ਗੁਰਦਾਸਪੁਰ 5 ਜਨਵਰੀ: ( ਅਸ਼ਵਨੀ ):- ਡੈਮੋਕਰੈਟਿਕ ਟੀਚਰਜ਼ ਫਰੰਟ (ਡੀ.ਟੀ.ਐਫ.) ਨੇ ਪੰਜਾਬ ਸਰਕਾਰ ਵੱਲੋਂ ਕੋਰੋਨਾ ਲਾਗ ਬਹਾਨੇ 15 ਜਨਵਰੀ ਤੱਕ ਸਕੂਲ-ਕਾਲਜ ਬੰਦ ਕਰਨ ਦੇ ਫ਼ੈਸਲੇ ਦਾ ਡਟਵਾਂ ਵਿਰੋਧ ਕੀਤਾ ਹੈ ਤੇ ਇਸ ਨੂੰ ਵਿਦਿਆਰਥੀਆਂ ਦੀ ਸਿੱਖਿਆ ਲਈ ਤਬਾਹਕੁਨ ਕਦਮ ਕਰਾਰ ਦਿੱਤਾ ਹੈ।
ਡੈਮੋਕਰੈਟਿਕ ਟੀਚਰਜ਼ ਫਰੰਟ ਦੇ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ, ਜਨਰਲ ਸਕੱਤਰ ਮੁਕੇਸ਼ ਕੁਮਾਰ ਅਤੇ ਜਿਲਾ ਪ੍ਰਧਾਨ ਹਰਜਿੰਦਰ ਸਿੰਘ ਵਡਾਲਾ ਬਾਂਗਰ ਨੇ ਕਿਹਾ ਕਿ ਵਿਧਾਨ ਸਭਾ ਚੋਣਾਂ ਦੇ ਪ੍ਰਚਾਰ ਲਈ ਸਿਆਸੀ ਪਾਰਟੀਆਂ ਵੱਲੋਂ ਧੜਾਧੜ ਕੀਤੀਆਂ ਜਾ ਰਹੀਆਂ ਰੈਲੀਆਂ ਵਿੱਚਲੇ ਲੱਖਾਂ ਦੇ ਇਕੱਠ ਨੂੰ ਕਰੋਨਾ ਮੁਕਤ ਸਮਝਣ ਵਾਲੀ, ਪਰ ਸਕੂਲਾਂ-ਕਾਲਜਾਂ ਨੂੰ ਕਰੋਨਾ ਯੁਕਤ ਮੰਨਣ ਵਾਲੀ, ਪੰਜਾਬ ਸਰਕਾਰ ਵੱਲੋਂ ਇੱਕ ਵਾਰ ਫਿਰ ਤੋਂ ਸਕੂਲ-ਕਾਲਜ ਮੁਕੰਮਲ ਬੰਦ ਕਰਕੇ ਸਿੱਖਣ ਸਿਖਾਉਣ ਦੀ ਪ੍ਰਕਿਰਿਆ ਨੂੰ ਤਬਾਹੀ ਵੱਲ ਧੱਕਣ ਵਾਲਾ ਕਦਮ ਚੁੱਕਿਆ ਹੈ। ਸਕੂਲਾਂ-ਕਾਲਜਾਂ ਵਿੱਚ ਮਿਲਣ ਵਾਲੀ ਹਕੀਕੀ ਸਿੱਖਿਆ ਦੀ ਥਾਂ, ਵਿਤਕਰੇ ਭਰਪੂਰ ਤੇ ਨਿੱਜੀਕਰਨ ਪੱਖੀ ਆਨਲਾਈਨ ਸਿੱਖਿਆ ਨੂੰ ਲੋਕਾਂ ‘ਤੇ ਥੋਪਣਾ ਕਿਸੇ ਵੀ ਪੱਖੋਂ ਵਾਜਬ ਫ਼ੈਸਲਾ ਨਹੀਂ ਹੈ।
ਜਨਰਲ ਸਕੱਤਰ ਗੁਰਦਿਆਲ ਚੰਦ,ਡਾ ਸਤਿੰਦਰ ਸਿੰਘ, ਸੁਖਜਿੰਦਰ ਸਿੰਘ, ਬਲਵਿੰਦਰ ਕੌਰ,ਅਮਰਜੀਤ ਸਿੰਘ ਕੋਠੇ, ਉਪਕਾਰ ਸਿੰਘ ਵਡਾਲਾ ਬਾਂਗਰ ,ਵਰਗਿਸ਼ ਸਲਾਮਤ ਆਗੂਆਂ ਨੇ ਸਰਕਾਰ ਦੇ ਇਸ ਫ਼ੈਸਲੇ ਨੂੰ, ਸਰਕਾਰੀ ਸਕੂਲਾਂ ਅਤੇ ਕਾਲਜਾਂ ਵਿੱਚ ਪੜ੍ਹਦੇ ਲੱਖਾਂ ਸਾਧਨਹੀਣ ਲੋਕਾਂ ਦੇ ਬੱਚਿਆਂ ਤੋਂ, ਹਕੀਕੀ ਸਿੱਖਿਆ ਗ੍ਰਹਿਣ ਦਾ ਅਧਿਕਾਰ ਖੋਹਣ ਵਾਲਾ ਫ਼ੈਸਲਾ ਕਰਾਰ ਦਿੱਤਾ ਹੈ। ਡੀਟੀਐਫ ਨੇ ਸਮੂਹ ਚੇਤੰਨ ਲੋਕਾਂ ਨੂੰ ਕੇਂਦਰ ਅਤੇ ਸੂਬਾ ਸਰਕਾਰਾਂ ਦੇ ਅਜਿਹੇ ਫੈਸਲਿਆਂ ਨੂੰ ਮਿਲ ਕੇ ਨੱਥ ਪਾਉਣ ਦਾ ਸੱਦਾ ਵੀ ਦਿੱਤਾ।ਇਸ ਮੌਕੇ ਹਰਦੀਪ ਰਾਜ, ਸਤਬੀਰ ਭੰਡਾਲ, ਜਾਮੀਤਰਾਜ, ਸੁਲੱਖਣੀ, ਮਨੋਹਰ ਲਾਲ, ਕੁਲਰਾਜ ਸਿੰਘ, ਸਤਨਾਮ ਸਿੰਘ ਆਦਿ ਆਗੂਆਂ ਨੇ ਸਕੂਲ ਬੰਦ ਕਰਨ ਦੀ ਨਿਖੇਧੀ ਕੀਤੀ।