ਫਗਵਾੜਾ ( ਲਾਲੀ ਦਾਦਰ )
* ਕਿਹਾ – ਅਰਬ ਦੇਸ਼ਾਂ ‘ਚ ਨੌਕਰੀ ਦੇ ਲਾਲਚ ਤੋਂ ਸਾਵਧਾਨ ਰਹਿਣ ਗਰੀਬ ਔਰਤਾਂ
14 ਫਰਵਰੀ : ਬੇਰੁਜਗਾਰੀ ਦੀ ਮਾਰ ਝੱਲ ਰਹੇ ਪੰਜਾਬ ਦੇ ਲੱਖਾਂ ਪੜ੍ਹੇ ਲਿਖੇ ਨੌਜਵਾਨ ਰੁਜਗਾਰ ਦੀ ਤਲਾਸ਼ ‘ਚ ਵਿਦੇਸ਼ਾਂ ਦਾ ਰੁਖ ਕਰਨ ਲਈ ਮਜਬੂਰ ਹਨ ਅਤੇ ਉਹਨਾਂ ਦੀ ਇਸ ਮਜਬੂਰੀ ਦਾ ਨਜਾਇਜ ਫਾਇਦਾ ਲਗਭਗ ਹਰੇਕ ਸ਼ਹਿਰ ‘ਚ ਟਰੈਵਲ ਏਜੰਟਾਂ ਦੇ ਭੇਸ ‘ਚ ਠੱਗੀ ਦੀਆਂ ਦੁਕਾਨਾ ਖੋਲ੍ਹ ਕੇ ਬੈਠੇ ਸ਼ਾਤਿਰ ਲੋਕ ਚੁੱਕ ਰਹੇ ਹਨ। ਇਸ ਭੱਖਦੇ ਮਸਲੇ ਵੱਲ ਪੰਜਾਬ ਦੀ ਭਗਵੰਤ ਮਾਨ ਸਰਕਾਰ ਦਾ ਧਿਆਨ ਖਿੱਚਦੇ ਹੋਏ ਭਾਰਤੀ ਕਿਸਾਨ ਯੂਨੀਅਨ (ਦੋਆਬਾ) ਦੇ ਪ੍ਰੈਸ ਸਕੱਤਰ ਗੁਰਪਾਲ ਸਿੰਘ ਪਾਲਾ ਮੌਲੀ ਨੇ ਅੱਜ ਇੱਥੇ ਗੱਲਬਾਤ ਦੌਰਾਨ ਦੱਸਿਆ ਕਿ ਇਹ ਠੱਗ ਅਕਸਰ ਅੰਬੈਸੀ ਦੀ ਫਾਈਲ ਤਿਆਰ ਕਰਨ ਅਤੇ ਵਿਦੇਸ਼ ਭੇਜਣ ਦੇ ਨਾਮ ਤੇ ਹਜਾਰਾਂ ਲੱਖਾਂ ਰੁਪਏ ਵਸੂਲ ਲੈਂਦੇ ਹਨ ਅਤੇ ਫਾਈਲਾਂ ਗਲਤ ਭਰ ਕੇ ਵੀਜੇ ਰਿਜੈਕਟ ਕਰਵਾ ਦਿੰਦੇ ਹਨ। ਬਾਅਦ ਵਿਚ ਲੋਕ ਇਹਨਾਂ ਦੇ ਦਫਤਰਾਂ ਦੇ ਚੱਕਰ ਕੱਟਦੇ ਥੱਕ ਜਾਂਦੇ ਹਨ ਪਰ ਇਹ ਕੋਈ ਗੱਲ ਨਹੀਂ ਸੁਣਦੇ। ਉਹਨਾਂ ਪਿਛਲੇ ਦਿਨਾਂ ‘ਚ ਸਾਹਮਣੇ ਆਏ ਕਈ ਕੇਸਾਂ ਦਾ ਹਵਾਲਾ ਦਿੰਦਿਆਂ ਖਾਸ ਤੌਰ ਤੇ ਗਰੀਬ ਘਰਾਂ ਦੀਆਂ ਔਰਤਾਂ ਨੂੰ ਵੀ ਅਗਾਹ ਕੀਤਾ ਕਿ ਅਰਬ ਦੇਸ਼ਾਂ ਵਿਚ ਘਰੇਲੂ ਕੰਮਕਾਜ ਜਾਂ ਕੇਅਰ ਟੇਕਰ ਦੀ ਨੌਕਰੀ ਦਾ ਝਾਂਸਾ ਦੇਣ ਵਾਲੇ ਠੱਗਾਂ ਤੋਂ ਸਾਵਧਾਨ ਰਹਿਣ ਕਿਉਂਕਿ ਅਰਬ ਦੇਸ਼ਾਂ ਵਿਚ ਔਰਤਾਂ ਦੀ ਸੌਦੇਬਾਜੀ ਦੀਆਂ ਕਈ ਘਟਨਾਵਾਂ ਦਾ ਖੁਲਾਸਾ ਹੋ ਚੁੱਕਾ ਹੈ ਜਿੱਥੇ ਔਰਤਾਂ ਨੂੰ ਗੁਲਾਮਾ ਵਾਂਗੁ ਨਰਕ ਭਰੀ ਜਿੰਦਗੀ ਜੀਉਣ ਲਈ ਮਜਬੂਰ ਹੋਣਾ ਪੈਂਦਾ ਹੈ। ਕਿਸਾਨ ਆਗੂ ਪਾਲਾ ਮੌਲੀ ਨੇ ਕਿਹਾ ਕਿ ਭੋਲੇ-ਭਾਲੇ ਪੰਜਾਬੀਆਂ ਨੂੰ ਠੱਗਣ ਲਈ ਹਰ ਸ਼ਹਿਰ ਤੇ ਹਰ ਕਸਬੇ ‘ਚ ਟਰੈਵਲ ਏਜੰਟੀ ਦੇ ਵੱਡੇ-ਵੱਡੇ ਬੋਰਡ ਲੱਗੇ ਹੋਏ ਹਨ ਜੋ ਹਮੇਸ਼ਾ ਆਪਣੇ ਸ਼ਿਕਾਰ ਦੀ ਤਲਾਸ਼ ਵਿਚ ਰਹਿੰਦੇ ਹਨ। ਉਹਨਾਂ ਜਿੱਥੇ ਕਥਿਤ ਟਰੈਵਲ ਏਜੰਟਾਂ ਦੀ ਠੱਗੀ ਦਾ ਸ਼ਿਕਾਰ ਬਣੇ ਕਈ ਲੋਕਾਂ ਦੇ ਪੈਸੇ ਖੁਦ ਦਖਲ ਦੇ ਕੇ ਵਾਪਸ ਕਰਵਾਉਣ ਬਾਰੇ ਦੱਸਿਆ ਉੱਥੇ ਹੀ ਮੁੱਖ ਮੰਤਰੀ ਭਗਵੰਤ ਮਾਨ ਅਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਏਜੰਟਾਂ ਦੇ ਭੇਸ ‘ਚ ਸਰਗਰਮ ਠੱਗਾਂ ਦੇ ਖਿਲਾਫ ਸਖਤ ਐਕਸ਼ਨ ਲਿਆ ਜਾਵੇ ਅਤੇ ਜੋ ਲੋਕ ਠੱਗੀ ਦਾ ਸ਼ਿਕਾਰ ਹੋ ਚੁੱਕੇ ਹਨ ਉਹਨਾਂ ਲਈ ਇਕ ਹੈਲਪ ਲਾਈਨ ਨੰਬਰ ਜਾਰੀ ਕੀਤਾ ਜਾਵੇ ਤਾਂ ਜੋ ਪੀੜ੍ਹਤ ਲੋਕ ਥਾਣਿਆਂ ਵਿਚ ਖੱਜਲ ਖੁਆਰ ਹੋਣ ਦੀ ਬਜਾਏ ਘਰ ਬੈਠੇ ਆਪਣੀ ਸ਼ਿਕਾਇਤ ਦਰਜ ਕਰਵਾ ਕੇ ਇਨਸਾਫ ਹਾਸਲ ਕਰ ਸਕਣ।
ਤਸਵੀਰ – ਸ. ਗੁਰਪਾਲ ਸਿੰਘ ਪਾਲਾ ਮੌਲੀ।








