ਹੁਸ਼ਿਆਰਪੁਰ, 27 ਨਵੰਬਰ (ਤਰਸੇਮ ਦੀਵਾਨਾ)- ਥਾਣਾ ਮੇਹਟੀਆਣਾ ਅਧੀਨ ਪੈਂਦੇ ਪਿੰਡ ਬਡਿਆਲ ਵਿਖੇ ਪਰਵਾਸੀ ਮਜ਼ਦੂਰਾਂ ਦੀਆਂ 50 ਦੇ ਲਗਭਗ ਝੁੱਗੀਆਂ ਅੱਗ ਦੀ ਭੇਟ ਚੜ੍ਹ ਜਾਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੈ। ਬਿਜਲੀ ਦੀ ਤਾਰਾਂ ਦੀ ਸਪਾਰਕਿੰਗ ਕਾਰਨ ਅੱਗਜ਼ਨੀ ਦਾ ਸ਼ਿਕਾਰ ਹੋਈਆਂ ਇਨ੍ਹਾਂ ਝੁੱਗੀਆਂ ਵਿਚ ਡੇਢ ਸੌ ਦੇ ਕਰੀਬ ਪਰਵਾਸੀ ਮਜ਼ਦੂਰ ਰਹਿੰਦੇ ਸਨ।
ਜਾਣਕਾਰੀ ਦਿੰਦਿਆਂ ਪੀੜਤ ਪਰਵਾਸੀ ਮਜ਼ਦੂਰ ਰਾਜਿੰਦਰ ਪੁੱਤਰ ਭਾਗੀਰਥ ਨੇ ਦੱਸਿਆ ਕਿ ਝੁੱਗੀਆਂ ਵਿੱਚ ਅੱਗ ਅੱਜ ਦੁਪਹਿਰ ਪੌਣੇ ਬਾਰਾਂ ਵਜੇ ਉਸ ਵੇਲੇ ਲੱਗੀ ਜਦੋਂ ਸਾਰੇ ਪਰਵਾਸੀ ਮਜ਼ਦੂਰ ਮਿਹਨਤ ਮਜ਼ਦੂਰੀ ਲਈ ਆਪਣੇ ਕੰਮਕਾਰ ਤੇ ਗਏ ਹੋਏ ਸਨ। ਪਿੰਡ ਵਾਸੀਆਂ ਅਤੇ ਮੌਕੇ ਤੇ ਪਹੁੰਚੀ ਫਾਇਰ ਬ੍ਰਿਗੇਡ ਦੀ ਗੱਡੀ ਵੱਲੋਂ ਅੱਗ ਤੇ ਕਾਬੂ ਪਾਉਣ ਦਾ ਯਤਨ ਕੀਤਾ ਗਿਆ। ਪ੍ਰੰਤੂ ਜਦੋਂ ਤੱਕ ਅੱਗ ਤੇ ਕਾਬੂ ਪਾਇਆ ਗਿਆ ਪਰਵਾਸੀ ਮਜ਼ਦੂਰਾਂ ਦੀਆਂ ਸਾਰੀਆਂ ਝੁੱਗੀਆਂ ਅਤੇ ਝੁੱਗੀਆਂ ਵਿਚ ਪਿਆ ਘਰੇਲੂ ਵਰਤੋਂ ਦਾ ਸਾਮਾਨ ਸਭ ਅੱਗ ਦੀ ਭੇਟ ਚੜ੍ਹ ਚੁੱਕਾ ਸੀ।
ਇਸ ਮੌਕੇ ਬੱਬਲੂ ਪੁੱਤਰ ਮੁੰਨਾ ਲਾਲ, ਸੋਮਪਾਲ ਆਦਿ ਪਰਵਾਸੀ ਮਜ਼ਦੂਰਾਂ ਨੇ ਦੱਸਿਆ ਕਿ ਸਰੀਰ ਤੇ ਪਹਿਨੇ ਹੋਏ ਕੱਪੜਿਆਂ ਤੋਂ ਇਲਾਵਾ ਉਨ੍ਹਾਂ ਕੋਲ ਕੁਝ ਨਹੀਂ ਬਚਿਆ। ਪਿੰਡ ਦੇ ਸਰਪੰਚ ਸੋਢੀ ਰਾਮ ਨੇ ਪਰਵਾਸੀ ਮਜ਼ਦੂਰਾਂ ਨਾਲ ਦੁੱਖ ਸਾਂਝਾ ਕਰਦਿਆਂ ਉਨ੍ਹਾਂ ਦੀ ਮਦਦ ਕਰਨ ਲਈ ਸਮਾਜ ਸੇਵੀਆਂ ਨੂੰ ਬੇਨਤੀ ਕੀਤੀ। ਥਾਣਾ ਮੇਹਟੀਆਣਾ ਦੀ ਪੁਲਸ ਨੇ ਮੌਕੇ ਤੇ ਪਹੁੰਚ ਕੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੀਡ਼ਤ ਪਰਵਾਸੀ ਮਜ਼ਦੂਰਾਂ ਅਨੁਸਾਰ ਉਨ੍ਹਾਂ ਦਾ 4 ਤੋਂ 5 ਲੱਖ ਰੁਪਏ ਦਾ ਨੁਕਸਾਨ ਹੋ ਚੁੱਕਾ ਹੈ।