ਟਾਂਡਾ / ਦਸੂਹਾ 15 ਨਵੰਬਰ (ਚੌਧਰੀ) : ਅੱਜ ਸਵੇਰੇ 9 ਵਜੇ ਦੇ ਕਰੀਬ ਪਿੰਡ ਨੰਗਲ ਫਰੀਦ ਗੜੀ ਵਿਖੇ ਖੇਤਾਂ ਚ ਫਸਲ ਨੂੰ ਪਾਣੀ ਲਗਾ ਰਹੇ ਇੱਕ ਜਿਮੀਂਦਾਰ ਨੂੰ ਕੁੱਝ ਅਣਪਛਾਤੇ ਕਾਰ ਸਵਾਰਾਂ ਵਲੋਂ ਪਿਸਤੌਲ ਨਾਲ ਗੋਲੀਆਂ ਮਾਰ ਕੇ ਕਤਲ ਕਰਨ ਦਾ ਸਮਾਚਾਰ ਮਿਲਿਆ ਹੈ।ਕਤਲ ਦੀ ਇਸ ਵਾਰਦਾਤ ਦੀ ਖਬਰ ਇਲਾਕੇ ਚ ਫੈਲਣ ਤੋਂ ਬਾਅਦ ਇਲਾਕੇ ਦੇ ਲੋਕਾਂ ‘ਚ ਦਹਿਸ਼ਤ ਦਾ ਮਹੌਲ ਪੈਦਾ ਹੋ ਗਿਆ ਹੈ। ਮ੍ਰਿਤਕ ਦੀ ਪਛਾਣ ਪਰਵਿੰਦਰ ਸਿੰਘ ਉਰਫ ਕਾਲਾ ਪੁੱਤਰ ਭੁੱਲਾ ਸਿੰਘ ਵਾਸੀ ਪਿੰਡ ਨੰਗਲ ਫਰੀਦ ਗੜ੍ਹੀ ਥਾਣਾ ਟਾਂਡਾ ਵਜੋਂ ਹੋਈ ਹੈ ।ਫਿਲਹਾਲ ਕਤਲ ਦੇ ਸਹੀ ਕਾਰਨਾਂ ਦਾ ਕੋਈ ਪਤਾ ਨਹੀਂ ਲੱਗਾ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਦੀ ਪਤਨੀ ਮਨਪ੍ਰੀਤ ਕੌਰ ਨੇ ਦੱਸਿਆ ਕਿ ਸਵੇਰੇ 8.30 ਵਜੇ ਮੇਰੇ ਪਤੀ ਪਰਵਿੰਦਰ ਸਿੰਘ ਆਪਣੇ ਸਾਥੀ ਮਹਿੰਦਰ ਲਾਲ ਨੂੰ ਨਾਲ ਲੈ ਕੇ ਮੋਟਰਸਾਈਕਲ ਤੇ ਸਵਾਰ ਹੋ ਕੇ ਪਿੰਡ ਨੇੜਲੀ ਜਮੀਨ ਵਿੱਚ ਫਸਲ ਵੇਖਣ ਗਏ ਸਨ । ਜਦੋਂ ਉਹ ਮੋਟਰ ਲਾਗੇ ਖੜ੍ਹੇ ਸਨ ਤਾਂ ਇੱਕ ਕਾਰ ਵਿੱਚ ਕੁੱਝ ਅਣਪਛਾਤੇ ਲੋਕ ਆਏ ਤੇ ਪਤੀ ਨੂੰ ਗੋਲੀਆਂ ਮਾਰ ਕੇ ਫਰਾਰ ਹੋ ਗਏ । ਮੌਕੇ ਤੇ ਪਿੰਡ ਵਾਸੀਆਂ ਦੀ ਮੱਦਦ ਨਾਲ ਪਰਵਿੰਦਰ ਸਿੰਘ ਨੂੰ ਜਲੰਧਰ ਨਿੱਜੀ ਹਸਪਤਾਲ ਲਿਜਾਂਦਿਆਂ ਰਾਸਤੇ ਵਿੱਚ ਉਸਦੀ ਮੌਤ ਹੋ ਗਈ । ਵਾਰਦਾਤ ਦੀ ਸੂਚਨਾ ਮਿਲਣ ਤੇ ਐਸਐਸਪੀ ਹੁਸ਼ਿਆਰਪੁਰ ਕੁਲਵੰਤ ਸਿੰਘ ਹੀਰ ,ਐਸਪੀ ਡੀ ਤਜਿੰਦਰ ਸਿੰਘ,ਡੀਐਸਪੀ ਡੀ ਸਰਬਜੀਤ ਰਾਏ,ਡੀਐਸਪੀ ਟਾਂਡਾ ਰਾਜ ਕੁਮਾਰ ਤੇ ਐਸਐਚੳ ਟਾਂਡਾ ਬਿਕਰਮ ਸਿੰਘ ਮੌਕੇ ਤੇ ਪਹੁੰਚੇ। ਪੁਲਿਸ ਵਲੋਂ ਰਾਸਤੇ ਚ ਲੱਗੇ ਸੀਸੀਟੀਵੀ ਫੁਟੇਜ ਖੰਗਾਲ ਕਾਤਲਾਂ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ।