ਬਟਾਲਾ, (ਅਵਿਨਾਸ ਸ਼ਰਮਾ)
: ਥਾਣਾ ਸਿਵਲ ਲਾਈਨ ਬਟਾਲਾ ਦੀ ਪੁਲਸ ਨੇ ਗੈਰ ਕਾਨੂੰਨੀ ਗਤੀਵਿਧੀਆਂ ਵਿੱਚ ਸ਼ਾਮਲ ਦੋ ਵਿਅਕਤੀਆਂ ਨੂੰ ਗਿ੍ਰਫਤਾਰ ਕਰਦਿਆਂ 2 ਪਿਸਟਲਾਂ, 2 ਮੈਗਜ਼ੀਨ, 16 ਜਿੰਦਾ ਰੌਂਦ ਅਤੇ 10 ਗ੍ਰਾਮ ਹੈਰੋਇਨ ਬਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।
ਇਸ ਬਾਰੇ ਜਾਣਕਾਰੀ ਦਿੰਦਿਆਂ ਐੱਸ.ਐੱਚ.ਓ ਹਰਜਿੰਦਰ ਸਿੰਘ ਨੇ ਦੱਸਿਆ ਕਿ ਐੱਸ.ਐੱਸ.ਪੀ ਬਟਾਲਾ ਸੁਹੇਲ ਕਾਸਿਮ ਮੀਰ ਅਤੇ ਡੀ.ਐੱਸ.ਪੀ ਸਿਟੀ ਸੰਜੀਵ ਕੁਮਾਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪੁਲਸ ਵਲੋਂ ਸਮਾਜ ਵਿਰੋਧੀ ਤੱਤਾਂ ਦੇ ਖ਼ਿਲਾਫ਼ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ।
ਉਨ੍ਹਾਂ ਕਿਹਾ ਕਿ ਇਸ ਮੁਹਿੰਮ ਤਹਿਤ ਏ.ਐੱਸ.ਆਈ ਸੁਖਦੇਵ ਸਿੰਘ ਨੇ ਪੁਲਸ ਪਾਰਟੀ ਸਮੇਤ ਗਸ਼ਤ ਦੌਰਾਨ ਟੀ ਪੁਆਇੰਟ ਸਾਗਰਪੁਰਾ ਬਟਾਲਾ ਨੇੜੇ ਅਕਾਸ਼ਦੀਪ ਸਿੰਘ ਵਾਸੀ ਸੰਗਰਾਵਾ ਨੂੰ 10 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ। ਪੁਲਸ ਵੱਲੋਂ ਉਕਤ ਵਿਅਕਤੀ ਖ਼ਿਲਾਫ਼ ਨਸ਼ਾ ਨਿਯੰਤਰਣ ਕਾਨੂੰਨ ਅਧੀਨ ਮਾਮਲਾ ਦਰਜ ਕੀਤਾ ਗਿਆ ਹੈ।
ਇਸੇ ਤਰ੍ਹਾਂ ਏ.ਐੱਸ.ਆਈ ਸੁਖਰਾਜ ਸਿੰਘ ਨੇ ਪੁਲਸ ਪਾਰਟੀ ਸਮੇਤ ਗਸ਼ਤ ਦੌਰਾਨ ਟੀ ਪੁਆਇੰਟ 60 ਫੁੱਟੀ ਸੜਕ, ਕਾਦੀਆਂ ਰੋਡ ਬਟਾਲਾ ਨੇੜੇ ਗੁਰਲਵ ਸਿੰਘ ਵਾਸੀ ਬਟਾਲਾ ਨੂੰ 2 ਪਿਸਟਲਾਂ, 2 ਮੈਗਜ਼ੀਨ ਅਤੇ 16 ਜਿੰਦਾ ਰੌਂਦਾਂ ਸਮੇਤ ਗਿ੍ਰਫਤਾਰ ਕੀਤਾ। ਪੁਲਸ ਵੱਲੋਂ ਇਸ ਮਾਮਲੇ ਵਿੱਚ ਵੀ ਆਰਮਜ਼ ਐਕਟ ਅਧੀਨ ਕੇਸ ਦਰਜ ਕੀਤਾ ਗਿਆ ਹੈ।
ਐੱਸ.ਐੱਚ.ਓ ਹਰਜਿੰਦਰ ਸਿੰਘ ਨੇ ਕਿਹਾ ਕਿ ਪੁਲਸ ਦੀ ਇਹ ਕਾਰਵਾਈ ਨਸ਼ੇ ਅਤੇ ਹਥਿਆਰਾਂ ਦੇ ਗੈਰ ਕਾਨੂੰਨੀ ਧੰਦੇ ’ਚ ਲਿਪਤ ਤੱਤਾਂ ਲਈ ਸਪਸ਼ਟ ਚੇਤਾਵਨੀ ਹੈ ਕਿ ਬਟਾਲਾ ਪੁਲਸ ਸਮਾਜ ਵਿੱਚ ਅਮਨ ਤੇ ਕਾਨੂੰਨ-ਵਿਵਸਥਾ ਕਾਇਮ ਰੱਖਣ ਲਈ ਪੂਰੀ ਤਰ੍ਹਾਂ ਸੁਰਗਰਮ ਹੈ।








