ਕਿਸਾਨੀ ਮੰਗਾਂ ਨੂੰ ਮਨਵਾ ਕੇ ਵਾਪਿਸ ਪੰਜਾਬ ਪਰਤ ਰਹੇ ਕਿਰਤੀ ਕਿਸਾਨ ਯੂਨੀਅਨ ਦੇ ਆਗੂਆਂ ਦਾ ਨਾਇਕਾਂ ਵਾਂਗ ਕੀਤਾ ਸਵਾਗਤ
ਗੁਰਦਾਸਪੁਰ 10 ਦਸੰਬਰ ( ਅਸ਼ਵਨੀ ) : ਅੱਜ ਸਮੂਹ ਜੱਥੇਬੰਦੀਆਂ ਦੇ ਆਗੂਆਂ ਵੱਲੋਂ ਨਵਦੀਪ ਸਿੰਘ ਸਲਾਰੀਆ ਚੌਕ ਗੁਰਦਾਸਪੁਰ ਵਿਖੇ ਕਿਸਾਨੀ ਮੰਗਾਂ ਨੂੰ ਮਨਵਾ ਕੇ ਵਾਪਿਸ ਪੰਜਾਬ ਪਰਤ ਰਹੇ ਕਿਰਤੀ ਕਿਸਾਨ ਯੂਨੀਅਨ ਦੇ ਆਗੂਆਂ ਦਾ ਨਾਇਕਾਂ ਵਾਂਗ ਸਵਾਗਤ ਕੀਤਾ ਗਿਆ।
ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਤਰਲੋਕ ਬਹਿਰਾਮਪੁਰ, ਪੇਂਡੂ ਮਜ਼ਦੂਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਰਾਜ ਕੁਮਾਰ ਪੰਡੋਰੀ, ਡੀਐੱਮਐੱਫ ਦੇ ਆਗੂ ਅਮਰਜੀਤ ਸ਼ਾਸ਼ਤਰੀ,ਬਲਵਿੰਦਰ ਕੌਰ, ਇਫਟੂ ਦੇ ਸੂਬਾ ਮੀਤ ਪ੍ਰਧਾਨ ਰਮੇਸ਼ ਰਾਣਾ ਤੇ ਜੋਗਿੰਦਰਪਾਲ ਪਨਿਆੜ, ਪੰਜਾਬ ਸਟੂਡੈਂਟਸ ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਅਮਰ ਕ੍ਰਾਂਤੀ ਨੇ ਕਿਹਾ ਕਿ ਮੋਦੀ ਹਕੂਮਤ ਵੱਲੋਂ ਕਾਰਪੋਰੇਟਾਂ ਦਾ ਖੇਤੀ ਤੇ ਕਬਜ਼ਾ ਕਰਵਾਉਣ ਦੀ ਨੀਅਤ ਨਾਲ ਤਿੰਨ ਖੇਤੀ ਕਾਨੂੰਨ ਪਾਸ ਕੀਤੇ ਗਏ ਸਨ।ਜਿਸ ਖਿਲਾਫ ਪਹਿਲਾਂ ਪੰਜਾਬ ਵਿੱਚ ਤੇ ਉਸ ਤੋਂ ਬਾਅਦ ਦਿੱਲੀ ਦੀਆਂ ਬਰੂਹਾਂ ਤੇ ਇੱਕ ਸਾਲ ਤੋਂ ਵੀ ਲੰਮਾ ਸੰਘਰਸ਼ ਲੜਿਆ ਗਿਆ।ਇਸ ਸੰਘਰਸ਼ ਵਿੱਚ 700 ਤੋਂ ਵੱਧ ਕਿਸਾਨਾਂ ਨੇ ਸ਼ਹੀਦੀ ਪ੍ਰਾਪਤ ਕੀਤੀ ਹੈ।ਆਖਿਰ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਦੀਆਂ ਮੰਗਾਂ ਨੂੰ ਮੰਨ ਲਿਆ ਗਿਆ ਹੈ।ਬੀਤੇ ਕੱਲ੍ਹ ਦਿੱਲੀ ਬਾਰਡਰਾਂ ਤੇ ਫਤਿਹ ਅਰਦਾਸ ਕਰਕੇ ਪੰਜਾਬ ਨੂੰ ਚਾਲੇ ਪਾਏ ਸਨ।ਜਿਹਨਾਂ ਦਾ ਅੱਜ ਜ਼ਿਲ੍ਹੇ ਦੀਆਂ ਸਮੂਹ ਜਨਤਕ ਜੱਥੇਬੰਦੀਆਂ ਵੱਲੋਂ ਸਵਾਗਤ ਕੀਤਾ ਗਿਆ ਹੈ। ਗੁਰਦਾਸਪੁਰ ਦੇ ਨਵਦੀਪ ਸਿੰਘ ਸਲਾਰੀਆ ਚੌਂਕ ਵਿੱਚ ਕਿਸਾਨਾਂ ਮਜ਼ਦੂਰਾਂ ਮੁਲਾਜ਼ਮਾਂ ਅਤੇ ਸੰਘਰਸ਼ੀਲ ਲੋਕਾਂ ਨੇ ਭੰਗੜੇ ਪਾਕੇ ਢੋਲ ਵਜਾ ਕੇ ਖੁਸ਼ੀ ਦਾ ਪ੍ਰਗਟਾਵਾ ਕੀਤਾ। ਫੁੱਲਾਂ ਦੀ ਵਰਖਾ ਕਰਕੇ ਦਿੱਲੀ ਤੋਂ ਪਰਤੇ ਕਿਸਾਨ ਆਗੂਆਂ ਦਾ ਸਵਾਗਤ ਕੀਤਾ ਗਿਆ।
ਇਨ੍ਹਾਂ ਵਿਚ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਸਤਿਬੀਰ ਸਿੰਘ ਸੁਲਤਾਨੀ, ਪਰਮਜੀਤ ਸਿੰਘ ਰਤਨਗੜ੍ਹ, ਸਤਪਾਲ ਸਿੰਘ ਬਾਬਾ ਪਨਿਆੜ, ਤੋਂ ਇਲਾਵਾ ਹੋਰ ਆਗੂ ਦਿੱਲੀ ਤੋਂ ਵਾਪਸ ਪਰਤੇ ਹਨ।ਦਿੱਲੀ ਦਾ ਸ਼ੰਘਰਸ਼ ਆਉਣ ਵਾਲੀਆਂ ਨਸਲਾਂ ਲਈ ਇੱਕ ਚਾਨਣ ਦੀ ਲੀਕ ਹੈ।ਖੇਤੀ ਕਾਨੂੰਨਾਂ ਖਿਲਾਫ ਲੜਿਆ ਗਿਆ ਸੰਘਰਸ਼ ਇੱਕ ਇਤਿਹਾਸਿਕ ਸੰਘਰਸ਼ ਹੈ।ਪਰ ਇਸ ਜਿੱਤ ਦੀ ਖੁਸ਼ੀ ਦੇ ਨਾਲ ਵਿਛੜ ਗਏ ਕਿਸਾਨ-ਮਜ਼ਦੂਰਾਂ ਦਾ ਅਫਸੋਸ ਵੀ ਹੈ।ਉਹਨਾਂ ਕਿਹਾ ਕਿ ਪਰ ਇਸ ਸੰਘਰਸ਼ ਨੂੰ ਇੱਥੇ ਹੀ ਛੱਡਣਾ ਨਹੀਂ ਚਾਹੀਦਾ।ਦੇਸ਼ ਦੀ ਕਿਸਾਨ ਇੱਕ ਗਹਿਰ ਗੰਭੀਰ ਸੰਕਟ ਵਿੱਚ ਹੈ।ਜਿਸ ਵਿੱਚੋਂ ਕਿਸਾਨੀ ਨੂੰ ਕੱਢਣ ਲਈ ਅਜਿਹੇ ਕਈ ਸੰਘਰਸ਼ਾਂ ਦਾ ਪਿੜ ਬਣਨਾ ਪਵੇਗਾ।ਉਹਨਾਂ ਕਿਹਾ ਕਿ ਹੁਣ ਲੜਾਈ ਪੰਜਾਬ ਦੇ ਖੇਤੀ ਮਾਡਲ ਨੂੰ ਬਦਲਣ, ਕਿਸਾਨੀ ਦਾ ਕਰਜ਼ਾ ਮੁਆਫ ਕਰਵਾਉਣ ਅਤੇ ਸਵਾਮੀਨਾਥਨ ਕਮੇਟੀ ਦੀ ਰਿਪੋਰਟ ਲਾਗੂ ਕਰਵਾਉਣ ਦੇ ਨਾਲ਼ ਨਾਲ਼ ਦੇਸ਼ ਵਿੱਚ ਫਾਸ਼ੀਵਾਦੀ ਹਮਲਿਆਂ ਨੂੰ ਰੋਕਣ ਦੀ ਹੈ।
ਦਿੱਲੀ ਮੋਰਚੇ ਤੋਂ ਪਰਤੇ ਕਿਰਤੀ ਕਿਸਾਨ ਯੂਨੀਅਨ ਦੇ ਸੂਬਾਈ ਜਨਰਲ ਸਕੱਤਰ ਸਤਿਬੀਰ ਸਿੰਘ ਸੁਲਤਾਨੀ ਨੇ ਦੇਸ਼ ਦੇ ਸਮੁੱਚੇ ਲੋਕਾਂ ਦਾ ਧੰਨਵਾਦ ਕੀਤਾ, ਨਾਲ਼ ਹੀ ਗੁਰਦਾਸਪੁਰ ਦੇ ਸਮੂਹ ਕਿਸਾਨਾਂ ਮਜ਼ਦੂਰਾਂ ਦੁਕਾਨਦਾਰਾਂ ਮੁਲਾਜ਼ਮਾਂ ਦਾ ਵੀ ਧੰਨਵਾਦ ਕੀਤਾ ਜਿਹਨਾਂ ਨੇ ਸੰਯੁਕਤ ਕਿਸਾਨ ਮੋਰਚੇ ਦੇ ਹਰ ਸੱਦੇ ਨੂੰ ਦੇਸ਼ ਵਿੱਚ ਲਾਗੂ ਕੀਤਾ।
ਇਸ ਮੌਕੇ ਇਫਟੂ ਦੇ ਆਗੂ ਸੁਖਦੇਵਰਾਜ ਬਹਿਰਾਮਪੁਰ, ਜੋਗਿੰਦਰਪਾਲ ਘੁਰਾਲਾ, ਮਨੀ ਭੱਟੀ, ਸਾਗਰ ਭੋਲ਼ਾ, ਸਲਵਿੰਦਰ ਸਿੰਘ ਗੋਸਲ, ਪਲਵਿੰਦਰ ਸਿੰਘ, ਗੁਰਵਿੰਦਰ ਕੌਰ ਬਹਿਰਾਮਪੁਰ, ਬਲਵਿੰਦਰ ਕੌਰ ਅਲੀ ਸ਼ੇਰ, ਸਰਪੰਚ ਦਲਬੀਰ ਸਿੰਘ, ਲਖਵਿੰਦਰ ਸਿੰਘ ਲੱਖਾ, ਦਲਜੀਤ ਸਿੰਘ ਤਲਵੰਡੀ, ਤਰਕਸ਼ੀਲ ਆਗੂ ਹਰਿਭਜਨ ਸਿੰਘ ਮਾਂਗਟ ਦੋਧੀ ਯੂਨੀਅਨ ਦੇ ਆਗੂ ਰਾਮ ਲਾਲ ਖੋਜੇਪੁਰ ਗੁਰਦੀਪ ਸਿੰਘ ਗੋਰਾਇਆ, ਦੀਦਾਰ ਸਿੰਘ ਗੋਰਾਇਆ ਚਰਨਜੀਤ ਸਿੰਘ ਸਤਵਿੰਦਰ ਸਿੰਘ ਬਖਸ਼ੀਸ਼ ਸਿੰਘ ਆਦਿ ਹਾਜ਼ਿਰ ਹੋਏ।