ਗੜ੍ਹਦੀਵਾਲਾ 25 ਦਸੰਬਰ (ਚੌਧਰੀ / ਯੋਗੇਸ਼ ਗੁਪਤਾ ) : ਗੜ੍ਹਦੀਵਾਲਾ ਹੁਸ਼ਿਆਰਪੁਰ ਮਾਰਗ ਪਰ ਬੀਤੀ ਦੇਰ ਰਾਤ 9.30 ਵਜੇ ਦੇ ਕਰੀਬ ਗੋਂਦਪੁਰ ਪੁਲ ਤੋਂ ਸਹਿਜੋਵਾਲ ਮੋੜ ਦੇ ਵਿਚਕਾਰ ਇੱਕ ਸੜਕ ਹਾਦਸਾ ਹੋਣ ਦਾ ਸਮਾਚਾਰ ਮਿਲਿਆ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਪਿੰਡ ਨੰਗਲ ਦੇ ਇੱਕ ਨੌਜਵਾਨ ਅਭਿਰਾਜ ਠਾਕੁਰ (22) ਪੁੱਤਰ ਸ਼ੁਸ਼ੀਲ ਠਾਕੁਰ(ਠਾਕੁਰ ਮੈਡੀਕਲ ਸਟੋਰ ਗੜ੍ਹਦੀਵਾਲਾ) ਅਤੇ ਪਿੰਡ ਸਹਿਜੋਵਾਲ ਦੇ ਇੱਕ ਵਿਅਕਤੀ ਕਸ਼ਮੀਰ ਸਿੰਘ ਪੁੱਤਰ ਵਤਨਾਂ ਰਾਮ ਬੁਲੇਟ ਮੋਟਰਸਾਈਕਲ ਪੀ ਬੀ 07 ਬੀ ਜੈਡ 2747 ਤੇ ਸਵਾਰ ਹੋਕੇ ਗੜ੍ਹਦੀਵਾਲਾ ਤੋਂ ਪਿੰਡ ਨੰਗਲ ਨੂੰ ਜਾ ਰਹੇ ਸਨ। ਜਦੋਂ ਗੋਂਦਪੁਰ ਪੁਲ ਤੋਂ ਸਹਿਜੋਵਾਲ ਮੋੜ ਦੇ ਵਿਚਕਾਰ ਲੀਚੀਆਂ ਦੇ ਬਾਗ ਕੋਲ ਪਹੁੰਚੇ ਤਾਂ ਇੱਕ ਅਣਪਛਾਤੇ ਵਾਹਨ ਦੀ ਲਪੇਟ ਚ ਆ ਗਏ।ਜਿਸ ਨਾਲ ਅਭਿਰਾਜ ਠਾਕੁਰ ਦੀ ਮੌਕੇ ਤੇ ਹੀ ਮੌਤ ਅਤੇ ਦੂਜੇ ਵਿਅਕਤੀਆਂ ਕਸ਼ਮੀਰ ਸਿੰਘ ਗੰਭੀਰ ਜਖਮੀ ਹੋ ਗਿਆ।ਜਖਮੀ ਕਸ਼ਮੀਰ ਸਿੰਘ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ। ਜਿੱਥੇ ਡਾਕਟਰਾਂ ਉਸਦੀ ਨਾਜ਼ੁਕ ਦੇਖਦਿਆਂ ਹੋਇਆਂ ਉਸ ਨੂੰ ਅੱਗੇ ਰੈਫਰ ਕਰ ਦਿੱਤਾ। ਜਿਸ ਦੀ ਅੱਜ ਸਵੇਰੇ ਇਲਾਜ ਦੌਰਾਨ ਜਲੰਧਰ ਦੇ ਇੱਕ ਨਿੱਜੀ ਹਸਪਤਾਲ ਵਿਚ ਮੌਤ ਹੋ ਗਈ। ਮ੍ਰਿਤਕ ਅਭਿਰਾਜ ਠਾਕੁਰ ਦੇ ਪਿਤਾ ਸ਼ੁਸ਼ੀਲ ਠਾਕੁਰ ਦੇ ਬਿਆਨ ਦੇ ਆਧਾਰ ਤੇ ਪੁਲਿਸ ਨੇ ਅਣਪਛਾਤੇ ਵਾਹਨ ਤੇ ਧਾਰਾ 279,304-A,337,338,427 ਆਈ ਪੀ ਸੀ ਅਧੀਨ ਮਾਮਲਾ ਦਰਜ ਕਰਕੇ ਮ੍ਰਿਤਕਾਂ ਦਾ ਪੋਸਟਮਾਰਟਮ ਕਰਵਾਉਣ ਉਪਰੰਤ ਦੋਵੇਂ ਮ੍ਰਿਤਕ ਦੀ ਦੇਹਾਂ ਨੂੰ ਪਰਿਵਾਰ ਨੂੰ ਸੌਂਪ ਦਿੱਤਾ। ਅਭਿਰਾਜ ਠਾਕੁਰ ਆਪਣੇ ਮਾਤਾ ਪਿਤਾ ਦਾ ਇਕਲੌਤਾ ਪੁੱਤਰ ਸੀ। ਦੋਵੇਂ ਪਿੰਡਾਂ ਦੇ ਪਰਿਵਾਰਾਂ ਵਿੱਚ ਮਾਤਮ ਦਾ ਮਾਹੌਲ ਹੈ। ਇਸ ਖਬਰ ਨਾਲ ਇਲਾਕੇ ਵਿੱਚ ਵੀ ਸੋਗ ਦੀ ਲਹਿਰ ਦੌੜ ਗਈ। ਸੂਤਰਾਂ ਅਨੁਸਾਰ ਦੋਵੇਂ ਮ੍ਰਿਤਕਾਂ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਹੈ।