ਹਰਿਆਣਾ / ਹੁਸ਼ਿਆਰਪੁਰ 1 ਮਈ (ਪ੍ਰਾਈਮ ਪੰਜਾਬ ਟਾਈਮਜ਼)
ਪਾਣੀ ਦੇ ਮੁੱਦੇ ‘ਤੇ ਬੀਬੀਐਮਬੀ ਦੀ ਮਨਮਾਨੀ ਅਤੇ ਪੰਜਾਬ ਦੇ ਹੱਕਾਂ ਦੀ ਉਲੰਘਣਾ ਦੇ ਖਿਲਾਫ ਆਮ ਆਦਮੀ ਪਾਰਟੀ ਦਾ ਜ਼ੋਰਦਾਰ ਰੋਸ ਪ੍ਰਦਰਸ਼ਨ
: ਪੰਜਾਬ ਦੇ ਪਾਣੀ ‘ਤੇ ਹਰਿਆਣਾ ਅਤੇ ਕੇਂਦਰ ਸਰਕਾਰ ਦੀ ਦਖਲਅੰਦਾਜ਼ੀ ਅਤੇ ਬੀਬੀਐਮਬੀ ਵੱਲੋਂ ਰਾਜ ਦੇ ਹਿੱਤਾਂ ਦੀ ਅਣਦੇਖੀ ਦੇ ਖਿਲਾਫ ਅੱਜ ਕਸਬਾ ਹਰਿਆਣਾ ਦੇ ਬੱਸ ਅੱਡੇ ਨੇੜੇ ਪੰਜਾਬ ਸਰਕਾਰ ਦੇ ਸਥਾਨਕ ਸਰਕਾਰਾਂ ਦੇ ਮੰਤਰੀ ਡਾ. ਰਵਜੋਤ ਸਿੰਘ ਦੀ ਅਗਵਾਈ ਹੇਠ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਕੇਂਦਰ ਸਰਕਾਰ ਦਾ ਪੁਤਲਾ ਸਾੜ ਕੇ ਆਪਣੇ ਗੁੱਸੇ ਦਾ ਇਜ਼ਹਾਰ ਕੀਤਾ ਗਿਆ।
ਡਾ. ਰਵਜੋਤ ਸਿੰਘ ਨੇ ਕਿਹਾ ਕਿ ਪੰਜਾਬ ਕੋਲ ਕਿਸੇ ਹੋਰ ਰਾਜ ਨੂੰ ਦੇਣ ਲਈ ਇਕ ਵੀ ਬੂੰਦ ਵਾਧੂ ਪਾਣੀ ਨਹੀਂ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਪਾਣੀ ਦਾ ਹੱਕ ਸਿਰਫ ਪੰਜਾਬ ਨੂੰ ਹੈ ਅਤੇ ਜ਼ਬਰਦਸਤੀ ਇਸਨੂੰ ਹੋਰ ਰਾਜਾਂ ਵੱਲ ਮੋੜਨ ਦੀ ਕੋਸ਼ਿਸ਼ ਕਾਨੂੰਨੀ ਅਤੇ ਨੈਤਿਕ ਦੋਹਾਂ ਪੱਧਰਾਂ ‘ਤੇ ਗਲਤ ਹੈ।
ਉਨ੍ਹਾਂ ਕੇਂਦਰ ਸਰਕਾਰ ਉੱਤੇ ਆਰੋਪ ਲਾਏ ਕਿ ਇਹ ਬੀਬੀਐਮਬੀ ਵਰਗੀਆਂ ਸੰਸਥਾਵਾਂ ਰਾਹੀਂ ਪੰਜਾਬ ਦੀ ਆਵਾਜ਼ ਨੂੰ ਦਬਾਉਣ ਅਤੇ ਰਾਜ ਨੂੰ ਉਸਦੇ ਸੰਵਿਧਾਨਕ ਅਧਿਕਾਰਾਂ ਤੋਂ ਵੰਚਿਤ ਕਰਨ ਦੀ ਸਾਜਿਸ਼ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਭਾਜਪਾ ਹਰਿਆਣਾ ਅਤੇ ਕੇਂਦਰ ਸਰਕਾਰਾਂ ਰਾਹੀਂ ਪੰਜਾਬ ਨਾਲ ਇਨਸਾਫ ਨਹੀਂ, ਸਗੋਂ ਜ਼ਿਆਦਤੀ ਕਰ ਰਹੀ ਹੈ।
ਡਾ. ਰਵਜੋਤ ਸਿੰਘ ਨੇ ਸਵਾਲ ਉਠਾਇਆ ਕਿ ਜਦ ਭਾਖੜਾ ਅਤੇ ਪੌਂਗ ਡੈਮ ਵਿੱਚ ਪਾਣੀ ਦਾ ਪੱਧਰ ਪਹਿਲਾਂ ਹੀ ਚਿੰਤਾਜਨਕ ਤਰੀਕੇ ਨਾਲ ਘੱਟ ਹੈ, ਤਾਂ ਫਿਰ ਹਰਿਆਣਾ ਦੀ 8500 ਕਿਊਸੈਕ ਵਾਧੂ ਪਾਣੀ ਦੀ ਮੰਗ ਕਿਵੇਂ ਪੂਰੀ ਕੀਤੀ ਜਾ ਸਕਦੀ ਹੈ? ਉਨ੍ਹਾਂ ਨੇ ਕਿਹਾ ਕਿ ਪੰਜਾਬ ਪਹਿਲਾਂ ਹੀ ਸਾਫ ਪੀਣ ਵਾਲੇ ਪਾਣੀ ਦੀ ਘਾਟ ਨਾਲ ਜੂਝ ਰਿਹਾ ਹੈ ਅਤੇ ਨਦੀਆਂ ਵਿੱਚ ਪਾਣੀ ਦੇ ਵਹਾਅ ‘ਚ ਕਮੀ ਕਾਰਨ ਸਿੰਚਾਈ ਅਤੇ ਪੀਣ ਵਾਲੇ ਪਾਣੀ ਦੀ ਸਮੱਸਿਆ ਗੰਭੀਰ ਹੋ ਰਹੀ ਹੈ।
ਉਨ੍ਹਾਂ ਚੇਤਾਵਨੀ ਦਿੱਤੀ ਕਿ ਭਾਜਪਾ ਦੀ ਕੇਂਦਰੀ ਸਰਕਾਰ ਵੱਲੋਂ ਹਰਿਆਣਾ ਨੂੰ ਗੈਰ-ਕਾਨੂੰਨੀ ਤਰੀਕੇ ਨਾਲ ਪਾਣੀ ਦਿੱਤਵਾਉਣ ਲਈ ਪੰਜਾਬ ਉੱਤੇ ਜਿਹੜਾ ਦਬਾਅ ਬਣਾਇਆ ਜਾ ਰਿਹਾ ਹੈ, ਉਹ ਰਾਜਾਂ ਦੇ ਹੱਕਾਂ ਉੱਤੇ ਸਿੱਧਾ ਹਮਲਾ ਹੈ ਅਤੇ ਇਹ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ।