ਫਗਵਾੜਾ 7 ਨਵੰਬਰ ( ਲਾਲੀ)
*ਹਾਦਸੇ ਦੀ ਵਜ੍ਹਾ ਬਣਿਆ ਸੜਕ ਦਾ ਡੂੰਘਾ ਟੋਇਆ
: ਫਗਵਾੜਾ ਦੇ ਨਜਦੀਕ ਖਲਵਾੜਾ ਰੋਡ ਸਥਿਤ ਖਲਵਾੜਾ ਕਲੋਨੀ ਦੇ ਨਜਦੀਕ ਮੁਹੱਲਾ ਪਰਮਾਰ ਨਗਰ ਵਿਖੇ ਬੀਤੀ ਸ਼ਾਮ ਕਰੀਬ 7 ਵਜੇ ਵਾਪਰੇ ਇਕ ਦਰਦਨਾਕ ਸੜਕ ਹਾਦਸੇ ‘ਚ ਮੋਟਰਸਾਇਕਲ ਸਵਾਰ ਨੌਜਵਾਨ ਦੀ ਮੌਤ ਹੋਣ ਦਾ ਸਮਾਚਾਰ ਮਿਲਿਆ ਹੈ l ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ ਦੀ ਪਹਿਚਾਣ ਅਸ਼ਵਨੀ ਕੁਮਾਰ ਤੇਜੀ (31) ਪੁੱਤਰ ਸਵ. ਧਰਮਪਾਲ ਵਾਸੀ ਪਿੰਡ ਢੱਕ ਪੰਡੋਰੀ ਤਹਿਸੀਲ ਫਗਵਾੜਾ ਦੇ ਰੂਪ ਵਿੱਚ ਹੋਈ ਹੈ ਜੋ ਕਿ ਆਪਣੇ ਕੰਮ ਤੋਂ ਮੋਟਰਸਾਇਕਲ ਨੰਬਰ ਪੀ.ਬੀ. 08 ਏ ਡਬਲਯੂ 7186 ਮਾਰਕਾ ਸੀ ਡੀ. ਟਵਿਸਟਰ ਹੋਂਡਾ ਪਰ ਸਵਾਰ ਹੋ ਕੇ ਆਪਣੇ ਘਰ ਪਿੰਡ ਢੱਕ ਪੰਡੋਰੀ ਨੂੰ ਜਾ ਰਿਹਾ ਸੀ ਜਦੋਂ ਉਹ ਪਰਮਾਰ ਨਗਰ ਨੇੜੇ ਖਲਵਾੜਾ ਕਲੋਨੀ ਪੁੱਜਾ ਤਾਂ ਸਾਹਮਣੇ ਤੋਂ ਆ ਰਹੀ ਟਰੈਕਟਰ ਟਰਾਲੀ ਨਾਲ ਆਮੋ-ਸਾਹਮਣੇ ਦੀ ਟੱਕਰ ਹੋ ਗਈ ਜਿਸ ਵਿੱਚ ਨੌਜਵਾਨ ਗੰਭੀਰ ਜਖਮੀ ਹੋ ਗਿਆ ਅਤੇ ਉਸਦਾ ਮੋਟਰਸਾਇਕਲ ਵੀ ਬੁਰੀ ਤਰ੍ਹਾਂ ਨਾਲ ਨੁਕਸਾਨਿਆ ਗਿਆ। ਨੌਜਵਾਨ ਨੂੰ ਇਲਾਜ ਲਈ ਹਸਪਤਾਲ ਵਿੱਚ ਲੈ ਕੇ ਜਾਂਦੇ ਹੋਏ ਰਸਤੇ ਵਿਚ ਹੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਇਹ ਹਾਦਸਾ ਸੜਕ ਵਿੱਚ ਪਏ ਡੂੰਘੇ ਟੋਏ ਅਤੇ ਬਰਮ ਨਾ ਹੋਣ ਦੇ ਚਲਦਿਆਂ ਟਰਾਲੀ ਚਾਲਕ ਵਲੋਂ ਟੋਏ ਤੋਂ ਬਚਣ ਲਈ ਮਾਰੇ ਕੱਟ ਕਾਰਨ ਵਾਪਰਿਆ ਹੈ। ਹਾਦਸੇ ਤੋਂ ਬਾਅਦ ਟਰਾਲੀ ਚਾਲਕ ਮੌਕੇ ਤੋਂ ਟਰਾਲੀ ਸਮੇਤ ਫਰਾਰ ਦੱਸਿਆ ਜਾਂਦਾ ਹੈ ਸਮਾਚਾਰ ਲਿਖੇ ਜਾਣ ਤੱਕ ਪੁਲਿਸ ਆਸ ਪਾਸ ਦੇ ਸੀ.ਸੀ.ਟੀ.ਵੀ. ਕੈਮਰੇ ਚੈੱਕ ਕਰਕੇ ਟਰੈਕਟਰ ਟਰਾਲੀ ਚਾਲਕ ਦੀ ਭਾਲ ਦੀ ਕੋਸ਼ਿਸ਼ ਕਰ ਰਹੀ ਸੀ l ਪੁਲਿਸ ਵੱਲੋਂ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਵਾਰਸਾਂ ਹਵਾਲੇ ਕਰ ਦਿੱਤੀ ਗਈ ਹੈ l








