ਦਸੂਹਾ 5 ਨਵੰਬਰ (ਚੌਧਰੀ) : ਬੀਤੇ ਕੱਲ੍ਹ ਦੁਪਹਿਰ ਨੂੰ ਦਸੂਹਾ ਦੇ ਨਜ਼ਦੀਕੀ ਪਿੰਡ ਬੱਡਲਾ ਦੇ ਨੇੜੇ ਤੋਂ ਗੁਜ਼ਰਦੀ ਕੰਢੀ ਨਹਿਰ ਵਿਚ ਟਰੈਕਟਰ ਪਲਟਣ ਨਾਲ ਸਕੇ ਭੈਣ-ਭਰਾ ਦੀ ਮੌਤ ਹੋ ਜਾਣ ਅਤੇ ਟ੍ਰੈਕਟਰ ਚਾਲਕ ਗੰਭੀਰ ਜਖਮੀ ਹੋਣ ਦਾ ਸਮਾਚਾਰ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਕਾਰਤਿਕ ਰਾਣਾ 14 ਸਾਲ ਅਤੇ ਉਸ ਦੀ ਭੈਣ ਕਰੀਤਕਾ ਰਾਣਾ (18) ਪੁੱਤਰ – ਪੁੱਤਰੀ ਸਵ.ਰਜੇਸ਼ ਕੁਮਾਰ ਵਾਸੀ ਬੱਡਲਾ ਅਪਣੇ ਚਚੇਰੇ ਭਰਾ ਨਾਲ ਟਰੈਕਟਰ ਤੇ ਸਵਾਰ ਹੋ ਕੇ ਖੇਤਾਂ ਤੋਂ ਘਰ ਨੂੰ ਜਾ ਰਹੇ ਸਨ ਕਿ ਜਦੋਂ ਟ੍ਰੈਕਟਰ ਨਹਿਰ ਪਾਰ ਕਰ ਲੱਗਾ ਤਾਂ ਟਰੈਕਟਰ ਪਿੱਛੇ ਟ੍ਰਿਲਰ ਅਤੇ ਸੁਹਾਗਾ ਪੁੱਲ ਦੇ ਕਿਨਾਰੇ ਤੇ ਲੱਗੀਆਂ ਗਰਿਲਾਂ ਵਿਚ ਫੱਸਣ ਕਾਰਨ ਅਚਾਨਕ ਟਰੈਕਟਰ ਬੇਕਾਬੂ ਹੋ ਕੇ ਨਜ਼ਦੀਕ ਗੁਜ਼ਰਦੀ ਕੰਢੀ ਨਹਿਰ ਵਿਚ ਜਾ ਡਿੱਗਾ। ਜਿਸ ਕਾਰਨ ਦੋਵਾਂ ਭੈਣ ਭਰਾ ਦੀ ਟ੍ਰੈਕਟਰ ਹੇਠਾਂ ਆਉਣ ਨਾਲ ਮੋਕੇ ਤੇ ਮੋਤ ਹੋ ਗਈ ਅਤੇ ਚਾਲਕ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ। ਜਿਸ ਨੂੰ ਦਸੂਹਾ ਦੇ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ। ਮ੍ਰਿਤਕ ਦੋਵੇਂ ਭੈਣ ਭਰਾ ਦੇ ਪਿਤਾ ਦੀ ਕੁੱਝ ਸਾਲ ਪਹਿਲਾਂ ਹੀ ਮੌਤ ਹੋ ਚੁੱਕੀ ਹੈ। ਹੁਣ ਪਰਿਵਾਰ ਵਿਚ ਮਾਂ ਇਕੱਲੀ ਹੀ ਰਹਿ ਗਈ ਹੈ। ਇਸ ਘਟਨਾ ਦੀ ਸੂਚਨਾ ਮਿਲਦੇ ਹੀ ਪਿੰਡ ਵਿਚ ਸੋਗ ਦੀ ਲਹਿਰ ਦੌੜ ਗਈ। ਪੁਲਸ ਨੇ 174 ਦੀ ਕਾਰਵਾਈ ਕਰਦੇ ਹੋਏ ਦੋਵੇਂ ਲਾਸ਼ਾਂ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀਆਂ ਹਨ।