਜਬਰਦਸਤ ਟੱਕਰ ‘ਚ ਇੱਕ ਨੌਜਵਾਨ ਦੀ ਮੌਤ, ਇੱਕ ਗੰਭੀਰ ਜਖਮੀ
ਗੜਸ਼ੰਕਰ, 28 ਨਵੰਬਰ, ਅਸ਼ਵਨੀ) : ਗੜਸ਼ੰਕਰ ਨੰਗਲ ਰੋਡ ਤੇ ਪਿੰਡ ਸ਼ਾਹਪੁਰ ਲਾਗੇ ਸਥਿਤ ਮਾਨਵ ਢਾਬੇ ਦੇ ਨਜ਼ਦੀਕ ਟਿੱਪਰ ਅਤੇ ਟਰੈਕਟਰ-ਟਰਾਲੀ ਦਰਮਿਆਨ ਹੋਈ ਟੱਕਰ ਵਿੱਚ ਇੱਕ ਨੌਜਵਾਨ ਦੀ ਮੌਤ, ਅਤੇ ਇੱਕ ਦੇ ਜਖਮੀ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਮਿਲੀ ਜਾਣਕਾਰੀ ਅਨੁਸਾਰ
ਨਵਜੀਤ ਸਿੰਘ ਪੁੱਤਰ ਧਿਆਨ ਸਿੰਘ ਵਾਸੀ ਪਿੰਡ ਧੰਜਲ ਜ਼ਿਲ੍ਹਾ ਕਪੂਰਥਲਾ ਆਪਣੇ ਟਰੈਕਟਰ ਟਰਾਲੀ ਤੇ ਪਰਾਲੀ ਲੈ ਕੇ ਹਿਮਾਚਲ ਵੱਲ ਜਾ ਰਿਹਾ ਸੀ। ਰਸਤੇ ਵਿੱਚ ਪਿੰਡ ਸ਼ਾਹਪੁਰ ਲਾਗੇ ਢਾਬੇ ਤੇ ਇੱਕ ਨੌਜਵਾਨ ਸਤਨਾਮ ਸਿੰਘ ਪੁੱਤਰ ਸੋਹਣ ਸਿੰਘ ਵਾਸੀ ਗੜ੍ਹੀ ਮੱਟੋ ਲਿਫਟ ਲੈ ਕੇ ਟਰੈਕਟਰ ਤੇ ਬੈਠ ਗਿਆ। ਕੁਝ ਦੇਰ ਬਾਅਦ ਹੀ ਨੰਗਲ ਵਾਲੇ ਪਾਸਿਓਂ ਆ ਰਿਹਾ ਇੱਕ ਰੇਤ ਨਾਲ਼ ਭਰਿਆ ਟਿੱਪਰ ਪਹਿਲਾਂ ਦੁੱਧ ਵਾਲੀ ਗੱਡੀ ਨਾਲ ਅਤੇ ਫਿਰ ਟਰੈਕਟਰ ਨਾਲ ਟਕਰਾ ਗਿਆ। ਜਿਸ ਵਿਚ ਦੁੱਧ ਵਾਲੀ ਗੱਡੀ ਦਾ ਡਰਾਈਵਰ ਫੱਟੜ ਹੋ ਗਿਆ ਅਤੇ ਸਤਨਾਮ ਸਿੰਘ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਥਾਣਾ ਗੜਸ਼ੰਕਰ ਦੀ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।