ਹਾਜੀਪੁਰ / ਦਸੂਹਾ (ਚੌਧਰੀ)
: ਮੁਕੇਰੀਆਂ ਹਾਈਡਲ ਪ੍ਰੋਜੈਕਟ ਦੇ ਨੇੜਲੇ ਬਰਿਜ ਨੰਬਰ 8880 (ਜੋ ਲੋਕਾਂ ਵਿਚ “ਜੰਨਤ ਨਾਮ” ਦੇ ਤੌਰ ‘ਤੇ ਜਾਣਿਆ ਜਾਂਦਾ ਹੈ) ਵਿੱਚ ਸ਼ਨੀਵਾਰ ਦੁਪਹਿਰ ਕਰੀਬ ਤਿੰਨ ਵਜੇ ਇਕ ਹੋਰ ਜ਼ਿੰਦਗੀ ਪਾਣੀ ਦੀ ਭੇਂਟ ਚੜ੍ਹ ਗਈ। ਰੋਹਿਤ ਕੁਮਾਰ ਉਰਫ ਰਵੀ (24) ਪੁੱਤਰ ਹਰਦਿਆਲ ਸਿੰਘ, ਵਾਸੀ ਪਿੰਡ ਕਰਾੜੀ (ਬਹਿ ਜੋਗਨ), ਥਾਣਾ ਤਲਵਾੜਾ, ਆਪਣੇ ਦੋਸਤਾਂ ਨਾਲ ਇਲਾਕੇ ਦੀ ਮਸ਼ਹੂਰ ਨਹਿਰ ਵਿੱਚ ਨਹਾਉਣ ਗਿਆ ਸੀ। ਪਾਣੀ ਦਾ ਵਾਧੂ ਬਹਾਅ ਤੇਜ਼ ਹੋਣ ਕਰਕੇ ਉਹ ਕਾਬੂ ਨਾ ਰੱਖ ਸਕਿਆ ਤੇ ਡੁੱਬ ਗਿਆ। ਕਾਫ਼ੀ ਕੋਸ਼ਿਸ਼ਾਂ ਮਗਰੋਂ ਵੀ ਉਸਨੂੰ ਬਚਾਇਆ ਨਾ ਜਾ ਸਕਿਆ।
ਐਤਵਾਰ ਸਵੇਰੇ ਬਾਬਾ ਦੀਪ ਸਿੰਘ ਸੇਵਾ ਦਲ ਐਡ ਵੈਲਫੇਅਰ ਸੋਸਾਇਟੀ ਗੜ੍ਹਦੀਵਾਲਾ ਦੀ ਰੈਸਕਿਊ ਟੀਮ ਨੇ ਲੰਬੀ ਖੋਜ ਤੋਂ ਬਾਅਦ ਉਸਦੀ ਲਾਸ਼ ਨੂੰ ਬਾਹਰ ਕੱਢ ਕੇ ਪਰਿਵਾਰ ਵਾਲਿਆਂ ਦੇ ਹਵਾਲੇ ਕਰ ਦਿੱਤਾ ਗਿਆ । ਥਾਣਾ ਤਲਵਾੜਾ ਦੇ ਅਧੀਨ ਪੁਲਿਸ ਮੁਲਾਜ਼ਮ ਮੌਕੇ ‘ਤੇ ਪਹੁੰਚ ਕੇ ਮਾਮਲੇ ਦੀ ਕਾਨੂੰਨੀ ਕਾਰਵਾਈ ਕਰ ਰਹੇ ਹਨ।
ਇਸ ਦੁਖਦਾਈ ਘਟਨਾ ਤੋਂ ਬਾਅਦ ਪਿੰਡ ਵਾਸੀਆਂ ਨੇ ਭਾਰੀ ਰੋਸ ਪ੍ਰਗਟਾਇਆ। ਉਨ੍ਹਾਂ ਦਾ ਕਹਿਣਾ ਹੈ ਕਿ ਹਰ ਸਾਲ ਇਸ ਨਹਿਰ ਵਿੱਚ ਕਈ ਨੌਜਵਾਨ ਆਪਣੀ ਜਾਨ ਗਵਾ ਰਹੇ ਹਨ, ਪਰ ਨਾਹ ਕੋਈ ਚੋਕਸੀ, ਨਾਹ ਕੋਈ ਚੇਤਾਵਨੀ ਬੋਰਡ ਅਤੇ ਨਾਹ ਹੀ ਰੋਕਥਾਮ ਲਈ ਠੋਸ ਕਦਮ ਚੁੱਕੇ ਗਏ ਹਨ।ਪਿੰਡ ਵਾਸੀਆਂ ਨੇ ਪੁਲਿਸ ਅਤੇ ਸਥਾਨਕ ਪ੍ਰਸ਼ਾਸਨ ਨੂੰ ਗੁਹਾਰ ਲਗਾਈ ਕਿ ਇਸ ਸਥਾਨ ‘ਤੇ ਤੁਰੰਤ ਚੌਕੀਦਾਰੀ, ਚੇਤਾਵਨੀ ਸਾਇਨ ਬੋਰਡ ਅਤੇ ਸੁਰੱਖਿਆ ਪ੍ਰਬੰਧ ਲਗਾਉਣ ਦੀ ਮੰਗ ਕੀਤੀ ਹੈ, ਤਾਂ ਜੋ ਹੋਰ ਕਿਸੇ ਮਾਂ ਦੀ ਗੋਦ ਸੁੰਞੀ ਨਾ ਹੋਵੇ।
ਫੋਟੋ ਕੈਪਸ਼ਨ : ਮ੍ਰਿਤਕ ਰੋਹਿਤ ਕੁਮਾਰ ਦੀ ਪੁਰਾਣੀ ਫੋਟੋ, ਰੈਸਕਿਊ ਟੀਮ ਨਹਿਰ ਵਿੱਚ ਮ੍ਰਿਤਕ ਨੂੰ ਲੱਭਦੇ ਹੋਏ, ਮ੍ਰਿਤਕ ਦੀ ਲਾਸ਼ ਨੂੰ ਬਾਹਰ ਕੱਢਦੇ ਹੋਏ ਰੈਸਕਿਊ ਟੀਮ ।