ਬਟਾਲਾ, 29 ਅਕਤੂਬਰ (ਅਵਿਨਾਸ਼ ਸ਼ਰਮਾ)
ਕਿਹਾ — ਲੋਕ ਸਾਵਧਾਨ ਰਹਿਣ, ਕਿਸੇ ਨਾਲ ਵੀ ਆਪਣੀ ਬੈਂਕ ਜਾਣਕਾਰੀ ਸਾਂਝੀ ਨਾ ਕਰਨ
: ਬਟਾਲਾ ਪੁਲਿਸ ਨੇ ਆਨਲਾਈਨ ਠੱਗੀ ਦੇ ਮਾਮਲਿਆਂ ਵਿੱਚ ਵੱਡੀ ਕਾਮਯਾਬੀ ਹਾਸਲ ਕੀਤੀ ਹੈ। ਡੀ.ਐਸ.ਪੀ. (ਕ੍ਰਾਈਮ ਅਗੇਂਸਟ ਵੁਮੈਨ ਐਂਡ ਚਿਲਡਰਨ) ਰਾਜੇਸ਼ ਕੱਕੜ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਪਿਛਲੇ ਕੁਝ ਸਮੇਂ ਵਿੱਚ ਟ੍ਰੇਡਿੰਗ ਤੇ ਇਨਵੈਸਟਮੈਂਟ ਦੇ ਨਾਮ ’ਤੇ ਠੱਗੇ ਗਏ ਪੀੜਤਾਂ ਨੂੰ ਪੁਲਿਸ ਵੱਲੋਂ 14 ਲੱਖ 34 ਹਜ਼ਾਰ ਰੁਪਏ ਵਾਪਸ ਕਰਵਾਏ ਗਏ ਹਨ।
ਉਨ੍ਹਾਂ ਕਿਹਾ ਕਿ ਜਿਨ੍ਹਾਂ ਵਿਅਕਤੀਆਂ ਦੇ ਪੈਸੇ ਹੋਰ ਰਾਜਾਂ ਦੇ ਬੈਂਕ ਖਾਤਿਆਂ ਵਿੱਚ ਫ੍ਰੀਜ਼ ਸਨ, ਉਹਨਾਂ ਨੂੰ ਮਾਣਯੋਗ ਅਦਾਲਤ ਦੇ ਆਦੇਸ਼ਾਂ ਅਨੁਸਾਰ ਹੁਣ ਤੱਕ 19 ਲੱਖ 20 ਹਜ਼ਾਰ 501 ਰੁਪਏ ਵੀ ਵਾਪਸ ਕਰਵਾਏ ਗਏ ਹਨ।
ਡੀ.ਐਸ.ਪੀ. ਕੱਕੜ ਨੇ ਦੱਸਿਆ ਕਿ ਇਹ ਸਾਰੀ ਕਾਰਵਾਈ ਐਸ.ਐਸ.ਪੀ. ਬਟਾਲਾ ਸੁਹੇਲ ਕਾਸਿਮ ਮੀਰ ਦੇ ਦਿਸ਼ਾ-ਨਿਰਦੇਸ਼ਾਂ ਅਧੀਨ ਚੱਲ ਰਹੀ ਵਿਸ਼ੇਸ਼ ਮੁਹਿੰਮ ਦਾ ਹਿੱਸਾ ਹੈ। ਇਸ ਮੁਹਿੰਮ ਤਹਿਤ ਥਾਣਾ ਸਾਈਬਰ ਕ੍ਰਾਈਮ ਬਟਾਲਾ ਦੀ ਟੀਮ ਵੱਲੋਂ ਲਗਾਤਾਰ ਮਿਹਨਤ ਨਾਲ ਕਈ ਪੀੜਤਾਂ ਨੂੰ ਰਾਹਤ ਮਿਲੀ ਹੈ।
ਉਨ੍ਹਾਂ ਲੋਕਾਂ ਨੂੰ ਸਾਵਧਾਨ ਕਰਦਿਆਂ ਕਿਹਾ ਕਿ —
• ਕਿਸੇ ਵੀ ਅਣਜਾਣ ਵਿਅਕਤੀ ਨਾਲ ਆਪਣਾ ਓ.ਟੀ.ਪੀ. ਜਾਂ ਬੈਂਕ ਦੀ ਜਾਣਕਾਰੀ ਸਾਂਝੀ ਨਾ ਕਰੋ।
• ਮੋਬਾਈਲ ’ਤੇ ਆਏ ਕਿਸੇ ਵੀ ਸੰਦਿਗਧ ਲਿੰਕ ਨੂੰ ਨਾ ਖੋਲ੍ਹੋ।
• ਜੇ ਕੋਈ ਵਿਅਕਤੀ ਪੁਲਿਸ, ਸੀ.ਬੀ.ਆਈ. ਜਾਂ ਬੈਂਕ ਅਧਿਕਾਰੀ ਬਣ ਕੇ ਪੈਸੇ ਮੰਗੇ ਤਾਂ ਤੁਰੰਤ ਸਾਈਬਰ ਕ੍ਰਾਈਮ ਥਾਣੇ ਜਾਂ ਹੈਲਪਲਾਈਨ ਨੰਬਰ 1930 ’ਤੇ ਸ਼ਿਕਾਇਤ ਦਰਜ ਕਰਵਾਓ।
• ਕਿਸੇ ਵੀ ਕਿਸਮ ਦੀ ਆਨਲਾਈਨ ਲੋਨ ਜਾਂ ਕਮਾਈ ਸਕੀਮ ਤੋਂ ਦੂਰ ਰਹੋ ਅਤੇ ਵਰਕ ਫ੍ਰੌਮ ਹੋਮ ਵਰਗੇ ਲਾਲਚਾਂ ਵਿੱਚ ਨਾ ਆਓ।
ਇਸ ਮੌਕੇ ਥਾਣਾ ਸਾਈਬਰ ਕ੍ਰਾਈਮ ਬਟਾਲਾ ਦੇ ਐਸ.ਐੱਚ.ਓ. ਇੰਸਪੈਕਟਰ ਰਾਜਨਦੀਪ ਸਿੰਘ, ਐਸ.ਆਈ. ਇਕਬਾਲ ਸਿੰਘ, ਏ.ਐਸ.ਆਈ. ਕੁਲਵੰਤ ਸਿੰਘ ਅਤੇ ਏ.ਐਸ.ਆਈ. ਹਰਪਾਲ ਸਿੰਘ ਸਮੇਤ ਹੋਰ ਅਧਿਕਾਰੀ ਹਾਜ਼ਰ ਸਨ।








