ਟਾਂਡਾ : ਦਰਦਨਾਕ ਸੜਕ ਹਾਦਸੇ ਚ ਆਪ ਦੇ ਨੌਜਵਾਨ ਆਗੂ ਦੀ ਮੌਤ
ਟਾਂਡਾ / ਦਸੂਹਾ 22 ਨਵੰਬਰ (ਚੌਧਰੀ) : ਅੱਜ ਦੁਪਹਿਰ ਪਠਾਨਕੋਟ ਜਲੰਧਰ ਨੈਸ਼ਨਲ ਹਾਈਵੇ ਤੇ ਪੈਂਦੇ ਚੌਲਾਂਗ ਟੋਲ ਪਲਾਜਾ ਨਜਦੀਕ ਪੈਟਰੋਲ ਪੰਪ ਸਾਹਮਣੇ ਇੱਕ ਬੇਕਾਬੂ ਕਾਰ ਮੋਟਰਸਾਈਕਲ ਸਵਾਰ ਨਾਲ ਟਕਰਾਉਣ ਕਾਰਨ ਵਾਪਰੇ ਦਰਦਨਾਕ ਸੜਕ ਹਾਦਸੇ ਵਿੱਚ ਆਪ ਦੇ ਨੌਜਵਾਨ ਆਗੂ ਦੀ ਮੌਕੇ ਤੇ ਮੌਤ ਹੋ ਗਈ ਜਦਕਿ ਕਾਰ ਚ ਸਵਾਰ ਪਤੀ ਪਤਨੀ ਗੰਭੀਰ ਰੂਪ ਚ ਜਖਮੀ ਹੋ ਗਏ । ਮ੍ਰਿਤਕ ਦੀ ਪਛਾਣ ਜਗਮੋਹਨ ਸਿੰਘ ( 29) ਪੁੱਤਰ ਲੇਟ ਗੁਰਦੇਵ ਸਿੰਘ ਵਾਸੀ ਜਹੂਰਾ ਵਜੋਂ ਹੋਈ। ਟਾਂਡਾ ਪੁਲਿਸ ਨੇ ਮ੍ਰਿਤਕ ਦੇ ਚਾਚੇ ਕੁਲਦੀਪ ਸਿੰਘ ਦੇ ਬਿਆਨਾਂ ਦੇ ਆਧਾਰ ਤੇ ਬਲੈਨੋ ਕਾਰ ਚਾਲਕ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ।
ਪੁਲਿਸ ਨੂੰ ਦਿੱਤੇ ਬਿਆਨਾਂ ਚ ਮ੍ਰਿਤਕ ਦੇ ਚਾਚਾ ਕੁਲਦੀਪ ਸਿੰਘ ਪੁੱਤਰ ਈਸ਼ਰ ਸਿੰਘ ਵਾਸੀ ਪਿੰਡ ਜਹੂਰਾ ਨੇ ਦੱਸਿਆ ਕਿ ਸੋਮਵਾਰ ਦੁਪਹਿਰ ਵਕਤ ਕਰੀਬ ਸਾਢੇ 12 ਵਜੇ ਜਦੋਂ ਉਹ ਆਪਣੇ ਭਤੀਜੇ ਜਗਮੋਹਣ ਸਿੰਘ ਸਮੇਤ ਆਪੋ ਆਪਣੇ ਮੋਟਰਸਾਈਕਲ ’ਤੇ ਸਵਾਰ ਹੋ ਕੇ ਚੌਲਾਂਗ ਟੋਲ ਪਲਾਜ਼ਾ ਤੇ ਲੱਗੇ ਕਿਸਾਨਾਂ ਦੇ ਧਰਨੇ ਤੋਂ ਵਾਪਸ ਜਾ ਰਿਹਾ ਸੀ ਤਾਂ ਚੌਲਾਂਗ ਟੋਲ ਪਲਾਜਾ ਨੇੜੇ ਪੈਟਰੋਲ ਪੰਪ ਸਾਹਮਣੇ ਪਿਛਿੳ ਆ ਰਹੀ ਇੱਕ ਬਲੇਨੋ ਕਾਰ ਨੇ ਅੱਗੇ ਜਾ ਰਹੀ ਆਲਟੋ ਕਾਰ ਨੂੰ ਟੱਕਰ ਮਾਰ ਦਿੱਤੀ,ਜਿਸ ਕਾਰਨ ਬੇਕਾਬੂ ਹੋਈ ਆਲਟੋ ਕਾਰ ਭਤੀਜੇ ਜਗਮੋਹਣ ਸਿੰਘ ਨਾਲ ਜਾ ਟਕਰਾਈ ਤੇ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਆਲਟੋ ਕਾਰ ਵਿੱਚ ਸਵਾਰ ਪਤੀ-ਪਤਨੀ ਅਮਿਤ ਕੁਮਾਰ ਪੁੱਤਰ ਸਤੀਸ਼ ਕੁਮਾਰ ਵਾਸੀ ਲੁਧਿਆਣਾ ਅਤੇ ਉਸ ਦੀ ਪਤਨੀ ਰਮਨਪ੍ਰੀਤ ਕੌਰ ਵੀ ਗੰਭੀਰ ਰੂਪ ਚ ਜਖਮੀ ਹੋ ਗਏ ਜਦਕਿ ਬਲੈਨੋ ਚਾਲਕ ਮੌਕੇ ਤੇ ਕਾਰ ਸਮੇਤ ਫਰਾਰ ਹੋ ਗਿਆ । ਮੌਕੇ ਤੇ ਇਕੱਠੇ ਹੋਏ ਰਾਹਗੀਰਾਂ ਵਲੋਂ ਜਖਮੀਆਂ ਨੂੰ ਸਰਕਾਰੀ ਹਸਪਤਾਲ ਟਾਂਡਾ ਪਹੁੰਚਾਇਆ,ਜਿੱਥੇ ਡਾਕਟਰਾਂ ਵਲੋਂ ਜਖਮੀਆਂ ਦੀ ਗੰਭੀਰ ਹਾਲਤ ਨੂੰ ਵੇਖਦੇ ਹੋਏ ਅੱਗੇ ਰੈਫਰ ਕਰ ਦਿੱਤਾ । ਟਾਂਡਾ ਪੁਲਿਸ ਨੇ ਸੀਸੀਟੀਵੀ ਫੁਟੇਜ ਦੇ ਆਧਾਰ ਤੇ ਬਲੈਨੋ ਕਾਰ ਦੀ ਪਛਾਣ ਕਰਨ ਤੋਂ ਬਾਅਦ ਮਾਮਲਾ ਦਰਜ ਕਰਕੇ ਪੋਸਟ ਮਾਰਟਮ ਤੋਂ ਬਾਅਦ ਮ੍ਰਿਤਕ ਦੀ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ।