ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੀ ਸਾਫ-ਸਫ਼ਾਈ ਨੂੰ ਬਣਾਇਆ ਜਾਵੇ ਯਕੀਨੀ : ਡਿਪਟੀ ਕਮਿਸ਼ਨਰ
ਕਿਹਾ ਵਹੀਕਲਾਂ ਦੀ ਸਹੀ ਪਾਰਕਿੰਗ ਨਾ ਕਰਨ ਵਾਲਿਆਂ ਦੇ ਕੱਟੇ ਜਾਣਗੇ ਚਲਾ
ਹੁਸ਼ਿਆਰਪੁਰ, 18 ਨਵੰਬਰ(ਬਿਊਰੋ) : ਜਿਲ੍ਹਾ ਪ੍ਰਬੰਧਕੀ ਕੰਪਲੈਕਸ ਦੀ ਸਾਫ-ਸਫਾਈ ਅਤੇ ਮੁਲਾਜ਼ਮਾਂ ਦੇ ਵਹੀਕਲਾਂ ਦੀ ਪਾਰਕਿੰਗ ਦੇ ਪ੍ਰਬੰਧਾਂ ਨੂੰ ਸੁਚਾਰੂ ਬਨਾਉਣ ਲਈ ਡਿਪਟੀ ਕਮਿਸ਼ਨਰ ਸ੍ਰੀਮਤੀ ਅਪਨੀਤ ਰਿਆਤ ਨੇ ਜ਼ਿਲ੍ਹਾ ਅਧਿਕਾਰੀਆਂ ਦੀ ਮੀਟਿੰਗ ਦੀ ਪ੍ਰਧਾਨਗੀ ਕੀਤੀ। ਮੀਟਿੰਗ ਦੌਰਾਨ ਉਨ੍ਹਾਂ ਸਾਰੇ ਵਿਭਾਗਾਂ ਦੇ ਮੁਖੀਆਂ ਨੂੰ ਨਿੱਜੀ ਤੌਰ ’ਤੇ ਆਪਣੇ ਦਫ਼ਤਰਾਂ ਦੇ ਆਲੇ-ਦੁਆਲੇ ਦੀ ਸਫ਼ਾਈ ਯਕੀਨੀ ਬਨਾਉਣ ਦੇ ਨਿਰਦੇਸ਼ ਦਿੱਤੇ।
ਡਿਪਟੀ ਕਮਿਸ਼ਨਰ ਨੇ ਸਮੂਹ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਕੰਪਲੈਕਸ ਵਿਚ ਸਾਫ਼-ਸਫ਼ਾਈ ਸਬੰਧੀ ਕੋਈ ਲਾਪ੍ਰਵਾਹੀ ਨਾ ਅਪਨਾਈ ਜਾਵੇ। ਉਨ੍ਹਾਂ ਕਿਹਾ ਕਿ ਵਿਭਾਗਾਂ ਦੇ ਅਧਿਕਾਰੀ ਅਤੇ ਕਰਮਚਾਰੀ ਵਹੀਕਲਾਂ ਦੀ ਪਾਰਕਿੰਗ ਬੇਸਮੈਂਟ ਵਿਚ ਕਰਨਾ ਯਕੀਨੀ ਬਨਾਉਣ ਅਤੇ ਆਮ ਪਬਲਿਕ ਦੀ ਪਾਰਕਿੰਗ ਵਿਚ ਕੋਈ ਵੀ ਅਧਿਕਾਰੀ ਤੇ ਕਰਮਚਾਰੀ ਆਪਣਾ ਵਹੀਕਲ ਨਾ ਖੜ੍ਹਾ ਕਰਨ। ਉਨ੍ਹਾਂ ਦੱਸਿਆ ਕਿ ਕੰਪਲੈਕਸ ਦੇ ਬਾਹਰ ਵਹੀਕਲਾਂ ਦੀ ਨਜਾਇਜ਼ ਪਾਰਕਿੰਗ ਨੂੰ ਰੋਕਣ ਅਤੇ ਕੰਪਲੈਕਸ ਵਿਚ ਸਹੀ ਢੰਗ ਨਾਲ ਵਹੀਕਲਾਂ ਦੀ ਪਾਰਕਿੰਗ ਯਕੀਨੀ ਬਣਾਈ ਜਾਵੇਗੀ ਅਤੇ ਅਜਿਹਾ ਨਾ ਕਰਨ ਵਾਲਿਆਂ ਦੇ ਚਲਾਨ ਵੀ ਕੀਤੇ ਜਾਣਗੇ। ਉਨ੍ਹਾਂ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕੰਪਲੈਕਸ ਦੀ ਦਿਖ ਨੂੰ ਸੁੰਦਰ ਬਣਾਏ ਰੱਖਣ ਲਈ ਦਫ਼ਤਰ ਵਿਚ ਕੂੜਾ-ਕਰਕਟ ਸੁੱਟਣ ਲਈ ਡਸਟਬਿਨ ਰੱਖੇ ਜਾਣ। ਉਨ੍ਹਾਂ ਕਿਹਾ ਕਿ ਸਫ਼ਾਈ ਨਾ ਹੋਣ ਦੀ ਸੂਰਤ ਵਿਚ ਸਬੰਧਤ ਅਧਿਕਾਰੀ ਖਿਲਾਫ਼ ਕਾਰਵਾਈ ਕਰਨ ਤੋਂ ਇਲਾਵਾ ਚਲਾਨ ਵੀ ਕੀਤਾ ਜਾਵੇਗਾ।
ਅਪਨੀਤ ਰਿਆਤ ਨੇ ਦਫ਼ਤਰ ਵਿਚ ਬਿਜਲੀ ਅਤੇ ਪਾਣੀ ਦੀ ਬੱਚਤ ਕਰਨ ਦੇ ਵੀ ਨਿਰਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਕੰਮ ਨਾ ਹੋਣ ਦੀ ਸੂਰਤ ਵਿਚ ਦਫ਼ਤਰ ਦੀਆਂ ਲਾਈਟਾਂ ਆਦਿ ਬੰਦ ਰੱਖੀਆਂ ਜਾਣ ਅਤੇ ਛੁੱਟੀ ਹੋਣ ਉਪਰੰਤ ਦਫ਼ਤਰ ਦੇ ਸਬੰਧਤ ਸਟਾਫ਼ ਨੂੰ ਲਾਈਟਾਂ ਆਦਿ ਮੁਕੰਮਲ ਬੰਦ ਕਰਨ ਦੇ ਨਿਰਦੇਸ਼ ਦਿੱਤੇ ਜਾਣ। ਉਨ੍ਹਾਂ ਬਿਜਲੀ ਦੇ ਬਿੱਲਾਂ ਦੀ ਅਦਾਇਗੀ ਨੂੰ ਸਮੇਂ ਸਿਰ ਕਰਨ ਲਈ ਵਿਭਾਗਾਂ ਨੂੰ ਨਿਰਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਸਟਾਫ਼ ਅਤੇ ਪਬਲਿਕ ਬਾਥਰੂਮਾਂ ਦੀ ਸਫ਼ਾਈ ਦਾ ਵੀ ਵਿਸ਼ੇਸ਼ ਧਿਆਨ ਰੱਖਿਆ ਜਾਵੇ। ਅਪਨੀਤ ਰਿਆਤ ਨੇ ਕਿਹਾ ਕਿ ਪਾਣੀ ਦੀ ਬੱਚਤ ਅਤੇ ਬੇਵਜ੍ਹਾ ਟੂਟੀਆਂ ਨੂੰ ਖੁੱਲ੍ਹਾ ਨਾ ਛੱਡਿਆ ਜਾਵੇ। ਇਸ ਮੌਕੇ ਸਹਾਇਕ ਕਮਿਸ਼ਨਰ ਅਸ਼ੋਕ ਕੁਮਾਰ, ਡੀ.ਐਸ.ਪੀ. (ਹੈਡਕੁਆਟਰ) ਜੰਗ ਬਹਾਦਰ ਸ਼ਰਮਾ, ਜ਼ਿਲ੍ਹਾ ਸਮਾਜਿਕ ਸੁੁਰੱਖਿਆ ਅਫ਼ਸਰ ਮੁਕੇਸ਼ ਗੌਤਮ ਅਤੇ ਹੋਰ ਅਧਿਕਾਰੀ ਵੀ ਮੌਜੂਦ ਸਨ।