ਫਗਵਾੜਾ(ਲਾਲੀ ਦਾਦਰ )
4 ਜਨਵਰੀ – ਲੰਬੇ ਸਮੇਂ ਬਾਅਦ ਇੱਕ ਵਾਰ ਫਿਰ ਤੋਂ ਨਿਧੱੜਕ ਜਰਨੈਲ ਨੰਗਲ ਆਪਣੇ ਰੰਗ ਵਿੱਚ ਨਜ਼ਰ ਆਏ ।ਨਗਰ ਨਿਗਮ ਫਗਵਾੜਾ ਵਲੋਂ ਕੱਲ ਫਗਵਾੜਾ ਦੇ ਅਰਬਨ ਅਸਟੇਟ ਵਿਖੇ ਰੇਹੜੀ ਫੜੀ ਵਾਲਿਆਂ ਉੱਪਰ ਕੀਤੀ ਗਈ ਕਾਰਵਾਈ ਦੇ ਵਿਰੋਧ ਵਜੋਂ ਅੱਜ ਫਗਵਾੜੇ ਤੋਂ ਜਰਨੈਲ ਨੰਗਲ ਆਪਣੇ ਸਾਥੀਆਂ ਅਤੇ ਸੈਂਕੜੇ ਦੀ ਗਿਣਤੀ ਵਿੱਚ ਗਰੀਬ ਰੇਹੜੀ ਫੜੀ ਵਾਲਿਆਂ ਨੂੰ ਨਾਲ ਲੈ ਕੇ ਰੋਸ ਮਾਰਚ ਕਰਦੇ ਹੋਏ ਨਗਰ ਨਿਗਮ ਦਫਤਰ ਪੁੱਜੇ ਅਤੇ ਜੰਮ ਕੇ ਨਾਅਰੇਬਾਜ਼ੀ ਕੀਤੀ।ਨਗਰ ਨਿਗਮ ਦਫਤਰ ਵਿੱਚ ਕਿਸੇ ਸਰਕਾਰੀ ਅਧਿਕਾਰੀ ਦੇ ਨਾ ਮਿਲਣ ਤੋਂ ਬਾਅਦ ਉਹ ਰੇਹੜੀ ਵਾਲਿਆਂ ਨੂੰ ਨਾਲ ਲੈ ਕੇ ਐਸ. ਪੀ. ਦਫਤਰ ਪੁੱਜ ਗਏ ਅਤੇ ਸਰਕਾਰ ਅਤੇ ਪ੍ਰਸਾਸ਼ਨ ਦੇ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ।ਉਹਨਾਂ ਕਿਹਾ ਕਿ ਨਗਰ ਨਿਗਮ ਵਾਰ ਵਾਰ ਗਰੀਬ ਰੇਹੜੀ ਫੜੀ ਵਾਲੇ ਜੋ ਆਪਣਾ ਕੋਈ ਛੋਟਾ ਮੋਟਾ ਕੰਮ ਕਰਕੇ ਪਰਿਵਾਰ ਪਾਲ਼ ਰਹੇ ਹਨ, ਨਾਲ ਕੀਤੀ ਜਾ ਰਹੀ ਧੱਕੇਸ਼ਾਹੀ ਨੂੰ ਬਰਦਾਸ਼ਤ ਨਹੀਂ ਕਰਾਂਗੇ।ਜਰਨੈਲ ਨੰਗਲ ਨੇ ਕਿਹਾ ਕਿ ਫਗਵਾੜਾ ਪ੍ਰਸਾਸ਼ਨ ਅਤੇ ਨਗਰ ਨਿਗਮ ਸ਼ਹਿਰ ਵਿੱਚ ਨਜਾਇਜ਼ ਕਬਜ਼ਿਆਂ ਦੇ ਨਾਮ ´ਤੇ ਸਿਰਫ ਅਤੇ ਸਿਰਫ ਗਰੀਬਾਂ ਨੂੰ ਹੀ ਤੰਗ ਕਰ ਰਹੇ ਹਨ।ਜਿਸ ਦੀ ਉਦਾਹਰਨ ਉਹਨਾਂ ਨੇ ਕੱਲ੍ਹ ਅਰਬਨ ਅਸਟੇਟ ਨਹਿਰ ਦੇ ਨੇੜੇ ਹੋਈ ਨਗਰ ਨਿਗਮ ਦੀ ਕਾਰਵਾਈ ਨੂੰ ਦੱਸਿਆ।ਉਹਨਾਂ ਕਿਹਾ ਕਿ ਨਗਰ ਨਿਗਮ ਸ਼ਰੇਆਮ ਗਰੀਬਾਂ ਨਾਲ ਧੱਕੇਸ਼ਾਹੀ ਕਰ ਰਹੀ ਹੈ ਜੋ ਕਿ ਕਿਸੇ ਵੀ ਕੀਮਤ ´ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ।ਉਹਨਾਂ ਕਿਹਾ ਕਿ ਗਰੀਬ ਪਰਵਾਸੀ ਮਜਦੂਰ ਜੋ ਮਿਹਨਤ ਕਰਕੇ ਆਪਣਾ ਪਰਿਵਾਰ ਪਾਲ ਰਹੇ ਹਨ, ਨਗਰ ਨਿਗਮ ਫਗਵਾੜਾ ਪੰਜਾਬ ਸਰਕਾਰ ਦੇ ਇਸ਼ਾਰੇ ´ਤੇ ਉਹਨਾਂ ਦੇ ਪੇਟ ´ਤੇ ਲੱਤ ਮਾਰ ਰਿਹਾ ਹੈ।ਉਹਨਾਂ ਕਿਹਾ ਕਿ ਸਰਕਾਰ ਦਾ ਪੀਲਾ ਪੰਜਾ ਹਮੇਸ਼ਾ ਗਰੀਬਾਂ ´ਤੇ ਹੀ ਚੱਲਦਾ ਆਇਆ ਹੈ ਜਿਸ ਦੀ ਇੱਕ ਉਦਾਹਰਣ ਜਲੰਧਰ ਦੇ ਲਤੀਫ਼ਪੁਰਾ ´ਚ ਹੋਈ ਕਾਰਵਾਈ ਵੀ ਹੈ।ਮੁਜਾਹਰਾਕਾਰੀਆਂ ਦੇ ਰੋਹ ਨੂੰ ਦੇਖਦਿਆਂ ਐੱਸ. ਪੀ. ਫਗਵਾੜਾ ਨੇ ਭਰੋਸਾ ਦਿੱਤਾ ਕਿ ਭਵਿੱਖ ਵਿੱਚ ਇਸ ਤਰ੍ਹਾਂ ਦੀ ਕੋਈ ਕਾਰਵਾਈ ਨਹੀਂ ਕੀਤੀ ਜਾਵੇਗੀ।ਨੰਗਲ ਨੇ ਫਗਵਾੜਾ ਪ੍ਰਸਾਸ਼ਨ ਨੂੰ ਚੇਤਵਾਨੀ ਦਿੱਤੀ ਕਿ ਜੇਕਰ ਫਿਰ ਵੀ ਗਰੀਬਾਂ ਨੂੰ ਤੰਗ ਪ੍ਰੇਸ਼ਾਨ ਕਰਨਾ ਬੰਦ ਨਾ ਕੀਤਾ ਗਿਆ ਤਾਂ ਆਉਣ ਵਾਲੇ ਦਿਨਾਂ ´ਚ ਵੱਡੇ ਸੰਘਰਸ਼ ਦੀ ਰੂਪ ਰੇਖਾ ਤਿਆਰ ਕੀਤੀ ਜਾਵੇਗੀ ਅਤੇ ਕਿਸੇ ਵੀ ਕੀਮਤ ´ਤੇ ਗਰੀਬਾਂ ਦੀ ਰੋਟੀ ਤੇ ਲੱਤ ਨਹੀਂ ਵੱਜਣ ਦੇਵਾਂਗੇ।ਇਸ ਮੌਕੇ ਅਸ਼ੋਕ ਕੁਮਾਰ(ਰੇਹੜੀ- ਫੜੀ ਯੂਨੀਅਨ),ਪਵਨ ਕੁਮਾਰ,ਸ਼ਸ਼ੀ ਬੰਗੜ ਚੱਕ ਹਕੀਮ,ਸੰਧੂ ਨੰਗਲ ਕਲੋਨੀ,ਜਤਿੰਦਰ ਰਿੰਪੀ,ਮਨੀ ਬੰਗਾ ਅਤੇ ਸਮੂਹ ਰੇਹੜੀ -ਫੜੀਵਾਲੇ ਵੀ ਹਾਜ਼ਰ ਸਨ।








