ਸਿਹਤ ਵਰਕਰਾਂ ਦੀ ਟੀਮ ਨੇ ਤੰਬਾਕੂਨੋਸ਼ੀ ਕਰਨ ਅਤੇ ਵੇਚਣ ਵਾਲਿਆਂ ਦੇ ਕੱਟੇ ਚਲਾਨ
ਪਠਾਨਕੋਟ, ਤਾਰਾਗੜ੍ਹ(ਅਵਿਨਾਸ਼ ਸ਼ਰਮਾ) : ਸਿਵਲ ਸਰਜਨ ਪਠਾਨਕੋਟ ਡਾ ਰੁਬਿੰਦਰ ਕੌਰ ਦੇ ਹੁਕਮਾਂ ਅਤੇ ਸੀਨੀਅਰ ਮੈਡੀਕਲ ਅਫ਼ਸਰ ਡਾ ਰਵੀ ਕਾਂਤ ਨਰੋਟ ਜੈਮਲ ਸਿੰਘ ਦੇ ਦਿਸ਼ਾ ਨਿਰਦੇਸ਼ ਤੇ ਹੈਲਥ ਇੰਸਪੈਕਟਰ ਕੁਲਵਿੰਦਰ ਭਗਤ ਦੀ ਅਗਵਾਈ ਹੇਠ ਸਿਹਤ ਵਰਕਰਾਂ ਦੀ ਟੀਮ ਵੱਲੋਂ ਤਾਰਾਗੜ੍ਹ ਦੇ ਪਿੰਡ ਬਕਨੋਰ ਵਿੱਚ ਅਤੇ ਆਲੇ ਦੁਆਲੇ ਤੰਬਾਕੂਨੋਸ਼ੀ ਕਰਨ ਅਤੇ ਵੇਚਣ ਵਾਲਿਆਂ ਦੇ ਚਲਾਨ ਕੱਟੇ ਅਤੇ ਇਸ ਦੇ ਮਾੜੇ ਪ੍ਰਭਾਵਾਂ ਤੋਂ ਜਾਗਰੂਕ ਕੀਤਾ ਗਿਆ। ਹੈਲਥ ਇੰਸਪੈਕਟਰ ਕੁਲਵਿੰਦਰ ਭਗਤ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਅੱਜ ਕਰੀਬ 5 ਚਲਾਨ ਕੱਟ ਕੇ ਜੁਰਮਾਨਾ ਵਸੂਲ ਕੀਤਾ ਗਿਆ ਅਤੇ ਕਈਆਂ ਨੂੰ ਚਿਤਾਵਨੀ ਦੇ ਕੇ ਛੱਡਿਆ ਗਿਆ । ਉਨ੍ਹਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਤੰਬਾਕੂ ਕੰਟਰੋਲ ਐਕਟ 2003 ਤਹਿਤ ਕੋਈ ਵੀ ਖਾਣ ਪੀਣ ਵਾਲੀਆਂ ਵਸਤਾਂ ਵੇਚਣ ਵਾਲਾ ਦੁਕਾਨਦਾਰ ਤੰਬਾਕੂ ਯੁਕਤ ਪਦਾਰਥ ਨਹੀਂ ਵੇਚ ਸਕਦਾ। ਬਿਨਾਂ ਸਿਹਤ ਚਿਤਾਵਨੀ ਦੇ ਸਿਗਰਟ ਅਤੇ ਹੋਰ ਤੰਬਾਕੂ ਪਦਾਰਥਾਂ ਦੀ ਵਿਕਰੀ ਤੇ ਰੋਕ, ਖੁੱਲ੍ਹੀ ਸਿਗਰਟ ਤੰਬਾਕੂ ਵੇਚਣ ਤੇ ਰੋਕ, ਆਦਿ । ਇਨ੍ਹਾਂ ਦੀ ਉਲੰਘਣਾ ਕਰਨ ਵਾਲੇ ਵਿਅਕਤੀਆਂ ਨੂੰ ਵੱਖ ਵੱਖ ਧਾਰਾ ਅਧੀਨ 200 ਰੁਪਏ ਤੱਕ ਦਾ ਜੁਰਮਾਨਾ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਸਾਡੀ ਟੀਮ ਦਾ ਮੁੱਖ ਉਦੇਸ਼ ਲੋਕਾਂ ਨੂੰ ਤੰਬਾਕੂ ਦੇ ਬੁਰੇ ਪ੍ਰਭਾਵਾਂ ਤੋਂ ਜਾਗਰੂਕ ਕਰਨਾ ਹੈ ਨਾ ਕੇ ਚਲਾਨ ਕੱਟ ਕੇ ਪੈਸੇ ਇਕੱਠੇ ਕਰਨਾ, ਕਿਉਂਕਿ ਕਿਸੇ ਵੀ ਤੰਬਾਕੂ ਉਤਪਾਦਨ ਦਾ ਸੇਵਨ ਕਰਨ ਨਾਲ ਕੈਂਸਰ ਵਰਗੀਆਂ ਖ਼ਤਰਨਾਕ ਬੀਮਾਰੀਆਂ ਹੁੰਦੀਆਂ ਹਨ। ਇਸ ਮੌਕੇ ਹੈਲਥ ਇੰਸਪੈਕਟਰ ਕੁਲਵਿੰਦਰ ਸਿੰਘ, ਵਿੱਕੀ ਸਿੰਘ, ਅਮਿਤ ਕੁਮਾਰ, ਮਨਦੀਪ ਸਿੰਘ, ਸੁਨੀਲ ਸ਼ਰਮਾ ਆਦਿ ਮੌਜੂਦ ਸਨ ।








