ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਟਾਸਕ ਫੋਰਸ ਦੀ ਮੀਟਿੰਗ ਦੌਰਾਨ ਅਧਿਕਾਰੀਆਂ ਨੂੰ 100 ਫੀਸਦੀ ਕੋਵਿਡ ਟੀਕਾਕਰਨ ਯਕੀਨੀ ਬਨਾਉਣ ਦੇ ਦਿੱਤੇ ਨਿਰਦੇਸ਼
ਜ਼ਿਲ੍ਹੇ ਦੇ ਸਮਾਜ ਸੇਵੀ, ਧਾਰਮਿਕ ਤੇ ਗੈਰ ਸਰਕਾਰੀ ਸੰਸਥਾਵਾਂ ਨੂੰ ਆਪਣੇ ਹਲਕੇ ’ਚ ਯੋਗ ਲਾਭਪਾਤਰੀਆਂ ਦੇ ਟੀਕਾਕਰਨ ਕਰਵਾਉਣ ’ਚ ਬਣਦਾ ਯੋਗਦਾਨ ਦੇਣ ਦੀ ਕੀਤੀ ਅਪੀਲ
ਹੁਸ਼ਿਆਰਪੁਰ, 22 ਨਵੰਬਰ(ਬਿਊਰੋ ) : ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਜ਼ਿਲ੍ਹੇ ਦੇ ਸਾਰੇ ਸਰਕਾਰੀ ਵਿਭਾਗਾਂ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੰਦਿਆਂ ਕਿਹਾ ਕਿ ਉਹ ਆਪਣੇ ਵਿਭਾਗਾਂ ਦੇ ਸਾਰੇ ਕਰਮਚਾਰੀਆਂ ਚਾਹੇ ਉਹ ਠੇਕੇ ਜਾਂ ਆਊਟਸੋਰਸ ’ਤੇ ਕਿਉਂ ਨਾ ਹੋਣ, ਉਨ੍ਹਾਂ ਦਾ 100 ਫੀਸਦੀ ਕੋਵਿਡ-19 ਟੀਕਾਕਰਨ ਯਕੀਨੀ ਬਨਾਉਣ। ਉਨ੍ਹਾਂ ਸਪੱਸ਼ਟ ਨਿਰਦੇਸ਼ ਦਿੰਦੇ ਹੋਏ ਕਿਹਾ ਕਿ ਜੇਕਰ ਕਿਸੇ ਕਰਮਚਾਰੀ ਤੇ ਅਧਿਕਾਰੀ ਨੇ ਆਪਣਾ ਕੋਵਿਡ-19 ਟੀਕਾਕਰਨ ਨਹੀਂ ਕਰਵਾਇਆ ਤਾਂ ਉਸ ਦੀ ਤਨਖਾਹ ਰੋਕ ਲਈ ਜਾਵੇਗੀ, ਜਿਸ ਸਬੰਧੀ ਜ਼ਿਲ੍ਹਾ ਖ਼ਜ਼ਾਨਾ ਅਫ਼ਸਰ ਨੂੰ ਪੱਤਰ ਵੀ ਲਿਖ ਕੇ ਨਿਰਦੇਸ਼ ਦਿੱਤੇ ਜਾ ਰਹੇ ਹਨ। ਉਹ ਅੱਜ ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਵਿਚ ਕੋਵਿਡ-19 ਟੀਕਾਕਰਨ ਸਬੰਧੀ ਜ਼ਿਲ੍ਹਾ ਟਾਸਕ ਫੋਰਸ ਦੀ ਮੀਟਿੰਗ ਨੂੰ ਸੰਬੋਧਨ ਕਰ ਰਹੇ ਸਨ। ਇਸ ਦੌਰਾਨ ਉਨ੍ਹਾਂ ਨਾਲ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਆਸ਼ਿਕਾ ਜੈਨ ਅਤੇ ਵਧੀਕ ਡਿਪਟੀ ਕਮਿਸ਼ਨਰ (ਜ) ਸੰਦੀਪ ਸਿੰਘ ਵੀ ਮੌਜੂਦ ਸਨ।
ਡਿਪਟੀ ਕਮਿਸ਼ਨਰ ਨੇ ਮੀਟਿੰਗ ਦੌਰਾਨ ਸਾਰੇ ਵਿਭਾਗਾਂ ਦੇ ਮੁਖੀਆਂ ਨੂੰ ਨਿਰਦੇਸ਼ ਦਿੱਤੇ ਕਿ ਉਹ ਆਪਣੇ ਦਫ਼ਤਰ ਵਿਚ ਕੰਮ ਕਰ ਰਹੇ ਸਾਰੇ ਕਰਮਚਾਰੀਆਂ ਦੇ ਕੋਵਿਡ-19 ਟੀਕਾਕਰਨ ਸਬੰਧੀ ਸਰਟੀਫਿਕੇਟ ਬੁੱਧਵਾਰ ਤੱਕ ਹਰ ਹਾਲ ਵਿਚ ਵਧੀਕ ਡਿਪਟੀ ਕਮਿਸ਼ਨਰ (ਜ) ਦੇ ਦਫ਼ਤਰ ਵਿਚ ਭੇਜਣਾ ਯਕੀਨੀ ਬਨਾਉਣ, ਜਿਸ ਵਿਚ ਕਰਮਚਾਰੀਆਂ ਦੀ ਗਿਣਤੀ ਤੇ ਉਨ੍ਹਾਂ ਦੇ ਪਹਿਲੇ ਤੇ ਦੂਜੇ ਕੋਵਿਡ-19 ਬਚਾਅ ਸਬੰਧੀ ਲਗਾਏ ਟੀਕਾਕਰਨ ਦਾ ਜ਼ਿਕਰ ਕੀਤਾ ਗਿਆ ਹੋਵੇ। ਉਨ੍ਹਾਂ ਕਿਹਾ ਕਿ ਕੋਵਿਡ-19 ਤੋਂ ਬਚਾਅ ਸਬੰਧੀ ਟੀਕਾਕਰਨ ਦੀਆਂ ਦੋਵੇਂ ਡੋਜ਼ਾਂ ਲਗਵਾਉਣੀਆਂ ਜ਼ਰੂਰੀ ਹਨ, ਇਸ ਲਈ ਜੇਕਰ ਕਿਸੇ ਨੇ ਦੂਜੀ ਡੋਜ਼ ਅਜੇ ਤੱਕ ਨਹੀਂ ਲਗਵਾਈ ਤਾਂ ਉਹ ਵੀ ਜ਼ਰੂਰ ਲਗਾਉਣ ਅਤੇ ਹੋਰਨਾਂ ਨੂੰ ਵੀ ਪ੍ਰੇਰਿਤ ਕਰਨ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਕਰਮਚਾਰੀ ਦੀ ਕੋਈ ਸਿਹਤ ਸਮੱਸਿਆ ਉਸ ਨੂੰ ਟੀਕਾਕਰਨ ਕਰਵਾਉਣ ਤੋਂ ਰੋਕਦੀ ਹੈ ਤਾਂ ਉਹ ਇਸ ਦੇ ਲਈ ਡਾਕਟਰ ਦਾ ਸਰਟੀਫਿਕੇਟ ਦੇਣ, ਸਰਟੀਫਿਕੇਟ ਨੂੰ ਡਾਕਟਰਾਂ ਦੇ ਪੈਨਲ ਵਲੋਂ ਚੈਕ ਕਰਕੇ ਉਚਿਤ ਕਾਰਵਾਈ ਕੀਤੀ ਜਾਵੇਗੀ।
ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਕਿਹਾ ਕਿ ਆ ਰਹੀਆਂ ਵਿਧਾਨ ਸਭਾ ਚੋਣਾਂ ਦੌਰਾਨ ਲੋਕਾਂ ਦਾ ਆਪਸੀ ਸੰਪਰਕ ਵੱਧੇਗਾ, ਇਸ ਲਈ ਹਰ ਹਾਲ ਵਿਚ ਜ਼ਿਲ੍ਹਾ ਵਾਸੀ ਕੋਵਿਡ-19 ਬਚਾਅ ਸਬੰਧੀ ਟੀਕਾਕਰਨ ਜ਼ਰੂਰ ਕਰਵਾਉਣ ਤਾਂ ਜੋ ਕੋਵਿਡ-19 ਤੋਂ ਸਰੱਖਿਅਤ ਰਹਿ ਸਕੀਏ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਟੀਕਾਕਰਨ ਸਬੰਧੀ ਲਗਾਤਾਰ ਕੈਂਪ ਵੀ ਲਗਾਏ ਗਏ ਹਨ ਅਤੇ ਹਰ ਘਰ ਦਸਤਕ ਪ੍ਰੋਗਰਾਮ ਰਾਹੀਂ ਘਰ-ਘਰ ਜਾ ਕੇ ਟੀਕਾਕਰਨ ਵੀ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਜ਼ਿਲ੍ਹੇ ਦੀਆਂ ਸਮਾਜ ਸੇਵੀ, ਧਾਰਮਿਕ ਤੇ ਗੈਰ ਸਰਕਾਰੀ ਸੰਸਥਾਵਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਉਹ ਆਪਣੇ ਹਲਕੇ ਵਿਚ ਯੋਗ ਲਾਭਪਾਤਰੀਆਂ ਦੇ ਟੀਕਾਕਰਨ ਵਿਚ ਆਪਣਾ ਬਣਦਾ ਯੋਗਦਾਨ ਦੇਣ।
ਅਪਨੀਤ ਰਿਆਤ ਨੇ ਦੱਸਿਆ ਕਿ ਜ਼ਿਲ੍ਹਾ ਹੁਸ਼ਿਆਰਪੁਰ ਵਿਚ ਹੁਣ ਤੱਕ ਲਾਭਪਾਤਰੀਆਂ ਨੂੰ ਕੋਵਿਡ-19 ਬਚਾਅ ਸਬੰਧੀ ਵੈਕਸੀਨ ਦੀ 1642857 ਡੋਜ਼ਾਂ ਲਗਾਈਆਂ ਜਾ ਚੁੱਕੀਆਂ ਹਨ, ਜਿਸ ਵਿਚ 1015668 ਪਹਿਲੀ ਡੋਜ਼ ਤੇ 627189 ਦੂਜੀ ਡੋਜ਼ ਸ਼ਾਮਲ ਹੈ। ਉਨ੍ਹਾਂ ਕਿਹਾ ਕਿ ਹੁਣ ਤੱਕ 85 ਪ੍ਰਤੀਸ਼ਤ ਯੋਗ ਲਾਭਪਾਤਰੀ ਕੋਵਿਡ-19 ਟੀਕਾਕਰਨ ਦੀ ਪਹਿਲੀ ਡੋਜ਼ ਤੇ 53 ਪ੍ਰਤੀਸ਼ਤ ਲਾਭਪਾਤਰੀ ਦੂਜੀ ਡੋਜ਼ ਲੈ ਚੁੱਕੇ ਹਨ। ਉਨ੍ਹਾਂ ਕਿਹਾ ਕਿ ਦੂਜੀ ਡੋਜ਼ ਲਗਾਉਣ ਵਾਲੇ ਲੋਕਾਂ ਦੀ ਸੰਖਿਆ ਕਾਫੀ ਘੱਟ ਹੈ, ਇਸ ਲਈ ਕਿਸੇ ਦੀ ਵੀ ਦੂਜੀ ਡੋਜ਼ ਰਹਿੰਦੀ ਹੈ, ਉਹ ਆਪਣਾ ਟੀਕਾਕਰਨ ਜ਼ਰੂਰ ਕਰਵਾਉਣ।
ਇਸ ਮੌਕੇ ਸਿਵਲ ਸਰਜਨ ਡਾ. ਪਰਮਿੰਦਰ ਕੌਰ, ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਸਰਬਜੀਤ ਸਿੰਘ ਬੈਂਸ, ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਸੀਮਾ ਗਰਗ ਤੋਂ ਇਲਾਵਾ ਹੋਰ ਵਿਭਾਗਾਂ ਦੇ ਅਧਿਕਾਰੀ ਵੀ ਮੌਜੂਦ ਸਨ।