ਫਗਵਾੜਾ 13 ਨਵੰਬਰ ( ਲਾਲੀ)
* ਡਾਕਟਰਾਂ ‘ਤੇ ਲਾਇਆ ਗਲਤ ਆਪ੍ਰੇਸ਼ਨ ਕਰਨ ਦਾ ਇਲਜ਼ਾਮ
: ਫਗਵਾੜਾ ਦੇ ਬੰਗਾ ਰੋਡ ਖੇਤਰ ‘ਚ ਉਸ ਸਮੇਂ ਭਾਰੀ ਹੰਗਾਮਾ ਹੋ ਗਿਆ ਜਦੋਂ ਨੇੜਲੇ ਪਿੰਡ ਖੋਥੜਾਂ ਦੇ ਵਸਨੀਕਾਂ ਨੇ ਸਥਾਨਕ ਜੀ.ਬੀ. ਹਸਪਤਾਲ ਦੇ ਮੂਹਰੇ ਧਰਨਾ ਲਗਾ ਕੇ ਡਾਕਟਰਾਂ ਖਿਲਾਫ ਜ਼ੋਰਦਾਰ ਨਾਅਰੇਬਾਜੀ ਸ਼ੁਰੂ ਕਰ ਦਿੱਤੀ। ਧਰਨਾਕਾਰੀਆਂ ਨੇ ਹਸਪਤਾਲ ਦੇ ਡਾਕਟਰ ਉਪਰ ਇਲਜਾਮ ਲਗਾਉਂਦਿਆਂ ਕਿਹਾ ਕਿ ਹਸਪਤਾਲ ਦੇ ਡਾਕਟਰ ਦੀ ਲਾਪਰਵਾਹੀ ਕਾਰਨ ਉਹਨਾਂ ਦੇ ਪਰਿਵਾਰ ਦੀ ਇੱਕ ਮਹਿਲਾ ਦੀ ਮੌਤ ਹੋਈ ਹੈ। ਮ੍ਰਿਤਕਾ ਸੀਮਾ ਪਤਨੀ ਕੁਲਦੀਪ ਰਾਮ ਵਾਸੀ ਖੋਥੜਾਂ ਦੇ ਪਿੱਤੇ ਦਾ ਓਪਰੇਸ਼ਨ ਮਿਤੀ 10.09.24 ਨੂੰ ਹੋਇਆ ਸੀ। ਜਿਸ ਤੋਂ ਬਾਅਦ ਮਹਿਲਾ ਦੀ ਸਿਹਤ ਖਰਾਬ ਰਹਿਣ ਲੱਗ ਪਈ ਤਾਂ ਮਹਿਲਾ ਨੂੰ ਅਪੋਲੋ ਹਸਪਤਾਲ ਲਿਜਾਇਆ ਗਿਆ। ਜਿੱਥੇ 11 ਨਵੰਬਰ ਦੀ ਰਾਤ ਨੂੰ ਉਸਦੀ ਮੌਤ ਹੋ ਗਈ। ਪਰਿਵਾਰਕ ਸੂਤਰਾਂ ਅਨੁਸਾਰ ਜੀ.ਬੀ. ਹਸਪਤਾਲ ਵਿਖੇ ਪਿੱਤੇ ਦੇ ਆਪ੍ਰੇਸ਼ਨ ਸਮੇਂ ਪੂਰੀ ਸਾਵਧਾਨੀ ਨਹੀਂ ਵਰਤੀ ਗਈ। ਜਿਸ ਕਰਕੇ ਮਹਿਲਾ ਦੇ ਅੰਦਰ ਪੱਸ ਬਨਣ ਲੱਗ ਪਈ ਅਤੇ ਉਸਦੀ ਮੌਤ ਜੀ.ਬੀ. ਹਸਪਤਾਲ ਦੇ ਸਰਜਨ ਦੀ ਲਾਪਰਵਾਹੀ ਕਾਰਨ ਹੋਈ ਹੈ। ਦੂਸਰੇ ਪਾਸੇ ਜੀ.ਬੀ. ਹਸਪਤਾਲ ਦੇ ਡਾਕਟਰ ਜੀ.ਬੀ. ਸਿੰਘ ਨੇ ਮੀਡੀਆ ਨਾਲ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਹੈ ਕਿ ਤਕਰੀਬਨ ਦੋ ਮਹੀਨੇ ਪਹਿਲਾਂ ਮਹਿਲਾ ਦਾ ਆਪਰੇਸ਼ਨ ਕੀਤਾ ਗਿਆ ਸੀ ਜੋ ਕਿ ਸਫਲ ਰਿਹਾ ਸੀ ਅਤੇ ਉਹ ਠੀਕ ਹੋ ਕੇ ਆਪਣੇ ਘਰ ਚਲੀ ਗਈ ਸੀ। ਹੁਣ ਕਰੀਬ ਦੋ ਮਹੀਨੇ ਬਾਅਦ ਉਕਤ ਮਹਿਲਾ ਦੀ ਮੌਤ ਅਪੋਲੋ ਹਸਪਤਾਲ ਵਿਖੇ ਹੋਈ। ਇਸ ਲਈ ਉਹਨਾਂ ਦੇ ਹਸਪਤਾਲ ਦੇ ਲਗਾਏ ਜਾ ਰਹੇ ਦੋਸ਼ ਬੇਬੁਨਿਆਦ ਹਨ। ਉਹਨਾਂ ਮਾਮਲੇ ਦੀ ਨਿਰਪੱਖ ਜਾਂਚ ਦੀ ਮੰਗ ਵੀ ਕੀਤੀ। ਧਰਨੇ ਦੀ ਸੂਚਨਾ ਮਿਲਣ ਤੇ ਡੀ.ਐੱਸ.ਪੀ. ਭਾਰਤ ਭੂਸ਼ਣ ਅਤੇ ਐੱਸ.ਐੱਚ.ਓ. ਅਮਨਦੀਪ ਨਾਹਰ ਪੁਲਿਸ ਫੋਰਸ ਸਮੇਤ ਮੌਕੇ ‘ਤੇ ਪਹੁੰਚੇ ਅਤੇ ਧਰਨਾਕਾਰੀਆਂ ਨਾਲ ਗੱਲਬਾਤ ਕੀਤੀ। ਕਾਫੀ ਦੇਰ ਤੱਕ ਗੱਲਬਾਤ ਦੌਰਾਨ ਪੁਲਿਸ ਨੇ ਪੀੜਤ ਪਰਿਵਾਰ ਤੋਂ ਲਿਖਿਤ ਦਰਖਾਸਤ ਲੈ ਕੇ ਨਿਆ ਦਾ ਭਰੋਸਾ ਦਿੱਤਾ ਅਤੇ ਧਰਨਾ ਚੁਕਵਾਇਆ ਗਿਆ। ਡੀ.ਐੱਸ.ਪੀ. ਭਾਰਤ ਭੂਸ਼ਣ ਨੇ ਦੱਸਿਆ ਕਿ ਇਸ ਸਬੰਧੀ ਆਈ. ਐੱਮ .ਏ. ਨੂੰ ਵੀ ਰਿਪੋਰਟ ਭੇਜ ਦਿੱਤੀ ਗਈ ਹੈ। ਧਰਨਾਕਾਰੀਆਂ ਦੇ ਸਮੱਰਥਨ ਵਿੱਚ ਪਹੁੰਚੇ ਯੁਵਾ ਵਿਕਾਸ ਮੋਰਚਾ ਦੇ ਸੂਬਾ ਪ੍ਰਧਾਨ ਅਨੁ ਸਹੋਤਾ, ਜਨਰਲ ਸਕੱਤਰ ਅਸ਼ਵਨੀ ਸਹੋਤਾ, ਬਸਪਾ ਆਗੂ ਪਰਵੀਨ ਬੰਗਾ ਨੇ ਕਿਹਾ ਕਿ ਜੇਕਰ ਪਰਿਵਾਰ ਨੂੰ ਇਨਸਾਫ ਨਾ ਮਿਲਿਆ ਤਾਂ ਸੰਘਰਸ਼ ਕੀਤਾ ਜਾਵੇਗਾ।








