ਹੁਸ਼ਿਆਰਪੁਰ, 4 ਜੂਨ (ਪ੍ਰਾਈਮ ਪੰਜਾਬ ਟਾਈਮਜ)
: ਖਿਡਾਰੀਆਂ ਨੂੰ ਬਿਹਤਰ ਖੇਡ ਸਹੂਲਤਾਂ ਉਪਲਬਧ ਕਰਵਾਉਣ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਪਹਿਲ ਤਹਿਤ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਨਿਕਾਸ ਕੁਮਾਰ ਨੇ ਅੱਜ ਸਥਾਨਕ ਇਨਡੋਰ ਸਟੇਡੀਅਮ ਵਿੱਚ ਸੋਨਾਲਿਕਾ ਗਰੁੱਪ ਦੇ ਸਹਿਯੋਗ ਨਾਲ ਤਿਆਰ ਕੀਤੇ ਗਏ ਦੋ ਨਵੇਂ ਬੈਡਮਿੰਟਨ ਕੋਰਟਾਂ ਦਾ ਉਦਘਾਟਨ ਕੀਤਾ। ਇਸ ਮੌਕੇ ਉਨ੍ਹਾਂ ਕਿਹਾ ਕਿ ਖੇਡਾਂ ਦੇ ਵਿਕਾਸ ਅਤੇ ਖਿਡਾਰੀਆਂ ਨੂੰ ਆਧੁਨਿਕ ਸਹੂਲਤਾਂ ਉਪਲਬੱਧ ਕਰਵਾਉਣ ਵਿੱਚ ਨਿੱਜੀ ਸੰਸਥਾਵਾਂ ਦੀ ਭਾਗੀਦਾਰੀ ਬਹੁਤ ਹੀ ਸ਼ਲਾਘਾਯੋਗ ਹੈ।
ਏ.ਡੀ.ਸੀ. ਨਿਕਾਸ ਕੁਮਾਰ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਹਮੇਸ਼ਾ ਤਤਪਰ ਰਹਿੰਦਾ ਹੈ। ਇਸੇ ਲੜੀ ਤਹਿਤ ਇੰਟਰਨੈਸ਼ਨਲ ਟ੍ਰੈਕਟਰਜ਼ ਲਿਮਿਟੇਡ ਸੋਨਾਲਿਕਾ ਵੱਲੋਂ ਆਪਣੀਆਂ ਕਾਰਪੋਰੇਟ ਸੋਸ਼ਲ ਰਿਸਪਾਂਸਬਿਲਿਟੀ (ਸੀ.ਐਸ.ਆਰ.) ਗਤੀਵਿਧੀਆਂ ਦੇ ਅਧੀਨ ਬੈਡਮਿੰਟਨ ਖਿਡਾਰੀਆਂ ਲਈ ਇਹ ਸਹੂਲਤ ਮੁਹੱਈਆ ਕਰਵਾਈ ਗਈ ਹੈ, ਜਿਸ ਨਾਲ ਜ਼ਿਲ੍ਹੇ ਦੇ ਖਿਡਾਰੀਆਂ ਨੂੰ ਉੱਚ ਪੱਧਰੀ ਅਭਿਆਸ ਦਾ ਮੌਕਾ ਮਿਲੇਗਾ। ਉਨ੍ਹਾਂ ਸੋਨਾਲਿਕਾ ਪ੍ਰਬੰਧਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਜਿਹੇ ਸਹਿਯੋਗੀ ਉਪਰਾਲੇ ਜ਼ਿਲ੍ਹੇ ਵਿੱਚ ਖੇਡ ਸਭਿਆਚਾਰ ਨੂੰ ਹੋਰ ਮਜ਼ਬੂਤ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਉਣਗੇ। ਉਨ੍ਹਾਂ ਖਿਡਾਰੀਆਂ ਨੂੰ ਅਪੀਲ ਕੀਤੀ ਕਿ ਉਹ ਉਪਲਬੱਧ ਸਹੂਲਤਾਂ ਦਾ ਵੱਧ ਤੋਂ ਵੱਧ ਲਾਭ ਉਠਾਉਣ , ਆਪਣੇ ਖੇਡ ਹੁਨਰ ਨੂੰ ਹੋਰ ਨਿਖਾਰਣ ਅਤੇ ਜ਼ਿਲ੍ਹੇ ਤੇ ਸੂਬੇ ਦਾ ਨਾਮ ਰੌਸ਼ਨ ਕਰਨ। ਇਸ ਮੌਕੇ ਸੋਨਾਲਿਕਾ ਗਰੁੱਪ ਵੱਲੋਂ ਰਜਨੀਸ਼ ਸੰਦਲ ਅਤੇ ਵਿਸ਼ਾਲ ਗੁਪਤਾ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਸਮਾਗਮ ਵਿੱਚ ਸਪੋਰਟਸ ਵੈਲਫੇਅਰ ਬੋਰਡ ਪੰਜਾਬ ਦੇ ਮੈਂਬਰ ਅਮਨਦੀਪ ਸਿੰਘ, ਜ਼ਿਲ੍ਹਾ ਖੇਡ ਅਫ਼ਸਰ ਗੁਰਪ੍ਰੀਤ ਸਿੰਘ ਵੀ ਮੌਜੂਦ ਸਨ।








