ਦਸੂਹਾ 20 ਮਈ (ਚੌਧਰੀ)
: ਸਿਹਤ ਵਿਭਾਗ ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜਿਲ੍ਹੇ ਦੀਆਂ ਸਿਹਤ ਸੰਸਥਾਵਾਂ ਵਿੱਚ ਦਿੱਤੀਆਂ ਜਾ ਰਹੀਆਂ ਸਿਹਤ ਸਹੂਲਤਾਂ ਦਾ ਜਾਇਜ਼ਾ ਲੈਣ ਲਈ ਅੱਜ ਸਿਵਲ ਸਰਜਨ ਡਾ ਬਲਵਿੰਦਰ ਕੁਮਾਰ ਡਮਾਣਾ ਵੱਲੋਂ ਐਸਡੀਐਚ ਦਸੂਹਾ ਦਾ ਦੌਰਾ ਕੀਤਾ ਗਿਆ।
ਡਾ ਡਮਾਣਾ ਵਲੋਂ ਸਭ ਤੋਂ ਪਹਿਲਾਂ ਸਿਵਲ ਹਸਪਤਾਲ ਦਸੂਹਾ ਦੇ ਸਟਾਫ਼ ਦੀ ਹਾਜ਼ਰੀ ਚੈੱਕ ਕੀਤੀ ਗਈ।ਐਸਐਮਓ ਡਾ ਜਸਵਿੰਦਰ ਸਿੰਘ ਸਮੇਤ ਸਾਰਾ ਸਟਾਫ ਆਪਣੀ ਡਿਊਟੀ ਤੇ ਹਾਜ਼ਰ ਸੀ।ਉਪਰੰਤ ਡਾ ਡਮਾਣਾ ਵੱਲੋਂ ਡਾ ਜਸਵਿੰਦਰ ਸਿੰਘ ਦੇ ਸਹਿਯੋਗ ਨਾਲ ਓਪੀਡੀ ਏਰੀਏ ਵਿੱਚ ਗਰਮੀ ਦੇ ਇਸ ਮੌਸਮ ਵਿੱਚ ਪੀਣ ਵਾਲੇ ਪਾਣੀ ਅਤੇ ਪੱਖਿਆਂ ਦੀ ਸਹੂਲਤ ਦਾ ਜਾਇਜ਼ਾ ਲਿਆ ਗਿਆ ਅਤੇ ਲੋਕਾਂ ਨਾਲ ਗੱਲਬਾਤ ਕਰਕੇ ਮਿਲ ਰਹੀਆਂ ਸਿਹਤ ਸਹੂਲਤਾਂ ਬਾਰੇ ਪੁੱਛਿਆ ਗਿਆ। ਉਨ੍ਹਾਂ ਮੈਡੀਸਨ ਸਟੋਰ ਅਤੇ ਫਾਰਮੇਸੀ ਦਾ ਜਾਇਜ਼ਾ ਲੈਂਦੇ ਹੋਏ ਦਵਾਈਆਂ ਦੀ ਉਪਲਬੱਧਤਾ ਦੀ ਜਾਂਚ ਕੀਤੀ ਅਤੇ ਫਾਰਮੇਸੀ ਦੀਆਂ ਲਾਈਨਾਂ ਵਿੱਚ ਲੱਗੇ ਮਰੀਜ਼ਾਂ ਨਾਲ ਗੱਲਬਾਤ ਕਰਕੇ ਮਿਲ ਰਹੀਆਂ ਦਵਾਈਆਂ ਬਾਰੇ ਸਮੀਖਿਆ ਕੀਤੀ।