ਮੁਕੇਰੀਆਂ/ਹੁਸ਼ਿਆਰਪੁਰ, 24 ਦਸੰਬਰ (ਚੌਧਰੀ ): ਸਿਵਲ ਹਸਪਤਾਲ ਮੁਕੇਰੀਆਂ ਵਿਖੇ ਅੱਜ 4 ਕਰੋੜ 52 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਐਮਰਜੈਂਸੀ ਬਲਾਕ ਦੀ ਨਵੀਂ ਇਮਾਰਤ ਦਾ ਨੀਂਹ ਪੱਥਰ ਪੰਜਾਬ ਦੇ ਉਪ ਮੁੱਖ ਮੰਤਰੀ ਸ੍ਰੀ ਓ.ਪੀ. ਸੋਨੀ ਨੇ ਆਪਣੇ ਕਰ ਕਮਲਾਂ ਨਾਲ ਰੱਖਿਆ। ਇਸ ਮੌਕੇ ਵਿਧਾਇਕ ਇੰਦੂ ਬਾਲਾ, ਐਸ.ਡੀ.ਐਮ ਨਵਨੀਤ ਕੌਰ ਬੱਲ ,ਸਿਵਲ ਸਰਜਨ ਡਾ.ਪਰਮਿੰਦਰ ਕੌਰ ਵਿਸ਼ੇਸ਼ ਤੌਰ ‘ਤੇ ਮੌਜੂਦ ਸਨ।
ਉਪ ਮੁੱਖ ਮੰਤਰੀ ਸ੍ਰੀ ਓ.ਪੀ.ਸੋਨੀ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਨੂੰ ਹਰ ਤਰ੍ਹਾਂ ਦੀਆਂ ਸਿਹਤ ਸਹੂਲਤਾਂ ਦੇਣ ਲਈ ਵਚਨਬੱਧ ਹੈ। ਉਨ੍ਹਾਂ ਦੱਸਿਆ ਕਿ ਮੁਕੇਰੀਆਂ ਸਰਕਾਰੀ ਹਸਪਤਾਲ ਵਿਖੇ ਐਮਰਜੈਂਸੀ/ਟਰੌਮਾ ਵਾਰਡ ਬਣਾਇਆ ਜਾ ਰਿਹਾ ਹੈ, ਜੋ ਕਿ ਨੈਸ਼ਨਲ ਹਾਈਵੇਅ ‘ਤੇ ਸਥਿਤ ਹੋਣ ਕਾਰਨ ਹਰ ਤਰ੍ਹਾਂ ਦੀ ਸਹੂਲਤ ਵਿਸ਼ੇਸ਼ ਤੌਰ ‘ਤੇ ਦੁਰਘਟਨਾ ਦੀ ਸਥਿਤੀ ਵਿਚ ਫਾਇਦੇਮੰਦ ਸਾਬਿਤ ਹੋਵੇਗਾ। ਉਨ੍ਹਾਂ ਕਿਹਾ ਕਿ ਇਥੇ ਮਾਈਨਰ ਅਪਰੇਸ਼ਨ ਥੀਏਟਰ, ਨਰਸਿੰਗ ਸਟੇਸ਼ਨ ਅਤੇ ਹੋਰ ਐਮਰਜੈਂਸੀ ਸਹੂਲਤਾਂ ਉਪਲਬੱਧ ਕਰਵਾਈਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਪ੍ਰਾਈਵੇਟ ਵਾਰਡ ਦੀਆਂ ਸਹੂਲਤਾਂ ਵੀ ਬਿਨਾਂ ਕਿਸੇ ਖ਼ਰਚੇ ਤੋਂ ਦਿੱਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਇੱਥੇ 16 ਮਹਿਲਾ ਅਤੇ ਪੁਰਸ਼ ਵਾਰਡਾਂ ਦੀ ਮੁਫਤ ਸਹੂਲਤ ਉਪਲਬਧ ਹੋਵੇਗੀ। ਇਸ ਤੋਂ ਇਲਾਵਾ ਇਸ ਹਸਪਤਾਲ ਦੀ ਪੁਰਾਣੀ ਇਮਾਰਤ ਨੂੰ ਰੈਨੋਵੇਟ ਕੀਤਾ ਜਾਵੇਗਾ, ਜਿਸ ‘ਤੇ ਇੱਕ ਕਰੋੜ 9 ਲੱਖ ਰੁਪਏ ਖਰਚ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਇਸ ਦੇ ਨਾਲ ਨਾਲ ਆਕਸੀਜਨ ਪਲਾਂਟ ਅਤੇ ਡਾਇਲਸਿਸ ਦੀ ਸੁਵਿਧਾ ਬਹੁਤ ਜਲਦ ਪ੍ਰਦਾਨ ਕਰ ਦਿੱਤੀ ਜਾਵੇਗੀ।
ਇਸ ਮੌਕੇ ਐਸ.ਐਮ.ਓ. ਡਾ.ਜੀ.ਪੀ. ਸਿੰਘ, ਡਾ. ਹਰਜੀਤ ਸਿੰਘ, ਡਾ. ਦਵਿੰਦਰ ਪੁਰੀ, ਡਾ. ਅਵਨੀਸ਼ ਕੁਮਾਰ, ਡਾ.ਅਸ਼ਵਨੀ ਗੌਤਮ, ਡਾ. ਨੀਲਮ, ਡਾ. ਬਰਜੇਸ਼ ਸੈਣੀ, ਡਾ. ਸੁਖਦੇਵ ਰਾਜ, ਡਾ. ਅਜੈ ਪਾਲ ਕੰਵਰ, ਡਾ. ਨਰਿੰਦਰਪਾਲ, ਡਾ. ਸਤਬੀਰ ਸਿੰਘ, ਐਡਵੋਕੇਟ ਸਭਿਆ ਸਾਂਚੀ ਤੋਂ ਇਲਾਵਾ ਹੋਰ ਵੀ ਮੌਜੂਦ ਸਨ।