ਦਸੂਹਾ 27 ਮਾਰਚ (ਚੌਧਰੀ)
: ਕੇ.ਐਮ.ਐਸ ਕਾਲਜ ਆਫ ਆਈ.ਟੀ. ਐਂਡ ਮੈਨੇਜਮੈਂਟ, ਚੌਧਰੀ ਬੰਤਾ ਸਿੰਘ ਕਲੋਨੀ ਦਸੂਹਾ ਦੇ ਪ੍ਰਿੰਸੀਪਲ ਡਾ. ਸ਼ਬਨਮ ਕੌਰ ਅਤੇ ਉਹਨਾਂ ਦੇ ਸਪੁੱਤਰ ਤੋਸ਼ਾਂਤ ਸੈਣੀ ਦਾ 9 ਮਾਰਚ 2026, ਸੋਮਵਾਰ ਰਾਤ 8:30 ਵਜੇ ਦੇ ਕਰੀਬ ਜਲੰਧਰ ਤੋਂ ਦਸੂਹਾ ਵੱਲ ਆਉਂਦੇ ਹੋਏ ਚੋਲਾਂਗ ਟੌਲ ਪਲਾਜ਼ਾ ਦੇ ਨਜ਼ਦੀਕ ਦਰਦਨਾਕ ਸੜਕ ਹਾਦਸੇ ਵਿੱਚ ਦੇਹਾਂਤ ਹੋ ਗਿਆ ਸੀ। ਅੱਜ ਕੇ.ਐਮ.ਐਸ ਕਾਲਜ ਵਿਖੇ ਸ਼ਰਧਾਂਜਲੀ ਸਭਾ ਦਾ ਆਯੋਜਨ ਕੀਤਾ ਗਿਆ, ਜਿਸ ਦੌਰਾਨ ਕਾਲਜ ਦੇ ਸਮੂਹ ਸਟਾਫ ਮੈਂਬਰਾਂ ਅਤੇ ਵਿਦਿਆਰਥੀਆਂ ਵੱਲੋਂ ਸਵਰਗੀਏ ਪ੍ਰਿੰਸੀਪਲ ਡਾ. ਸ਼ਬਨਮ ਕੌਰ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ ਅਤੇ ਉਹਨਾਂ ਦੀ ਆਤਮਾ ਦੀ ਸ਼ਾਂਤੀ ਲਈ ਅਰਦਾਸ ਕੀਤੀ ਗਈ। ਇਸ ਮੌਕੇ ਤੇ ਹਾਜ਼ਰ ਸਭ ਨੇ ਇਸ ਕਦੇ ਨਾ ਪੂਰਾ ਹੋਣ ਵਾਲੇ ਘਾਟੇ ਨੂੰ ਯਾਦ ਕਰਦਿਆਂ ਗਹਿਰਾ ਦੁੱਖ ਪ੍ਰਗਟ ਕੀਤਾ। ਸ਼ਰਧਾਂਜਲੀ ਸਭਾ ਦੌਰਾਨ ਹਰਮਨਦੀਪ ਸਿੰਘ (ਐਮ.ਸੀ.ਏ) ਅਤੇ ਜਸਦੀਪ ਕੌਰ (ਬੀ.ਐੱਸ.ਸੀ ਫੈਸ਼ਨ ਡਿਜ਼ਾਇਨਿੰਗ) ਨੇ ਸਵਰਗੀਏ ਪ੍ਰਿੰਸੀਪਲ ਡਾ. ਸ਼ਬਨਮ ਕੌਰ ਨੂੰ ਯਾਦ ਕਰਦਿਆਂ ਕਿਹਾ ਕਿ ਉਹ ਇੱਕ ਸਮਰਪਿਤ ਅਧਿਆਪਿਕਾ, ਦਿਆਲੂ ਸ਼ਖਸੀਅਤ ਅਤੇ ਵਿਦਿਆਰਥੀਆਂ ਦੇ ਸੱਚੇ ਮਾਰਗਦਰਸ਼ਕ ਸਨ। ਉਹ ਹਮੇਸ਼ਾ ਵਿਦਿਆਰਥੀਆਂ ਦੀ ਪ੍ਰਗਤੀ ਅਤੇ ਕਾਲਜ ਦੇ ਵਿਕਾਸ ਲਈ ਕਿਰਿਆਸ਼ੀਲ ਰਹਿੰਦੇ ਸਨ। ਉਹਨਾਂ ਦੀ ਮਿੱਠੀ ਬੋਲੀ, ਸਾਦਗੀ ਅਤੇ ਸੇਵਾ ਭਾਵਨਾ ਨੂੰ ਕਾਲਜ ਪਰਿਵਾਰ ਕਦੇ ਵੀ ਭੁੱਲ ਨਹੀਂ ਸਕੇਗਾ। ਉਹਨਾਂ ਕਿਹਾ ਕਿ ਪ੍ਰਿੰਸੀਪਲ ਡਾ. ਸ਼ਬਨਮ ਕੌਰ ਦੀ ਸੋਚ ਬਹੁਤ ਹੀ ਉੱਚੀ ਅਤੇ ਨੇਕ ਸੀ। ਉਹਨਾਂ ਦੇ ਸੁਪਨਿਆਂ ਨੂੰ ਅਸੀਂ ਸਾਰੇ ਮਿਲ ਕੇ ਪੂਰੇ ਕਰਾਂਗੇ ਅਤੇ ਕਾਲਜ ਨੂੰ ਹੋਰ ਉਚਾਈਆਂ ਤੱਕ ਲੈ ਕੇ ਜਾਵਾਂਗੇ। ਇਸ ਮੌਕੇ ਤੇ ਚੇਅਰਮੈਨ ਚੌਧਰੀ ਕੁਮਾਰ ਸੈਣੀ ਨੇ ਕਿਹਾ ਕਿ ਪ੍ਰਿੰਸੀਪਲ ਡਾ. ਸ਼ਬਨਮ ਕੌਰ ਨੇ ਆਪਣੀ ਮਿਹਨਤ, ਲਗਨ ਅਤੇ ਨੇਤ੍ਰਿਤਵ ਨਾਲ ਕਾਲਜ ਨੂੰ ਨਵੀਆਂ ਉਚਾਈਆਂ ਤੱਕ ਪਹੁੰਚਾਇਆ। ਉਹਨਾਂ ਦੀ ਕਮੀ ਹਮੇਸ਼ਾ ਮਹਿਸੂਸ ਕੀਤੀ ਜਾਵੇਗੀ। ਉਹਨਾਂ ਕਾਲਜ ਦੀਆਂ ਵਿਦਿਆਰਥਣਾਂ ਨੂੰ ਪ੍ਰਿੰਸੀਪਲ ਡਾ. ਸ਼ਬਨਮ ਕੌਰ ਵਾਂਗ ਮਿਹਨਤ, ਲਗਨ ਅਤੇ ਜਜ਼ਬੇ ਨਾਲ ਅੱਗੇ ਵੱਧਕੇ ਕਾਮਯਾਬੀ ਹਾਸਲ ਕਰਨ ਲਈ ਪ੍ਰੇਰਿਤ ਕੀਤਾ। ਉਹਨਾਂ ਇਲਾਕੇ ਦੇ ਲੋਕਾਂ ਦਾ ਸ਼ਰਧਾਂਜਲੀ ਸਮਾਗਮ ਵਿੱਚ ਇੰਨੀ ਵੱਡੀ ਗਿਣਤੀ ਵਿੱਚ ਸ਼ਾਮਲ ਹੋਣ ਲਈ ਧੰਨਵਾਦ ਕੀਤਾ। ਅੰਤ ਵਿੱਚ ਕਾਲਜ ਪਰਿਵਾਰ ਵੱਲੋਂ ਪਰਮਾਤਮਾ ਅੱਗੇ ਅਰਦਾਸ ਕੀਤੀ ਗਈ ਕਿ ਵਿਛੜੀਆਂ ਆਤਮਾਵਾਂ ਨੂੰ ਚਰਨਾਂ ਵਿੱਚ ਨਿਵਾਸ ਬਖ਼ਸ਼ੇ ਅਤੇ ਪਰਿਵਾਰ ਨੂੰ ਇਹ ਦੁੱਖ ਸਹਿਣ ਦੀ ਤਾਕਤ ਦੇਵੇ।
ਫੋਟੋ ਕੈਪਸ਼ਨ : ਸ਼ਰਧਾਂਜਲੀ ਸਭਾ ਦੌਰਾਨ ਸਵਰਗਵਾਸੀ ਪ੍ਰਿੰਸੀਪਲ ਡਾ. ਸ਼ਬਨਮ ਕੌਰ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦੇ ਹੋਏ ਵਿਦਿਆਰਥੀ ਅਤੇ ਸਟਾਫ ਅਤੇ ਚੇਅਰਮੈਨ ਚੌਧਰੀ ਕੁਮਾਰ ਸੈਣੀ, ਡਾਇਰੈਕਟਰ ਡਾ. ਮਾਨਵ ਸੈਣੀ ਅਤੇ ਐਚ.ਓ.ਡੀ ਡਾ. ਰਾਜੇਸ਼ ਕੁਮਾਰ।








