ਸਾਧੂ ਸਮਾਜ ਵੀਰ ਪਾਬੂ ਜੀ ਰਾਠੌੜ ਮਹਾਰਾਜ ਸੇਵਾ ਸੁਸਾਇਟੀ ਨੇ ਬਟਾਲਾ ਸ਼ਹਿਰ ‘ਚ ਕਰਵਾਇਆਵਿਸ਼ੇਸ਼ ਸਮਾਗਮ
ਕੈਬਨਿਟ ਮੰਤਰੀ ਤ੍ਰਿਪਤ ਬਾਜਵਾ ਨੂੰ ਸਾਧੂ ਸਮਾਜ ਨੇ ਅਸ਼ੀਰਵਾਦ ਅਤੇ ਸਮਰਥਨ ਦਿੱਤਾ
ਬਟਾਲਾ, 6 ਦਸੰਬਰ (ਅਵਿਨਾਸ਼ ਸ਼ਰਮਾ / ਸੁਨੀਲ ਚੰਗਾ) : ਸਾਧੂ ਸਮਾਜ ਵੀਰ ਪਾਬੂ ਜੀ ਰਾਠੌੜ ਮਹਾਰਾਜ ਸੇਵਾ ਸੁਸਾਇਟੀ ਵੱਲੋਂ ਅੱਜ ਬਟਾਲਾ ਸ਼ਹਿਰ ਵਿੱਚ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਵਿੱਚ ਪੰਜਾਬ ਸਮੇਤ ਦੇਸ਼ ਭਰ ਦੇ ਕੋਨੇ-ਕੋਨੇ ਤੋਂ ਪਹੁੰਚੀਆਂ ਸਾਧੂ ਮੰਡਲੀਆਂ ਨੇ ਸ਼ਮੂਲੀਅਤ ਕੀਤੀ। ਸੂਬੇ ਦੇ ਕੈਬਨਿਟ ਮੰਤਰੀ ਸ. ਤ੍ਰਿਪਤ ਰਜਿੰਦਰ ਸਿੰਘ ਬਾਜਵਾ ਵਿਸ਼ੇਸ਼ ਤੌਰ ’ਤੇ ਸਾਧੂ/ਸੰਤਾਂ ਦਾ ਅਸ਼ੀਰਵਾਦ ਲੈਣ ਲਈ ਇਸ ਸਮਾਗਮ ਵਿੱਚ ਪਹੁੰਚੇ। ਇਸ ਮੌਕੇ ਉਨ੍ਹਾਂ ਨਾਲ ਮੇਅਰ ਨਗਰ ਨਿਗਮ ਸੁਖਦੀਪ ਸਿੰਘ ਤੇਜਾ, ਨਗਰ ਸੁਧਾਰ ਟਰੱਸਟ ਬਟਾਲਾ ਦੇ ਚੇਅਰਮੈਨ ਕਸਤੂਰੀ ਲਾਲ ਸੇਠ, ਕੌਂਸਲਰ ਸੰਜੀਵ ਸ਼ਰਮਾਂ, ਗੌਤਮ ਸੇਠ ਗੁੱਡੂ, ਜਰਮਨ ਸਿੰਘ ਬਾਜਵਾ, ਸੁਖਦੇਵ ਸਿੰਘ ਬਾਜਵਾ, ਕਸਤੂਰੀ ਲਾਲ ਕਾਲਾ, ਚੰਦਰ ਮੋਹਨ, ਦਵਿੰਦਰ ਸਿੰਘ, ਮੁਖਤਾਰ ਸਿੰਘ ਪੱਪੂ ਭਲਵਾਨ ਅਤੇ ਸ਼ਹਿਰ ਦੇ ਹੋਰ ਮੋਹਤਬਰ ਵੀ ਹਾਜ਼ਰ ਸਨ।
ਸਮਾਗਮ ਦੌਰਾਨ ਸਾਧੂ ਸਮਾਜ ਦੇ ਪ੍ਰਧਾਨ ਸ੍ਰੀ ਸ਼ਕਤੀ ਗਿਰੀ, ਪ੍ਰਧਾਨ ਪੰਜਾਬ ਨੇ ਦੱਸਿਆ ਕਿ ਸ੍ਰੀ ਸ੍ਰੀ 1008 ਸ੍ਰੀ ਪਾਬੂ ਜੀ ਮਹਾਰਾਜ ਸੰਨ 1323 ਈਸਵੀ ਦੌਰਾਨ ਰਾਜਸਥਾਨ ਵਿੱਚ ਪੈਦਾ ਹੋਏ ਸਨ ਅਤੇ ਉਨ੍ਹਾਂ ਨੇ ਗਊ ਰੱਖਿਆ ਅਤੇ ਸਨਾਤਨ ਧਰਮ ਦੇ ਪ੍ਰਚਾਰ ਲਈ ਬਹੁਤ ਯੋਗਦਾਨ ਪਾਇਆ ਸੀ। ਸਾਧੂ ਸਮਾਜ ਵਿੱਚ ਸ੍ਰੀ ਪਾਬੂ ਜੀ ਮਹਾਰਾਜ ਦਾ ਬਹੁਤ ਸਤਿਕਾਰ ਹੈ ਅਤੇ ਉਨ੍ਹਾਂ ਵੱਲੋਂ ਦਿੱਤੇ ਨਾਅਰੇ ‘ਜੀਓ ਤੇ ਜੀਣ ਦਿਓ’ ਉੱਪਰ ਸਾਧੂ ਸਮਾਜ ਅੱਜ ਵੀ ਕਾਇਮ ਹੈ। ਸਾਧੂ ਸਮਾਜ ਨੇ ਮੰਗ ਹੈ ਕਿ ਬਟਾਲਾ ਸ਼ਹਿਰ ਵਿੱਚ ਸ੍ਰੀ ਪਾਬੂ ਜੀ ਮਹਾਰਾਜ ਦੀ ਯਾਦਗਰ ਸਥਾਪਤ ਕੀਤੀ ਜਾਵੇ। ਇਸ ਮੌਕੇ ਮਹੰਤ ਗੋਪਾਲ ਗਿਰੀ, ਰਿਸ਼ੀਕੇਸ ਵਾਲਿਆਂ ਨੇ ਕਿਹਾ ਕਿ ਦੇਸ਼ ਦੀਆਂ ਸਰਕਾਰ ਵੱਲੋਂ ਸਨਾਤਨ ਧਰਮ ਦੇ ਧਾਰਮਿਕ ਅਸਥਾਨਾਂ ਦੀ ਸੰਭਾਲ ਵੱਲ ਉਚੇਚਾ ਧਿਆਨ ਦਿੱਤਾ ਜਾਵੇ। ਇਸ ਮੌਕੇ ਸਮੂਹ ਸਾਧੂ ਮੰਡਲੀਆਂ ਵੱਲੋਂ ਸ. ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੂੰ ਅਸ਼ੀਰਵਾਦ ਅਤੇ ਸਮਰਥਨ ਦਿੱਤਾ ਗਿਆ।
ਇਸ ਮੌਕੇ ਸਾਧੂ/ਸੰਤਾਂ ਦਾ ਅਸ਼ੀਰਵਾਦ ਲੈਂਦਿਆਂ ਕੈਬਨਿਟ ਮੰਤਰੀ ਸ. ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਉਨ੍ਹਾਂ ਦਾ ਬਟਾਲਾ ਸ਼ਹਿਰ ਪਹੁੰਚਣ ’ਤੇ ਸਵਾਗਤ ਕੀਤਾ। ਉਨ੍ਹਾਂ ਕਿਹਾ ਕਿ ਸੰਤਾਂ ਦਾ ਰੁਤਬਾ ਬਹੁਤ ਉੱਚਾ ਹੈ ਅਤੇ ਅਜਿਹੇ ਮਹਾਪੁਰਸ਼ਾਂ ਦੇ ਅਸ਼ੀਰਵਾਦ ਨਾਲ ਹੀ ਉਨ੍ਹਾਂ ਨੂੰ ਲੋਕ ਸੇਵਾ ਦਾ ਸੁਭਾਗ ਪ੍ਰਾਪਤ ਹੋਇਆ ਹੈ। ਸ. ਬਾਜਵਾ ਨੇ ਕਿਹਾ ਕਿ ਉਨ੍ਹਾਂ ਨੇ ਆਪਣੇ ਵੱਲੋਂ ਗਊ ਵੰਸ਼ ਦੀ ਸੰਭਾਲ ਲਈ ਯੋਗਦਾਨ ਪਾਉਣ ਦਾ ਨਿਮਾਣਾ ਯਤਨ ਕੀਤਾ ਹੈ ਅਤੇ ਬਟਾਲਾ ਤੇ ਫ਼ਤਹਿਗੜ੍ਹ ਚੂੜੀਆਂ ਦੀਆਂ ਗਊਸ਼ਲਾਵਾਂ ਨੂੰ ਪੰਜਾਬ ਸਰਕਾਰ ਵੱਲੋਂ ਵਿਸ਼ੇਸ਼ ਗ੍ਰਾਂਟਾਂ ਦਿੱਤੀਆਂ ਗਈਆਂ ਹਨ। ਸ. ਬਾਜਵਾ ਨੇ ਕਿਹਾ ਕਿ ਸ੍ਰੀ ਪਾਬੂ ਜੀ ਮਹਾਰਾਜ ਦੀ ਯਾਦਗਾਰ ਬਾਰੇ ਫੈਸਲਾ ਨਗਰ ਨਿਗਮ ਦੇ ਹਾਊਸ ਵਿੱਚ ਸਾਰੇ ਮੈਂਬਰਾਂ ਵੱਲੋਂ ਕੀਤਾ ਜਾਵੇਗਾ। ਇਸ ਮੌਕੇ ਉਨ੍ਹਾਂ ਨੇ ਸਾਧੂ ਸਮਾਜ ਦੇ ‘ਜੀਓ ਤੇ ਜੀਣ ਦਿਓ’ ਦੇ ਨਾਅਰੇ ਵਾਲੇ ਝੰਡੇ ਨੂੰ ਜਾਰੀ ਕੀਤਾ।
ਇਸ ਮੌਕੇ ਸਾਧ ਸਮਾਜ ਪੰਜਾਬ ਦੇ ਪ੍ਰਧਾਨ ਸ੍ਰੀ ਸ਼ਕਤੀ ਗਿਰੀ, ਮਹੰਤ ਗੋਪਾਲ ਗਿਰੀ, ਸ੍ਰੀ ਭੋਲਾ ਗਿਰੀ, ਸ੍ਰੀ ਗੋਪਾਲ ਗਿਰੀ, ਸ੍ਰੀ ਜਰਨੈਲ ਗਿਰੀ, ਸ੍ਰੀ ਜੋਗਿੰਦਰ ਗਿਰੀ, ਨਰਾਇਣ ਗਿਰੀ, ਸ੍ਰੀ ਸਤਨਾਮ ਗਿਰੀ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸਾਧੂ/ਸੰਤ ਮੌਜੂਦ ਸਨ।